
ਫ਼ਿੰਨਲੈਂਡ 30 ਜੁਲਾਈ (ਵਿੱਕੀ ਮੋਗਾ) ਹੇਲਸਿੰਕੀ ਵਿੱਚ ਚੱਲ ਰਹੀ ਯੂਰੋ ਹਾਕੀ ਜੂਨੀਅਰ ਚੈਂਪੀਅਨਸ਼ਿਪ ਦੇ ਆਖਰੀ ਦਿਨ ਫ਼ਾਈਨਲ ਮੈਚ ਵਿੱਚ ਸਵਿੱਟਜ਼ਰਲੈੰਡ ਨੇ ਸਖ਼ਤ ਮੁਕਾਬਲੇ ਦੌਰਾਨ ਯੂਕਰੇਨ ਨੂੰ 3-2 ਨਾਲ ਹਰਾਕੇ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਅੱਜ ਖੇਡੇ ਗਏ ਅਖੀਰਲੇ ਮੁਕਾਬਲੇ ਵਿੱਚ ਸ਼ੁਰੂ ਤੋਂ ਹੀ ਸਵਿੱਟਜ਼ਰਲੈੰਡ ਨੇ ਮੈਚ ਵਿੱਚ ਮਜ਼ਬੂਤ ਪਕੜ ਬਣਾਈ ਰੱਖੀ ਅਤੇ ਮੈਚ ਦੇ ਦੂਸਰੇ ਹੀ ਮਿੰਟ ਵਿੱਚ ਲੋਰੀਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ 1-0 ਦੀ ਬੜ੍ਹਤ ਬਣਾ ਲਈ। ਦੂਸਰੇ ਪਾਸੇ ਮੈਚ ਦੇ 28ਵੇਂ ਮਿੰਟ ਵਿੱਚ ਯੂਕਰੇਨ ਦੇ ਹਰੂਬੀ ਦਮੀਟਰੋ ਨੇ ਫ਼ੀਲਡ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ। ਮੈਚ ਦੇ ਤੀਸਰੇ ਕਵਾਰਟਰ ਵਿੱਚ ਸਵਿੱਟਜ਼ਰਲੈਂਡ ਵਲੋਂ 37ਵੇਂ ਮਿੰਟ ਵਿੱਚ ਫਲੂਕ ਜੇੰਸ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਿਆ ਅਤੇ 2 ਮਿੰਟ ਬਾਅਦ ਹੀ ਮੈਥਿਆਸ ਨੇ ਇੱਕ ਹਹੋਰ ਫੀਲਡ ਗੋਲ ਕਰਕੇ ਟੀਮ ਨੂੰ 3-1 ਦੀ ਬੜ੍ਹਤ ਦਿਵਾ ਦਿੱਤੀ। ਮੈਚ ਦਾ ਅਖ਼ਰੀਲਾ ਗੋਲ ਯੂਕਰੇਨ ਨੇ ਅਖ਼ੀਰਲੇ ਮਿੰਟ ਵਿੱਚ ਕਰਕੇ ਮੈਚ ਵਿੱਚ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ਪਰ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਇਸਦੇ ਨਾਲ ਹੀ ਸਵਿੱਟਜ਼ਰਲੈੰਡ ਨੇ ਇਸ ਮੁਕਾਬਲੇ ਨੂੰ 3-2 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਤੀਸਰੇ ਸਥਾਨ ਲਈ ਲਿਥੂਈਨੀਆ ਅਤੇ ਫ਼ਿੰਨਲੈਂਡ ਵਿਚਕਾਰ ਖੇਡੇ ਗਏ ਮੈਚ ਨੂੰ ਲਿਥੂਈਨੀਆ ਨੇ ਆਸਾਨੀ ਨਾਲ 12-2 ਦੇ ਫ਼ਰਕ ਨਾਲ ਜਿੱਤਕੇ ਤੀਸਰਾ ਸਥਾਨ ਹਾਸਿਲ ਕੀਤਾ।