
ਚੰਡੀਗੜ੍ਹ (ਪੰਜ ਦਰਿਆ ਬਿਊਰੋ) PTC Network ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਬਿੰਦਰ ਨਰਾਇਣ ਨੂੰ ਪੰਜਾਬ ਪੁਲਸ ਵੱਲੋਂ ਉਹਨਾਂ ਦੀ ਗੁੜਗਾਂਵ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੀਟੀਸੀ ਮਿਸ ਪੰਜਾਬੀ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਰਹੀ ਲੜਕੀ ਵੱਲੋਂ ਕਥਿਤ ਤੌਰ ‘ਤੇ ਦੋਸ਼ ਲਗਾਏ ਗਏ ਸਨ ਕਿ ਉਸਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਹਾਈ ਕੋਰਟ ਦੇ ਵਾਰੰਟ ਅਫਸਰ ਦੀ ਦਖਲਅੰਦਾਜ਼ੀ ਵੀ ਉਕਤ ਲੜਕੀ ਦੇ ਪਰਿਵਾਰ ਵੱਲੋਂ ਕਰਵਾਈ ਗਈ। ਕਥਿਤ ਪੀੜਤ ਲੜਕੀ ਵੱਲੋਂ ਬੇਹੱਦ ਸੰਗੀਨ ਦੋਸ਼ ਲਗਾਏ ਗਏ। ਜਿਉਂ ਹੀ ਉਹਨਾਂ ਦੋਸ਼ਾਂ ਦਾ ਧੂੰਆਂ ਉੱਠਿਆ ਤਾਂ ਪੀਟੀਸੀ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਪ੍ਰਸਾਰਣ ਦੇ ਹੱਕ ਵਾਪਸ ਲੈਣ ਦੀ ਮੰਗ ਉੱਭਰੀ। ਬੇਸ਼ੱਕ ਪੰਜਾਬ ਸਰਕਾਰ ਆਪਣੇ ਆਪ ਨੂੰ ਅਜੇ ਹਨੀਮੂਨ ਪੀਰੀਅਡ ‘ਚ ਦੱਸ ਰਹੀ ਹੈ ਪਰ ਇਸ ਮਾਮਲੇ ‘ਤੇ ਠੋਸ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਗੁਰਬਾਣੀ ਪ੍ਰਸਾਰਣ ਦੇ ਹੱਕ ਕਿਸੇ ‘ਇੱਕ ਚੈਨਲ’ ਨੂੰ ਨਾ ਦੇਣ ਅਤੇ SGPC ਵੱਲੋਂ ‘ਆਪਣਾ’ ਚੈਨਲ ਸ਼ੁਰੂ ਕਰਨ ਅਤੇ ਸਰਕਾਰ ਵੱਲੋਂ ਹਰ ਸਹਿਯੋਗ ਦੇਣ ਦਾ ਐਲਾਨ ਵੀ ਕਰ ਗਏ। ਮੁੱਖ ਮੰਤਰੀ ਵੱਲੋਂ ਇਹ ਐਲਾਨ ਕਰਨ ਲਈ ਦਿਖਾਈ ਕਾਹਲ ਕੋਈ ਹੋਰ ਹੀ ਇਸ਼ਾਰਾ ਕਰਦੀ ਜਾਪ ਰਹੀ ਹੈ। ਕਥਿਤ ਪੀੜਤ ਲੜਕੀ ਵੱਲੋਂ ਲਗਾਏ ਦੋਸ਼ਾਂ ਨੂੰ ਪੀਟੀਸੀ ਵੱਲੋਂ ਇੱਕ ਇੱਕ ਕਰਕੇ ਸਬੂਤਾਂ ਸਹਿਤ ਸਿਰੇ ਤੋਂ ਖਾਰਜ ਕੀਤਾ ਗਿਆ/ਜਾ ਰਿਹਾ ਹੈ ਪਰ ਸਰਕਾਰ ਵੱਲੋਂ ਇਸ ਮਸਲੇ ਵਿੱਚ ਫਿਰ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਲੜਕੀ ਵੱਲੋਂ ਇਸ ਮਾਮਲੇ ਵਿੱਚ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਦਾ ਨਾਮ ਵੀ ਲਿਆ ਗਿਆ ਹੈ। ਪੀਟੀਸੀ ਨੇ ਡੰਕੇ ਦੀ ਚੋਟ ‘ਤੇ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਕਿ ਜੋ ਵੀ ਕੋਈ ਇਹਨਾਂ ਦੋਹਾਂ ਸਖਸ਼ਾਂ ਦਾ ਪੀਟੀਸੀ ਨਾਲ ਸੰਬੰਧ ਦਿਖਾ ਦੇਵੇ, ਉਹਨੂੰ ਇੱਕ ਲੱਖ ਰੁਪਏ ਮਿਲਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਸਾਰਾ ਜ਼ੋਰ ਰਾਬਿੰਦਰ ਨਾਰਾਇਣ ਉੱਪਰ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕਥਿਤ ਪੀੜਤ ਲੜਕੀ ਵੱਲੋਂ ਬੰਦੀ ਬਣਾਏ ਜਾਣ ਸੰਬੰਧੀ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੀਟੀਸੀ ਵੱਲੋਂ ਕਈ ਦਿਨਾਂ ਦੀਆਂ ਸੀਸੀਟੀਵੀ ਫੁਟੇਜ ਟੀਵੀ ‘ਤੇ ਚਲਾ ਕੇ ਇਸ ਝੂਠ ਦਾ ਪਰਦਾਫਾਸ਼ ਕੀਤਾ ਹੈ। ਸੀਸੀਟੀਵੀ ਫੁਟੇਜ ਵਿੱਚ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਉਕਤ ਲੜਕੀ ਸਾਥਣਾਂ ਨਾਲ ਰਿਹਰਸਲ ਕਰਦੀ, ਫੋਨ ‘ਤੇ ਗੱਲਾਂ ਕਰਦੀ, ਹੱਥ ‘ਚ ਫੋਨ ਫੜਕੇ ਬਹੁਤ ਹੀ ਵਧੀਆ ਮਾਹੌਲ ਵਿੱਚ ਤੁਰਦੀ ਫਿਰਦੀ ਨਜ਼ਰ ਆ ਰਹੀ ਹੈ। ਸਟੂਡੀਓ ਦੇ ਬਾਹਰ ਇੱਕ ਵਕੀਲ ਦਿਸਦੇ ਨੌਜਵਾਨ ਤੇ ਇਕ ਹੋਰ ਨੌਜਵਾਨ ਨੂੰ ਮਿਲਦੀ ਦਿਖਾਈ ਦਿੰਦੀ ਹੈ। ਜਦੋਂ ਹਾਈਕੋਰਟ ਦੇ ਵਾਰੰਟ ਅਫਸਰ ਉਸਨੂੰ ‘ਆਜ਼ਾਦ’ ਕਰਵਾਉਣ ਲਈ ਆਉਂਦੇ ਹਨ ਤਾਂ ਉਹ ਬਹੁਤ ਹੀ ਆਰਾਮ ਨਾਲ ਤੇ ਹੱਥ ‘ਚ ਫੋਨ ਫੜ੍ਹੀ ਉਹਨਾਂ ਨੂੰ ਮਿਲਦੀ ਹੈ। ਪੀਟੀਸੀ ਵੱਲੋਂ ਪੰਜਾਬ ਪੁਲਸ, ਜਾਚ ਅਧਿਕਾਰੀਆਂ ਨੂੰ ਸਵਾਲ ਕੀਤਾ ਗਿਆ ਹੈ ਕਿ ਜੇਕਰ ਲੜਕੀ ਬੰਦੀ ਬਣਾਈ ਹੋਈ ਸੀ ਤਾਂ ਉਹ ਕਿਸ ਖੁਸ਼ੀ ਵਿੱਚ ਰਿਹਰਸਲਾਂ ‘ਚ ਨੱਚ ਕੁੱਦ ਰਹੀ ਸੀ? ਜੇ ਬੰਦੀ ਬਣਾਈ ਹੋਈ ਸੀ ਤਾਂ ਬਾਹਰ ਸੜਕ ‘ਤੇ ਜਾ ਕੇ ਅਣਜਾਣ ਲੋਕਾਂ ਨੂੰ ਮਿਲਣ ਲਈ ‘ਆਜ਼ਾਦ’ ਕਿਵੇਂ ਸੀ? ਜੇ ਬੰਦੀ ਬਣਾਈ ਹੋਈ ਸੀ ਤਾਂ ਫੋਨ ਕੋਲ ਹੋਣ ਦੇ ਬਾਵਜੂਦ 100 ਨੰਬਰ ‘ਤੇ ਕਾਲ ਕਰਕੇ ਪੁਲਸ ਨੂੰ ਬੁਲਾਉਣ, ਹੋਰ ਮੀਡੀਆ ਸਾਧਨਾਂ ਨੂੰ ਸੂਚਿਤ ਕਰਨ ਦੀ ਬਜਾਏ ਸਿੱਧੀ ਹਾਈਕੋਰਟ ਤੱਕ ਪਹੁੰਚ ਕਿਉਂ ਤੇ ਕਿਵੇਂ ਬਣਾ ਗਈ??ਪੀਟੀਸੀ ਵੱਲੋਂ ਪੁਲਿਸ ਤੇ ਜਾਂਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਇਮਾਨਦਾਰੀ ਨਾਲ ਵਰਤਣ ਅਤੇ ਸਿਆਸੀ ਦਬਾਅ ਅਧੀਨ ਨਿਸ਼ਾਨਾ ਬਣਾਉਣ ਦੇ ਦੋਸ਼ ਲਾਏ ਜਾ ਰਹੇ ਹਨ। ਪੀਟੀਸੀ ਵੱਲੋਂ ਇੱਕ ਤੋਂ ਬਾਅਦ ਇੱਕ ਵੀਡੀਓ ਰਾਹੀਂ ਸਬੂਤ ਦਰਸ਼ਕਾਂ ਦੀ ਕਚਿਹਰੀ ਵਿੱਚ ਰੱਖੇ ਜਾ ਰਹੇ ਹਨ। ਹੁਣ ਲੋਕਾਂ ਵਿੱਚ ਵੀ ਇਸ ਗੱਲ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦੀ ‘ਨਵੀਂ ਸਰਕਾਰ’ ਜਾਣਬੁੱਝ ਕੇ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਇਸ ਕੇਸ ਦੀ ਨਿਰਪੱਖ ਜਾਂਚ ਕਰਨ ਲਈ ਆਦੇਸ਼ ਜਾਰੀ ਕਰਨ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ।