ਮੋਗਾ (ਪੰਜ ਦਰਿਆ ਬਿਊਰੋ)
“ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ” “ਅਮੀਰੀ ਅਤੇ ਗਰੀਬੀ ਸਕੀਆਂ ਭੈਣਾਂ ਨੇ,ਕੀ ਪਤਾ ਕਦ ਕਿਹੜੀ ਪੇਕੇ ਆ ਜਾਵੇ” ਅਤੇ “ਪੈਸਾ ਭਾਵੇਂ ਹੁੰਦਾ ਏ ਗਰੀਬਾਂ ਕੋਲ਼ੇ ਘੱਟ , ਪਰ ਉਮਰਾਂ ਗਰੀਬਾਂ ਦੀਆਂ ਵੱਧ ਹੁੰਦੀਆਂ” ਜਿਹੇ ਸਾਰਥਕ ਗੀਤਾਂ ਨਾਲ਼ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਕਲਾਕਾਰ ਤਰਸੇਮ ਅਰਮਾਨ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ ਜਿਸ ਦਾ ਨਾਮ ਹੈ ਲਾਇਬਰੇਰੀ।ਇਸ ਗੀਤ ਨੂੰ ਗੀਤਕਾਰ ਪ੍ਰੀਤ ਭਾਗੀਕੇ ਦੁਆਰਾ ਕਲਮਬੱਧ ਕੀਤਾ ਗਿਆ ਹੈ ਅਤੇ ਇਸਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਨਿੰਮਾ ਵਿਰਕ ਨੇ ਤਿਆਰ ਕੀਤਾ ਹੈ।ਇਸ ਗੀਤ ਦੀ ਵੀਡਿਓ ਸਾਹਿਤਕ ਰੰਗ ਅਤੇ ਵਿਲੱਖਣ ਢੰਗ ਨਾਲ਼ ਸੁਖਚੈਨ ਦੁਆਰਾ ਤਿਆਰ ਕੀਤੀ ਗਈ ਹੈ।
30 ਜੁਲਾਈ,2022 ਨੂੰ ਰਿਲੀਜ਼ ਕੀਤੇ ਜਾਣ ਵਾਲ਼ੇ ਇਸ ਗੀਤ ਬਾਰੇ ਪ੍ਰੀਤ ਭਾਗੀਕੇ ਨੇ ਦੱਸਿਆ ਕਿ ਇਹ ਗੀਤ ਪੰਜਾਬੀ ਦੇ ਮਹਾਨ ਸ਼ਾਇਰ,ਬਿਰਹਾ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਜੀ ਨੂੰ ਸਮਰਪਿਤ ਹੈ।ਕਾਲਜ ਦੀਆਂ ਯਾਦਾਂ ਦੇ ਰੁਮਾਂਸਵਾਦੀ ਰੰਗ ਵਿੱਚ ਰੰਗੇ ਹੋਏ ਇਸ ਗੀਤ ਦਾ ਮੁੱਖ ਮਕਸਦ ਅਜੋਕੀ ਨੌਜਵਾਨ ਪੀੜ੍ਹੀ ਨੂੰ ਲਾਇਬਰੇਰੀ ਦੀ ਦਹਿਲੀਜ਼ ਤੱਕ ਲਿਜਾ ਕੇ ਪੰਜਾਬੀ ਸਾਹਿਤ ਨਾਲ਼ ਜੋੜਨਾ ਹੈ। ਆਸ ਹੈ ਕਿ ਮਿਊਜ਼ਕ ਮੂਨ ਟੀਮ ਦੁਆਰਾ ਤਿਆਰ ਕੀਤੇ ਗਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ।
