10.8 C
United Kingdom
Monday, May 20, 2024

More

    ਬਰਮਿੰਘਮ: ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਵੱਲੋਂ ‘ਧੰਨ ਲੇਖਾਰੀ ਨਾਨਕਾ’ ਨਾਟਕ ਦਾ ਸਫ਼ਲ ਮੰਚਨ 

    ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)-  ਪ੍ਰਸਿੱਧ ਰੰਗਕਰਮੀ ਡਾ ਸਾਹਿਬ ਸਿੰਘ ਦੁਆਰਾ ‘ਧੰਨ ਲੇਖਾਰੀ ਨਾਨਕਾ’ ਨਾਟਕ ਦੀ ਸਫ਼ਲ ਪੇਸ਼ਕਾਰੀ ਬਰਮਿੰਘਮ ਵਿਖੇ ਕੀਤੀ ਗਈ। ਜਿਸ ਦਾ ਆਯੋਜਨ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਇਸ ਪੇਸ਼ਕਾਰੀ ਵਿੱਚ ਡਾ. ਸਾਹਿਬ ਸਿੰਘ ਵੱਲੋਂ ਇਕੱਲਿਆਂ ਹੀ ਕਈ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਬੜੀ ਬੇਬਾਕੀ ਨਾਲ ਵੱਖ ਵੱਖ ਮਸਲਿਆਂ ਉੱਪਰ ਗੰਭੀਰਤਾ ਸਹਿਤ ਦਰਸ਼ਕਾਂ ਦਾ ਧਿਆਨ ਖਿੱਚਿਆ। ਉਹਨਾਂ ਪੇਸ਼ਕਾਰੀ ਵਿੱਚ ਆਪਣੀ ਧੀ ਨਾਲ ਗੱਲਬਾਤ ਕਰਦਿਆਂ ਅੱਜ ਦੀ ਮੌਜੂਦਾ ਰਾਜ ਪ੍ਰਣਾਲੀ, ਮੌਜੂਦਾ ਸਰਕਾਰੀ ਸ਼ਾਹੀ ਤੇ ਧਰਮਾਂ ਦੇ ਨਾਂ ਉੱਪਰ ਹੋ ਰਹੀ ਖਿੱਚੋਤਾਣ, ਮਾਰਧਾੜ ਤੇ ਬਲਾਤਕਾਰ ਜਿਹੇ ਵਿਸ਼ਿਆਂ ਨੂੰ ਪੇਸ਼ ਕੀਤਾ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ, ਭਾਈ ਰੰਗਰੇਟਾ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਅਤੇ ਗੁਰੂ ਨਾਨਕ ਨਾਲ ਸੰਵਾਦ ਰਚਾ ਕੇ ਇਸ ਪੇਸ਼ਕਾਰੀ ਨੂੰ ਸਿਖਰ ‘ਤੇ ਪੁਚਾ ਦਿੱਤਾ। ਜਦੋਂ ਸਾਹਿਬ ਸਿੰਘ ਜਲਿਆਂ ਵਾਲੇ ਬਾਗ ਦਾ ਚੋਲਾ ਪਹਿਨ ਕੇ ਪੇਸ਼ਕਾਰੀ ਦਿਖਾਉਂਦਾ ਹੈ ਤਾਂ ਦਰਸ਼ਕਾਂ ਦੇ ਹੰਝੂ ਆਪ ਮੁਹਾਰੇ ਵਹਿ ਤੁਰਦੇ ਹਨ। ਅਖੀਰ ਵਿੱਚ ਪੰਜਾਬ ਸਿਉਂ ਦੇ ਰੋਲ ਵਿੱਚ ਸਮੁੱਚੇ ਪੰਜਾਬ ਨੂੰ ਕਿਸਾਨ ਮੋਰਚੇ ਦੌਰਾਨ ਲੋਕਾਂ ਨਾਲ ਵਾਰਤਾਲਾਪ ਕਰਦਿਆਂ ਦਿਖਾ ਕੇ ਪੰਜਾਬੀਆਂ ਤੇ ਪੰਜਾਬ ਦੀ ਅਸਲ ਤਸਵੀਰ, ਸੁਭਾਅ, ਵਤੀਰਾ ਅਤੇ ਪੰਜਾਬ ਦੀ ਰਹਿਤਲ ਬਾਰੇ ਪੇਸ਼ਕਾਰੀ ਨੇ ਹਾਲ ਨੂੰ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਇਸ ਪੇਸ਼ਕਾਰੀ ਦਾ ਅਸਲ ਮੰਤਵ ਡਾ  ਸਾਹਿਬ ਸਿੰਘ ਵੱਲੋਂ ਇੱਕ ਲੇਖਕ ਦੀ ਭੂਮਿਕਾ ਤੇ ਪਰਿਭਾਸ਼ਾ ਨੂੰ ਪੇਸ਼ ਕਰਨਾ ਹੈ। ਇੱਕ ਸਹੀ ਤੇ ਸੱਚਾ ਲੇਖਕ ਕਿਵੇਂ ਸਮਾਜਿਕ ਸਰੋਕਾਰਾਂ ਦੀ ਗੱਲ ਕਰ ਸਕਦਾ ਹੈ, ਇਹ ਇਸ ਪੇਸ਼ਕਾਰੀ ਦਾ ਮੂਲ ਹੈ। ਅਜਿਹੀ ਲਾਜਵਾਬ ਪੇਸ਼ਕਾਰੀ ਦੇ ਉਪਰੰਤ ਸਮੂਹ ਦਰਸ਼ਕਾਂ ਨੇ ਖੜੇ ਹੋ ਕੇ ਤਾੜੀਆਂ ਵਜਾਉਂਦੇ ਹੋਏ ਡਾ. ਸਾਹਿਬ ਸਿੰਘ ਦਾ ਸਤਿਕਾਰ ਕੀਤਾ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਭਗਵੰਤ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਗਈ। ਇਸ ਸਮੇਂ ਹਾਜਰ ਹੋਰ ਅਹੁਦੇਦਾਰਾਂ ਵਿੱਚ ਸ਼ੀਰਾ ਜੋਹਲ, ਕੁਲਬੀਰ ਸਿੰਘ ਸੰਘੇੜਾ, ਅਮਰੀਕ ਸਿੰਘ ਮੱਲੀ, ਭਾਰਤ ਭੂਸ਼ਨ, ਜਗਰੂਪ ਸਿੰਘ, ਨਿਰਮਲ ਸਿੰਘ ਸੰਘਾ ਆਦਿ ਹਾਜਰ ਸਨ।

    PUNJ DARYA

    Leave a Reply

    Latest Posts

    error: Content is protected !!