– ਲੋਕਾਂ ਗਵਾਏ 59 ਲੱਖ ਡਾਲਰ-

ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ 20 ਅਪ੍ਰੈਲ, 2022: ਜਿਵੇਂ-ਜਿਵੇਂ ਮਨੁੱਖ ਆਧੁਨਿਕ ਹੋ ਰਿਹਾ ਹੈ, ਉਵੇਂ-ਉਵੇਂ ਚਲਾਕੀਆਂ, ਸ਼ੈਤਾਨੀਆਂ, ਘਪਲੇਬਾਜੀ ਅਤੇ ਧੋਖਾਧੜੀ ਦੇ ਨਵੇਂ-ਨਵੇਂ ਢੰਗ ਵੀ ਸਿੱਖ ਰਿਹਾ ਹੈ। ਵਿਕਸਤ ਮੁਲਕਾਂ ਦੇ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੰਤਰਾਲੇ ਤੱਕ ਬਣੇ ਹਨ, ਪਰ ਰਿਮੋਟ ਏਰੀਏ ਵਾਲੇ ਕਿੱਥੇ ਪਕੜ ਵਿਚ ਆਉਂਦੇ ਹਨ। ਨਿਊਜ਼ੀਲੈਂਡ ਦੇ ਵਿਚ ਹਰ ਸਾਲ ‘ਸਕੈਮ ਅਤੇ ਫਰਾਡ’ ਦੀਆਂ ਘਟਨਾਵਾਂ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 2022 ਦੇ ਪਹਿਲੀ ਤਿਮਾਹੀ ਦੇ ਵਿਚ ਹੀ ਧੋਖਾਧੜੀ ਕਰਨ ਵਾਲੇ ਚੋਰਾਂ ਨੇ ਪੂਰੀ ਸਪੀਡ ਫੜ ਲਈ ਹੈ। ਤਿੰਨ ਮਹੀਨਿਆਂ ਦੇ ਵਿਚ 568 ਕੇਸ ਦਰਜ ਕੀਤੇ ਗਏ ਹਨ ਅਤੇ 59 ਲੱਖ ਡਾਲਰ ਲੋਕ ਹੁਣ ਤੱਕ ਗਵਾ ਚੁੱਕੇ ਹਨ। ਇਹ ਵਾਧਾ 269% ਤੱਕ ਹੋ ਗਿਆ ਹੈ। ਪਿਛਲੇ ਸਾਲ ਕੁੱਲ 8331 ਕੇਸ ਦਰਜ ਕੀਤੇ ਗਏ ਸਨ ਅਤੇ 2020 ਤੋਂ ਇਹ 6.7% ਤੱਕ ਦਾ ਵਾਧਾ ਸੀ। 2021 ਦੇ ਵਿਚ ਲੋਕਾਂ ਨੇ 16.8 ਮਿਲੀਅਨ ਡਾਲਰ ਗਵਾਏ ਸਨ।ਕਿਸੇ ਦੀ ਮਿਹਨਤ ਕੋਈ ਹੋਰ ਸ਼ਰੇਆਮ ਲਿਜਾ ਰਿਹਾ ਹੈ। ਸਾਈਬਰ ਸਕਿਉਰਿਟੀ ਖਤਰੇ ਵਿਚ ਹੈ ਅਤੇ ਸਾਈਬਰ ਧੋਖਾਧੜੀ ਵਾਲੇ ਲਗਪਗ ਹਰ ਦਰਵਾਜ਼ੇ ਤੱਕ ਪਹੁੰਚ ਕਰ ਰਹੇ ਹਨ।