ਕਿਸਾਨ ਅੰਦੋਲਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪੰਜਾਬੀ ਹਮੇਸ਼ਾ ਯਾਦ ਰੱਖਣਗੇ।
ਸਰਬੱਤ ਦਾ ਭਲਾ ਵੱਲੋਂ 160 ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਚੈਕ ਤਕਸੀਮ ਕੀਤੇ ਗਏ।

ਮੋਗਾ 10 ਜਨਵਰੀ (ਪੰਜ ਦਰਿਆ ਬਿਊਰੋ) : ਡਾ ਐਸ ਪੀ ਸਿੰਘ ਉਬਰਾਏ ਜੀ ਮੱਦਦ ਦੀ ਗੁਹਾਰ ਲਗਾਉਣ ਵਾਲੇ ਹਰ ਲੋੜਵੰਦ ਦੀ ਮੱਦਦ ਕਰ ਰਹੇ ਹਨ ਤੇ ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਹੱਥ ਨਹੀਂ ਮੋੜਦੇ। ਇਸ ਲਈ ਉਨ੍ਹਾਂ ਨੂੰ ਧਰਤੀ ਉਪਰ ਲੋੜਵੰਦਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਨ੍ਹਾਂ ਵੱਲੋਂ ਜਿੱਥੇ ਆਮ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ, ਉਥੇ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਨਾਲ ਲੈਸ ਕਰਕੇ ਲੜਨ ਦੇ ਸਮਰੱਥ ਬਣਾਇਆ ਗਿਆ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਲੋੜਵੰਦ ਪਰਿਵਾਰਾਂ ਨੂੰ ਵੀ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਜੋ ਕਿ ਇੱਕ ਇਤਿਹਾਸਕ ਯੋਗਦਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰਬੱਤ ਦਾ ਭਲਾ ਮੋਗਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਦਫਤਰ ਵਿੱਚ 160 ਦੇ ਕਰੀਬ ਲੋੜਵੰਦ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈਕ ਦੇਣ ਮੌਕੇ ਉਘੇ ਸਮਾਜ ਸੇਵੀ ਅਤੇ ਐਨ ਆਰ ਆਈ ਮੰਦਰ ਸਿੰਘ ਖੋਸਾ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਪੂਰੇ ਸੰਸਾਰ ਵਿੱਚ ਵਸਦੇ ਪੰਜਾਬੀ ਡਾ ਐਸ ਪੀ ਸਿੰਘ ਉਬਰਾਏ ਜੀ ਦੀਆਂ ਸੇਵਾਵਾਂ ਨੂੰ ਦੇਖ ਕੇ ਉਨ੍ਹਾਂ ਅੱਗੇ ਸੀਸ ਝੁਕਾਉੰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਉਹਨਾਂ ਵੱਲੋਂ ਜਿੱਥੇ ਹੁਣ ਤੱਕ ਸੈਂਕੜੇ ਨੌਜਵਾਨਾਂ ਨੂੰ ਵਿਦੇਸ਼ਾਂ ਦੀਆਂ ਜੇਲਾਂ ਵਿੱਚੋਂ ਪੱਲਿਓਂ ਬਲੱਡ ਮਨੀ ਦੇ ਕੇ ਛੁਡਵਾਇਆ ਗਿਆ ਹੈ ਉਥੇ ਵਿਦੇਸ਼ਾਂ ਦੀ ਧਰਤੀ ਤੇ ਮੌਤ ਦੇ ਮੂੰਹ ਜਾ ਪਏ ਅਣਗਿਣਤ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਪੱਲਿਓਂ ਖਰਚ ਕਰਕੇ ਭਾਰਤ ਲਿਆਂਦੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਆਪਣੇ ਹੱਥਾਂ ਨਾਲ ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਡਾ ਐਸ ਪੀ ਸਿੰਘ ਉਬਰਾਏ ਅਤੇ ਉਘੇ ਸਮਾਜ ਸੇਵੀ ਮੰਦਰ ਸਿੰਘ ਖੋਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ ਉਬਰਾਏ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਤੇ ਦੁਨੀਆ ਵਿੱਚ ਹੋਰ ਕਿਧਰੇ ਅਜਿਹੀ ਸੇਵਾ ਦੀ ਮਿਸਾਲ ਨਹੀਂ ਮਿਲਦੀ। ਉਹਨਾਂ ਟਰੱਸਟ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਵੱਲੋਂ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਇੱਕ ਚੈਰੀਟੇਬਲ ਲੈਬ ਵੀ ਚਲਾਈ ਜਾ ਰਹੀ ਹੈ ਜਿਸ ਵਿਚ ਬਜਾਰ ਨਾਲੋਂ 80% ਸਸਤੇ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ। ਉਹਨਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਲੈਬ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਘੇ ਸਮਾਜ ਸੇਵੀ ਮੰਦਰ ਸਿੰਘ ਖੋਸਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਫਤਰ ਵਿਚ ਆਉਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਹਰਜਿੰਦਰ ਕੌਰ ਖੋਸਾ, ਜਗਰੂਪ ਸਿੰਘ ਖੋਸਾ, ਟਰੱਸਟੀ ਮੈਂਬਰ ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਨਰਜੀਤ ਕੌਰ, ਜਸਵੰਤ ਸਿੰਘ ਪੁਰਾਣੇਵਾਲਾ, ਜਸਵੀਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਪਰਿਵਾਰ ਹਾਜਰ ਸਨ।