8.9 C
United Kingdom
Saturday, April 19, 2025

More

    ਸਕਾਟਲੈਂਡ: ਖਾਲਸਾ ਸਾਜਨਾ ਦਿਵਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਧਾਰਮਿਕ ਸਰਗਰਮੀਆਂ ਮੁੜ ਜ਼ੋਰ ਫੜ੍ਹ ਰਹੀਆਂ ਹਨ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਜਸ਼ਨਾਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਾਉਣ ਹਿਤ ਵੱਖ ਵੱਖ ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂ ਨਾਨਕ ਸਿੱਖ ਗੁਰਦੁਆਰਾ ਓਟੈਗੋ ਸਟ੍ਰੀਟ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰੂਘਰ ਕਮੇਟੀ ਦੇ ਬਾਨੀ ਮੋਢੀਆਂ ਵਿੱਚੋਂ ਇੱਕ ਸਵ: ਸ੍ਰ. ਨਿਹਾਲ ਸਿੰਘ ਭੰਮਰਾ ਜੀ ਤੇ ਸਵ: ਮਾਤਾ ਸੁਰਜੀਤ ਕੌਰ ਭੰਮਰਾ ਜੀ ਦੇ ਪਰਿਵਾਰ ਵੱਲੋਂ ਕਰਵਾਏ ਗਏ। ਇਹਨਾਂ ਸਮਾਗਮਾਂ ਦੌਰਾਨ ਤਿੰਨੇ ਦਿਨ ਹੀ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਂਦੀ ਰਹੀ। ਸਮਾਗਮ ਦੇ ਆਖ਼ਰੀ ਦਿਨ ਗੁਰੂ ਘਰ ਦੇ ਵਜੀਰ ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ ਜੀ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ। ਉਹਨਾਂ ਵੱਲੋਂ ਗਾਇਨ ਕੀਤੀ ਆਰਤੀ ਤੇ ਸੰਗਤਾਂ ਵੱਲੋਂ ਕੀਤੀ ਫੁੱਲਾਂ ਦੀ ਵਰਖਾ ਅਲੌਕਿਕ ਨਜ਼ਾਰਾ ਪੇਸ਼ ਕਰ ਗਈ। ਇਸ ਸਮੇਂ ਜਿੱਥੇ ਭਾਈ ਹਰਦੀਪ ਸਿੰਘ ਸੋਢੀ ਤੇ ਸਨਦੀਪ ਸਿੰਘ ਦੀਹਰੇ ਵੱਲੋਂ ਕੀਰਤਨ ਰਾਹੀ ਸਾਂਝ ਪਾਈ ਗਈ ਉੱਥੇ ਗਾਇਕ ਕਰਮਜੀਤ ਮੀਨੀਆਂ ਵੱਲੋਂ ‘ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ’ ਗੀਤ ਰਾਹੀ ਇਸ ਸਮਾਗਮ ਦਾ ਹਿੱਸਾ ਬਣਿਆ ਗਿਆ। ਇਸ ਸਮੇਂ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਚੋਲਾ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ। ਸਮਾਗਮ ਦੀ ਸਫਲਤਾ ਸੰਬੰਧੀ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰ੍ਹਮੀ, ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ, ਸਕੱਤਰ ਸਰਦਾਰਾ ਸਿੰਘ ਜੰਡੂ, ਸੋਹਣ ਸਿੰਘ ਸੋਂਦ, ਹਰਜੀਤ ਸਿੰਘ ਗਾਬੜੀਆ, ਹੈਰੀ ਮੋਗਾ ਆਦਿ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਕਾਟਲੈਂਡ ਦੇ ਵੱਖ ਵੱਖ ਕਸਬਿਆਂ ਵਿੱਚੋਂ ਪਹੁੰਚੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!