
ਕਿਹਾ: ਸਾਡੇ ਕਲਿਆਣ ਦਾ ਰਾਹ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਦੀ ਨਹੀਂ ਜਾਂਦਾ
ਮੌਕਾਪ੍ਰਸਤ ਤੇ ਭ੍ਰਿਸ਼ਟ ਹਾਕਮ ਜਮਾਤੀ ਪਾਰਟੀਆਂ ਬੁਰੀ ਤਰ੍ਹਾਂ ਹੋਰ ਵੀ ਲੋਕਾਂ ਦੇ ਨੱਕੋਂ ਬੁੱਹਲੋਂ ਲੱਥੀਆਂ- ਕਿਸਾਨ ਆਗੂ ਲੋਕਾਂ ਅੰਦਰ ਮਕਬੂਲ ਹੋਏ: ਭਾਕਿਯੂ ਏਕਤਾ ਉਗਰਾਹਾਂ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 10 ਜਨਵਰੀ 2022: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਵੱਲੋਂ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਆਪਣੀ ਪੁਜੀਸ਼ਨ ਸਾਫ਼ ਕਰਦਿਆਂ ਕਿਹਾ ਗਿਆ ਹੈ ਕਿ ਭਾਵੇਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਬੁਖਾਰ ਸਿਖਰਾਂ ‘ਤੇ ਹੈ। ਮੌਕਾਪ੍ਰਸਤ ਹਾਕਮ ਜਮਾਤੀ ਪਾਰਟੀਆਂ ਲੋਕਾਂ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ ਦੇ ਗੱਫੇ ਵਰਤਾ ਰਹੀਆਂ ਹਨ, ਇੱਕ ਦੂਜੀ ਦੇ ਪੋਤੜੇ ਫਰੋਲ ਰਹੀਆਂ ਹਨ ਤੇ ਆਪੋ ਆਪਣੇ ਸੋਹਲੇ ਗਾ ਰਹੀਆਂ ਹਨ, ਪਰ ਇਸ ਵਾਰ ਇੱਕ ਫਰਕ ਹੈ। ਇਸ ਵਾਰ ਦੀਆਂ ਚੋਣਾਂ ਇਤਿਹਾਸਕ ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਤੋਂ ਬਾਅਦ ਹੋ ਰਹੀਆਂ ਹਨ, ਜੀਹਦੇ ਕਰਕੇ ਨਾ ਸਿਰਫ਼ ਕਿਸਾਨਾਂ ਅੰਦਰ ਆਪਣੀ ਏਕਤਾ ਤੇ ਸੰਘਰਸ਼ ਦੀ ਤਾਕਤ ਦਾ ਅਹਿਸਾਸ ਹੈ-ਸਗੋਂ ਸਾਰੇ ਵਰਗਾਂ ਅੰਦਰ ਉੱਭਰਵਾਂ ਸੰਘਰਸ਼ੀ ਰੋਂਅ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਜਿੱਥੇ ਮੌਕਾਪ੍ਰਸਤ ਤੇ ਭ੍ਰਿਸ਼ਟ ਹਾਕਮ ਜਮਾਤੀ ਪਾਰਟੀਆਂ ਬੁਰੀ ਤਰ੍ਹਾਂ ਹੋਰ ਵੀ ਲੋਕਾਂ ਦੇ ਨੱਕੋਂ ਬੁੱਹਲੋਂ ਲੱਥੀਆਂ ਹਨ-ਉੱਥੇ ਕਿਸਾਨ ਆਗੂ ਲੋਕਾਂ ਅੰਦਰ ਮਕਬੂਲ ਹੋਏ ਹਨ। ਇਸ ਹਾਲਤ ਅੰਦਰ ਕਈ ਸਾਰੀਆਂ ਜਥੇਬੰਦੀਆਂ ਵੀ ਸਾਂਝਾ ਮੋਰਚਾ ਬਣਾ ਕੇ ਚੋਣ ਮੈਦਾਨ ’ਚ ਉੱਤਰੀਆਂ ਹਨ, ਭਾਵੇਂ ਕਿ ਵੱਖ-ਵੱਖ ਤੌਰ ’ਤੇ ਇਹ ਜਥੇਬੰਦੀਆਂ ਪਹਿਲਾਂ ਵੀ ਚੋਣਾਂ ’ਚ ਭਾਗ ਲੈਂਦੀਆਂ ਰਹੀਆਂ ਹਨ ਜਾਂ ਵੱਖ-ਵੱਖ ਧਿਰਾਂ ਦੀ ਹਮਾਇਤ ਕਰਦੀਆਂ ਰਹੀਆਂ ਹਨ।
ਇਹਨਾਂ ਹਾਲਤਾਂ ਅੰਦਰ ਆਪਣੀ ਜਥੇਬੰਦੀ ਦੀ ਪੁਜੀਸ਼ਨ ਬਿਆਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਡੀ ਪੁਜੀਸ਼ਨ ਪਹਿਲਾਂ ਨਾਲੋਂ ਵੱਖਰੀ ਨਹੀਂ ਹੈ, ਭਾਵ ਅਸੀਂ ਨਾ ਕੋਈ ਉਮੀਦਵਾਰ ਖੜ੍ਹਾ ਕਰਨਾ ਹੈ ਤੇ ਨਾ ਕਿਸੇ ਦੀ ਹਮਾਇਤ ਕਰਨੀ ਹੈ, ਕਿਉਂਕਿ ਸਾਡੇ ਕਲਿਆਣ ਦਾ ਰਾਹ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਦੀ ਨਹੀਂ ਜਾਂਦਾ।
ਉਹਨਾਂ ਕਿਹਾ ਕਿ ਸਾਡੇ ਮੁਲਕ ਅੰਦਰ ਇਹ ਸੰਸਥਾਵਾਂ ਨਾ ਲੋਕ ਰਾਜੀ ਢੰਗ ਨਾਲ ਚੁਣੀਆਂ ਜਾਂਦੀਆਂ ਹਨ, ਨਾ ਹੀ ਇਹ ਲੋਕ ਰਾਜੀ ਢੰਗ ਨਾਲ ਕਾਰਵਿਹਾਰ ਕਰਦੀਆਂ ਹਨ ਤੇ ਨਾ ਹੀ ਅਹਿਮ ਮਸਲਿਆਂ ’ਚ ਇਹਨਾਂ ਦੀ ਕੋਈ ਸੱਦ ਪੁੱਛ ਹੁੰਦੀ ਹੈ। ਵੱਡੇ-ਵੱਡੇ ਫੈਸਲੇ ਪਾਰਲੀਮੈਂਟਾਂ ਤੋਂ ਬਾਹਰ ਹੀ ਹਕੂਮਤ ਤੇ ਅਫ਼ਸਰਸ਼ਾਹੀ ਵੱਲੋਂ ਲੈ ਲਏ ਜਾਂਦੇ ਹਨ, ਜਿਵੇਂ ਡੰਕਲ ਤਜਵੀਜ਼ਾਂ ’ਤੇ ਦਸਖ਼ਤ ਕਰਨ ਵੇਲੇ ਵੀ ਪਾਰਲੀਮੈਂਟ ਦੀ ਮਨਜੂਰੀ ਜ਼ਰੂਰੀ ਨਹੀਂ ਸਮਝੀ ਗਈ। ਉਹਨਾਂ ਕਿਹਾ ਸਾਡੇ ਮੁਲਕ ਉੱਪਰ ਸਾਮਰਾਜੀ ਹਕੂਮਤਾਂ ਤੇ ਉਹਨਾਂ ਦੀਆਂ ਸੰਸਥਾਵਾਂ ਨਾਲ ਸਮਝੌਤਿਆਂ ਤਹਿਤ ਨਵੀਆਂ ਆਰਥਿਕ ਨੀਤੀਆਂ ਮੜ੍ਹੀਆਂ ਗਈਆਂ ਹਨ, ਜਿਹੜੀਆਂ ਦੇਸੀ/ਵਿਦੇਸ਼ੀ ਕਾਰਪੋਰੇਟਾਂ ਤੇ ਕੰਪਨੀਆਂ ਦੇ ਹਿਤਾਂ ਤੇ ਮੁਨਾਫ਼ਿਆਂ ਦੀ ਜਾਮਨੀ ਕਰਦੀਆਂ ਹਨ ਤੇ ਸਾਡੇ ਕਿਸਾਨਾਂ ਨੂੰ ਕਰਜ਼ੇ ਤੇ ਖੁਦਕੁਸ਼ੀਆਂ ਦਿੰਦੀਆਂ ਹਨ, ਸਾਡੇ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਦੀਆਂ ਹਨ। ਸਾਡੇ ਲਈ ਇਹ ਨੀਤੀਆਂ ਵਿਕਾਸ ਨਹੀਂ-ਵਿਨਾਸ ਦਾ ਕਾਰਣ ਹਨ। ਵਾਰੀ-ਵਾਰੀ ਸਿਰ ਰਾਜਗੱਦੀ ਤੇ ਕਾਬਜ਼ ਹੁੰਦੀਆਂ ਰਹੀਆਂ ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਤੇ ਹਕੂਮਤਾਂ ਇਹਨਾਂ ਲੋਕ-ਦੋਖੀ ਤੇ ਕੌਮਧ੍ਰੋਹੀ ਨੀਤੀਆਂ ਨੂੰ ਸਮਰਪਤ ਹਨ। ਸਿਰਫ਼ ਕਾਂਗਰਸੀ, ਅਕਾਲੀ ਤੇ ਭਾਜਪਾਈ ਹੀ ਨਹੀਂ, ਸਗੋਂ ਕੇਜਰੀਵਾਲ ਤੇ ਖੱਬੇ ਫਰੰਟ ਦੀਆਂ ਪਾਰਟੀਆਂ ਵੀ ਪੂਰੀ ਬੇਸ਼ਰਮੀ ਨਾਲ ਇਹ ਨੀਤੀਆਂ ਲਾਗੂ ਕਰਦੀਆਂ ਹਨ। ਸੋ ਜਿੰਨਾਂ ਚਿਰ ਇਹਨਾਂ ਸਾਮਰਾਜੀ ਸਮਝੌਤਿਆਂ ਤੇ ਸੰਸਥਾਵਾਂ ਤੋਂ ਬਾਹਰ ਨਹੀਂ ਆਇਆ ਜਾਂਦਾ-ਇਹਨਾਂ ਵਿਧਾਨ ਸੰਭਾਵਾਂ ਜਾਂ ਪਾਰਲੀਮੈਂਟ ’ਚੋਂ ਕਿਸੇ ਭਲੇ ਦੀ ਝਾਕ ਕਰਨਾ ਖਾਮ ਖਿਆਲੀ ਹੈ। ਸਾਨੂੰ ਸੰਸਾਰ ਵਪਾਰ ਜਥੇਬੰਦੀ ਤੇ ਹੋਰ ਸਾਮਰਾਜੀ ਸੰਸਥਾਵਾਂ ’ਚੋਂ ਬਾਹਰ ਆਉਣ ਦੀ ਲੜਾਈ ਲਈ ਤਿਆਰ ਹੋਣਾ ਚਾਹੀਦਾ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਾਡਾ ਕਲਿਆਣ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਸਾਡਾ ਖੇਤੀ ਸੰਕਟ ਦੂਰ ਕਰਨ ਲਈ ਤਿੱਖੇ ਜ਼ਮੀਨੀ ਸੁਧਾਰ ਕਰਕੇ ਜ਼ਮੀਨਾਂ ਦੀ ਕਾਣੀ ਵੰਡ ਖਤਮ ਨਹੀਂ ਕੀਤੀ ਜਾਂਦੀ- ਜਦੋਂ ਤੱਕ ਅੰਨ੍ਹੀ ਸ਼ਾਹੂਕਾਰਾਂ ਲੁੱਟ ਨੂੰ ਨੱਥ ਪਾਉਣ ਲਈ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਨਹੀਂ ਬਣਾਇਆ ਜਾਂਦਾ, ਜਿੰਨ੍ਹਾਂ ਚਿਰ ਖੇਤੀ ਲਾਗਤ ਵਸਤਾਂ ਸਸਤੀਆਂ ਕਰਨ ਲਈ ਦੇਸੀ/ਵਿਦੇਸ਼ੀ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫ਼ਿਆਂ ਤੇ ਕੱਟ ਨਹੀਂ ਲਾਇਆ ਜਾਂਦਾ ਤੇ ਜਦੋਂ ਤੱਕ ਖੇਤੀ ਦੀ ਤਰੱਕੀ ਲਈ ਵੱਡੇ ਸਰਕਾਰੀ ਨਿਵੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ’ਤੇ ਵੱਡੇ ਟੈਕਸ ਨਹੀਂ ਲਾਏ ਜਾਂਦੇ ਤੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਅਰਬਾਂ ਦੀਆਂ ਟੈਕਸ ਛੋਟਾਂ ਬੰਦ ਨਹੀਂ ਕੀਤੀਆਂ ਜਾਂਦੀਆਂ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਾਡੀ ਏਕਤਾ ਤੇ ਸੰਘਰਸ਼ ਹੀ ਸਾਡੇ ਕਲਿਆਣ ਦੇ ਜਾਮਨ ਹਨ। ਸਾਡਾ ਪਿਛਲਾ ਤਰਜਬਾ ਇਸ ਦੀ ਸ਼ਾਹਦੀ ਭਰਦਾ ਹੈ। ਉਹਨਾਂ ਕਿਹਾ ਕਿ ਸਾਡੀ ਏਕਤਾ ਤੇ ਸੰਘਰਸ਼ ਦੇ ਜੋਰ ਹੀ ਅਸੀਂ ਪਿਛਲੇ ਵਰ੍ਹਿਆਂ ਦੌਰਾਨ ਲੱਖਾਂ ਏਕੜ ਜ਼ਮੀਨ ਦੀ ਕੁਰਕੀ ਰੁਕਵਾਈ ਹੈ, ਜ਼ਮੀਨਾਂ ਦੀ ਜਬਤੀ ਰੋਕੀ ਜਾਂ ਬਣਦਾ ਮੁਆਵਜ਼ਾ ਲਿਆ ਹੈ। ਇਸੇ ਏਕਤਾ ਤੇ ਸੰਘਰਸ਼ ਦੇ ਜ਼ੋਰ ਹੀ ਅਸੀਂ ਹੁਣ ਤੱਕ ਸਰਕਾਰੀ ਖ਼ਰੀਦ ਤੇ ਖੇਤੀ ਲਈ ਮੁਫ਼ਤ ਬਿਜਲੀ ਦੀ ਸਹੂਲਤ ਬਰਕਰਾਰ ਰੱਖ ਸਕੇ ਹਾਂ- ਤੇ ਇਸ ਏਕਤਾ ਤੇ ਸੰਘਰਸ਼ ਦੇ ਜ਼ੋਰ ਹੀ ਅਸੀਂ ਇਤਿਹਾਸਕ ਕਿਸਾਨ ਘੋਲ ’ਚ ਸ਼ਾਨਦਾਰ ਜਿੱਤ ਦਰਜ ਕਰ ਪਾਏ ਹਾਂ। ਉਹਨਾਂ ਕਿਹਾ ਕਿ ਵਿਧਾਨ ਸਭਾ ਜਾਂ ਪਾਰਲੀਮਾਨੀ ਚੋਣਾਂ ਸਾਡੀ ਏਕਤਾ ਨੂੰ ਖੰਡਤ ਕਰਦੀਆਂ ਹਨ ਨਾ ਸਿਰਫ਼ ਧਰਮ, ਜਾਤ ਤੇ ਇਲਾਕਿਆਂ ਦੇ ਅਧਾਰ ’ਤੇ ਵੰਡੀਆਂ ਪਾਕੇ, ਸਗੋਂ ਸਿਆਸੀ ਵੰਡੀਆਂ ਪਾਕੇ ਵੀ। ਇਹ ਚੋਣਾਂ ਸਾਡੇ ਮੁਹਿੰਮਾਂ ਤੇ ਅਹਿਮ ਬੁਨਿਆਦੀ ਮੁੱਦੇ ਰੋਲਦੀਆਂ ਹਨ ਤੇ ਤੁੱਛ ਮੁੱਦਿਆਂ ਨੂੰ ਸਾਹਮਣੇ ਲਿਆਉਂਦੀਆਂ ਹਨ। ਇਸ ਤੋਂ ਵੱਧ ਕੇ ਚੋਣਾਂ ਲੋਕਾਂ ਦੀ ਬਣੀ ਹੋਈ ਚੇਤਨਾ ਰੋਲਦੀਆਂ ਹਨ। ਉਹ ਸੰਘਰਸ਼ਾਂ ਅਤੇ ਸੰਘਰਸ਼ੀ ਆਗੂਆਂ ’ਤੇ ਟੇਕ ਰੱਖਣ ਦੀ ਥਾਂ ਹਾਕਮ ਜਮਾਤੀ ਸਿਆਸੀ ਆਗੂਆਂ ’ਤੇ ਆਸਾਂ ਬਣਾਉਂਦੀਆਂ ਹਨ। ਸੋ ਇਹਨਾਂ ਚੋਣਾਂ ਦੌਰਾਨ ਅਸੀਂ ਵੱਡੀਆਂ ਅਸਰਦਾਰ ਮੁਹਿੰਮਾਂ ਰਾਹੀਂ ਸਾਡੀ ਏਕਤਾ, ਸਾਡੀ ਚੇਤਨਾ ਤੇ ਸਾਡੇ ਮੁੱਦਿਆਂ ਦੀ ਰਾਖੀ ਹੀ ਨਹੀਂ ਕਰਦੇ ਸਗੋਂ ਇਸ ਏਕਤਾ ਤੇ ਚੇਤਨਾ ਨੂੰ ਅੱਗੇ ਵਧਾਉਂਦਿਆਂ ਅਸੀਂ ਆਪਣੇ ਬੁਨਿਆਦੀ ਮੁੱਦੇ ਵੀ ਉਭਾਰਦੇ ਹਾਂ। ਉਹਨਾਂ ਕਿਹਾ ਕਿ ਜਦੋਂ ਅਸੀਂ ਏਕਤਾ ਤੇ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ਼ ਕਿਸਾਨਾਂ ਦੀ ਹੀ ਗੱਲ ਨਹੀਂ ਕਰਦੇ ਸਗੋਂ ਸਾਮਰਾਜੀਆਂ, ਕਾਰਪੋਰੇਟਾਂ, ਸੂਦਖੋਰਾਂ ਤੇ ਦੇਸੀ/ਵਿਦੇਸ਼ੀ ਕਾਰਪੋਰੇਟਾਂ ਵਿਰੁੱਧ ਕੁੱਲ ਲੋਕਾਈ ਦੀ ਏਕਤਾ ਤੇ ਸੰਘਰਸ਼ ਦੀ ਗੱਲ ਕਰਦੇ ਹਾਂ। ਅਸੀਂ ਬੀਤੇ ਵਿੱਚ ਅਜਿਹੀ ਵਿਸ਼ਾਲ ਏਕਤਾ ਤੇ ਸਾਂਝੇ ਸੰਘਰਸ਼ ਲਈ ਵੱਡੇ ਉੱਦਮ ਜੁਟਾਉਂਦੇ ਰਹੇ ਹਾਂ। ਇਹਨਾਂ ਚੋਣਾਂ ਦੌਰਾਨ ਵੀ ਅਸੀਂ ਵੱਖ-ਵੱਖ ਤਬਕਿਆਂ ਦੀਆਂ ਸਾਂਝੀਆਂ ਮੰਗਾਂ ਦੇ ਅਧਾਰ ’ਤੇ ਸਾਰੇ ਮਿਹਨਤਕਸ਼ ਤਬਕਿਆਂ ਦੀ ਏਕਤਾ ਤੇ ਸੰਘਰਸ਼ ਦਾ ਪ੍ਰੋਗਰਾਮ ਉਲੀਕਾਂਗੇ।