12.4 C
United Kingdom
Monday, May 20, 2024

More

    ਮਾਘ ਦੀ ਸੰਗਰਾਂਦ- ਪ੍ਰੋ. ਨਵ ਸੰਗੀਤ ਸਿੰਘ 

    ਸੰਗਰਾਂਦ ਨੂੰ ਹਿੰਦੀ ਵਿੱਚ ਸੰਕ੍ਰਾਂਤੀ ਕਿਹਾ ਜਾਂਦਾ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮਾਘ ਦੀ ਸੰਗਰਾਂਦ ਹੁੰਦੀ ਹੈ। ਸੰਗਰਾਂਦ ਦੇ ਆਉਂਦਿਆਂ ਹੀ ਸੂਰਜ ਉਤਰਾਇਣ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੱਜ ਦੇ ਦਿਨ ਸੂਰਜ ਦੇਵਤਾ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲ ਜਾਂਦੇ ਹਨ। ਇਸ ਦਿਨ ਹੀ ਗੰਗਾ ਦੀ ਅੰਮ੍ਰਿਤਧਾਰਾ ਧਰਤੀ ਤੇ ਆਈ ਸੀ। ਸ਼ਾਸਤਰਾਂ ਮੁਤਾਬਕ ਦਕਸ਼ਿਣਾਇਨ ਨੂੰ ਦੇਵਤਿਆਂ ਦੀ ਰਾਤ, ਅਰਥਾਤ ਨਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਉੱਤਰਾਖੰਡ ਨੂੰ ਦੇਵਤਿਆਂ ਦਾ ਦਿਨ, ਅਰਥਾਤ ਸਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਸੰਗਰਾਂਦ ਦੇ ਦਿਨ ਸੂਰਜ ਦੇਵਤਾ ਦੀ ਪੂਜਾ, ਇਸ਼ਨਾਨ, ਦਾਨ, ਸ਼ਰਾਧ, ਤਰਪਣ ਜਿਹੇ ਧਾਰਮਿਕ ਕਾਰਜਾਂ ਲਈ ਬਹੁਤ ਢੁੱਕਵਾਂ ਹੈ। ਉਤਰਾਇਣ ਵਿੱਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਮਾਘ ਦੀ ਸੰਗਰਾਂਦ ਦੇ ਦਿਨ ਕੀਤਾ ਗਿਆ ਦਾਨ ਸੌ ਗੁਣਾ ਪੁੰਨਮਈ ਮੰਨਿਆ ਜਾਂਦਾ ਹੈ। ਇਸ ਦਿਨ ਤਿਲ, ਗੁੜ, ਖਿਚੜੀ, ਮਾਂਹ ਦੀ ਦਾਲ ਦਾ ਦਾਨ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦਿਨ ਪਿੱਤਰਾਂ ਲਈ ਤਿਲ ਦਾ ਸ਼ਰਾਧ ਕਰਨਾ ਚਾਹੀਦਾ ਹੈ। ਨਾਲ ਹੀ ਇਸ ਦਿਨ ਸ਼ੁੱਧ ਘਿਓ ਅਤੇ ਕੰਬਲ ਦਾ ਦਾਨ ਵੀ ਅਤਿ ਉੱਤਮ ਮੰਨਿਆ ਜਾਂਦਾ ਹੈ।ਮਾਘ ਦੀ ਸੰਗਰਾਂਦ ਨੂੰ ਭਾਰਤ ਦੇ ਸਾਰੇ ਰਾਜਾਂ ਵਿੱਚ ਵੱਖ-ਵੱਖ ਨਾਂਵਾਂ ਅਤੇ ਭਾਂਤ-ਭਾਂਤ ਦੇ ਰੀਤੀ-ਰਿਵਾਜਾਂ ਰਾਹੀਂ ਭਗਤੀ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਦਾ ਹੈ। ਆਂਧਰ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਉੜੀਸਾ, ਪੰਜਾਬ ਅਤੇ ਗੁਜਰਾਤ ਵਿੱਚ ਸੰਗਰਾਂਦ ਦੇ ਦਿਨ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਜਦਕਿ ਬੰਗਾਲ ਤੇ ਆਸਾਮ ਵਿੱਚ ਸੰਗਰਾਂਦ ਤੇ ਦਿਨ ਮਹੀਨੇ ਦਾ ਅੰਤ ਮੰਨਿਆ ਜਾਂਦਾ ਹੈ। ਇਸ ਦਿਨ ਕਈ ਥਾਈਂ ਪਤੰਗ ਵੀ ਉਡਾਏ ਜਾਂਦੇ ਹਨ। ਆਕਾਸ਼ ਵਿੱਚ ਉਡਦੇ ਇਹ ਪਤੰਗਾਂ ਦਾ ਨਜ਼ਾਰਾ ਅੱਜ ਦੇ ਦਿਨ ਹੀ ਵੇਖਣ ਨੂੰ ਮਿਲਦਾ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਨਾਵਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵੱਖ-ਵੱਖ ਰਾਜਾਂ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੇ ਜਿੰਨੇ ਵਧੇਰੇ ਰੂਪ ਪ੍ਰਚੱਲਿਤ ਹਨ, ਓਨੇ ਕਿਸੇ ਹੋਰ ਤਿਉਹਾਰ ਵਿੱਚ ਨਹੀਂ ਹਨ। ਆਓ, ਜਾਣਦੇ ਹਾਂ ਵੱਖ-ਵੱਖ ਸੂਬਿਆਂ ਵਿੱਚ ਮਾਘ ਦੀ ਸੰਗਰਾਂਦ ਨੂੰ ਮਨਾਏ ਜਾਣ ਦੀ ਪਰੰਪਰਾ:ਰਾਜਸਥਾਨ ਵਿੱਚ ਇਸ ਤਿਉਹਾਰ ਤੇ ਸੁਹਾਗਣ ਔਰਤਾਂ ਆਪਣੀ ਸੱਸ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਨਾਲ ਹੀ ਔਰਤਾਂ ਕਿਸੇ ਵੀ ਸੁਭਾਗ ਸੂਚਕ ਵਸਤੂ ਦਾ ਚੌਦਾਂ ਦੀ ਗਿਣਤੀ ਵਿੱਚ ਪੂਜਾ ਅਤੇ ਸੰਕਲਪ ਕਰਕੇ ਚੌਦਾਂ ਬ੍ਰਾਹਮਣਾਂ, ਗ਼ਰੀਬਾਂ ਅਤੇ ਭੈਣਾਂ-ਧੀਆਂ ਨੂੰ ਦਾਨ ਦਿੰਦੀਆਂ ਹਨ।ਗੁਜਰਾਤ ਵਿਚ ਉਤਰਾਇਣ ਦੇ ਨਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਇਥੇ ਪਤੰਗਬਾਜ਼ੀ ਦਾ ਨਿਰਾਲਾ ਰੂਪ ਵੇਖਣ ਨੂੰ ਮਿਲਦਾ ਹੈ। ਹਰਿਆਣਾ ਅਤੇ ਉਤਰਾਖੰਡ ਵਿੱਚ ਇਸ ਨੂੰ ਮਾਘੀ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ।  ਪੰਜਾਬ ਵਿੱਚ ਲੋਹੜੀ ਦੇ ਰੂਪ ਵਿੱਚ ਇੱਕ ਦਿਨ ਪਹਿਲਾਂ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਮਾਘ ਵਾਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਹਨੇਰਾ ਹੁੰਦਿਆਂ ਹੀ ਅੱਗ ਜਲਾ ਕੇ ਤਿਲ, ਗੁੜ, ਚੌਲ, ਭੁੰਨੀ ਹੋਈ ਮੱਕੀ ਦੀ ਆਹੂਤੀ ਦਿੱਤੀ ਜਾਂਦੀ ਹੈ, ਜਿਸ ਨੂੰ ਤਿਲ-ਚੌਲੀ ਕਿਹਾ ਜਾਂਦਾ ਹੈ। ਅੱਗ ਵਿਚ ਤਿਲ ਸੁੱਟਦਿਆਂ ਹੋਇਆਂ ਕਿਹਾ ਜਾਂਦਾ ਹੈ- “ਈਸ਼ਰ ਆ ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ”। ਇਸ ਮੌਕੇ ਲੋਕ ਮੂੰਗਫਲੀ, ਤਿਲ ਦੀ ਬਣੀ ਗਜਕ ਅਤੇ ਰਿਉੜੀਆਂ ਆਪਸ ਵਿੱਚ ਵੰਡ ਕੇ ਖੁਸ਼ੀ ਮਨਾਉਂਦੇ ਹਨ। ਛੋਟੇ- ਛੋਟੇ ਬੱਚੇ ਘਰ-ਘਰ ਜਾ ਕੇ “ਦੁੱਲਾ ਭੱਟੀ ਵਾਲਾ ਹੋ… ਦੁੱਲੇ ਧੀ ਵਿਆਹੀ ਹੋ…” ਦਾ ਲੋਕਗੀਤ ਗਾਉਂਦੇ ਹਨ ਅਤੇ ਲੋਹੜੀ ਮੰਗਦੇ ਹਨ। ਨਵੀਂ ਵਹੁਟੀ ਅਤੇ ਨਵਜੰਮੇ ਬੱਚੇ ਲਈ ਲੋਹੜੀ ਦਾ ਖਾਸ ਮਹੱਤਵ ਹੁੰਦਾ ਹੈ। ਇਹਦੇ ਨਾਲ ਪਰੰਪਰਿਕ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬਣਾਇਆ ਜਾਂਦਾ ਹੈ। ਪੰਜਾਬ ਵਿੱਚ ਇਹ ਤਿਉਹਾਰ ਵੱਡੀ ਗਿਣਤੀ ਵਿੱਚ ਮੁੱਖ ਤੌਰ ਤੇ ਮੁਕਤਸਰ ਵਿਖੇ ਮਾਘੀ ਦੇ ਮੇਲੇ ਵਜੋਂ ਮਨਾਇਆ ਜਾਂਦਾ ਹੈ, ਜਿੱਥੇ ਲੋਕ ਗੁਰਦੁਆਰਾ ਟੁੱਟੀ ਗੰਢੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ ਤੇ ਗੁਰਬਾਣੀ ਸਰਵਣ ਕਰਦੇ ਹਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਐੱਸਜੀਪੀਸੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗੁਰਬਾਣੀ ਮੁਤਾਬਕ- “ਮਾਘ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨ…” ਦੀ ਬਹੁਤ ਮਹੱਤਤਾ ਹੈ।  ਉੱਤਰ ਪ੍ਰਦੇਸ਼ ਵਿੱਚ ਇਸ ਦਿਨ ਮੁੱਖ ਤੌਰ ਤੇ ਦਾਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਇਹਨੂੰ ਦਾਨ ਦਾ ਤਿਉਹਾਰ ਵੀ ਕਹਿੰਦੇ ਹਨ। ਅਲਾਹਾਬਾਦ ਵਿੱਚ ਗੰਗਾ, ਜਮਨਾ ਅਤੇ ਸਰਸਵਤੀ ਦੇ ਸੰਗਮ ਤੇ ਹਰ ਸਾਲ ਇਕ ਮਹੀਨੇ ਤੱਕ ਮਾਘ ਦਾ ਮੇਲਾ ਲੱਗਦਾ ਹੈ, ਜਿਸ ਨੂੰ ਮਾਘ ਮੇਲੇ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਮਾਘ ਦੇ ਪਹਿਲੇ ਦਿਨ ਤੋਂ ਹੀ ਅਲਾਹਾਬਾਦ ਵਿੱਚ ਹਰ ਸਾਲ ਮਾਘ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਪਹਿਲੀ ਪੋਹ ਤੋਂ ਪਹਿਲੀ ਮਾਘ ਤਕ ਦਾ ਸਮਾਂ ਖਰ/ਮਲ ਮਹੀਨੇ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਇਉਂ ਮੰਨਿਆ ਜਾਂਦਾ ਹੈ ਕਿ ਪਹਿਲੀ ਮਾਘ ਤੋਂ ਧਰਤੀ ਤੇ ਸ਼ੁਭ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ। ਮਾਘ ਮੇਲੇ ਦਾ ਪਹਿਲਾ ਇਸ਼ਨਾਨ ਮਾਘ ਦੀ ਸੰਗਰਾਂਦ ਤੋਂ ਸ਼ੁਰੂ ਹੋ ਕੇ ਸ਼ਿਵਰਾਤਰੀ ਤੱਕ ਆਖਰੀ ਇਸ਼ਨਾਨ ਹੁੰਦਾ ਹੈ। ਸੰਗਰਾਂਦ ਦੇ ਦਿਨ ਇਸ਼ਨਾਨ ਪਿੱਛੋਂ ਤਿਲ ਅਤੇ ਗੁੜ ਦੀ ਮਿਠਾਈ ਬ੍ਰਾਹਮਣਾਂ ਅਤੇ ਗ਼ਰੀਬਾਂ ਨੂੰ ਦਾਨ ਦਿੱਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾ ਦਾਨ ਦੇਣ ਦਾ ਬਹੁਤ ਮਹੱਤਵ ਹੈ। ਬਿਹਾਰ ਵਿਚ ਵੀ ਮਾਘ ਦੀ ਸੰਗਰਾਂਦ ਨੂੰ ਖਿਚੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਮਾਂਹ, ਚੌਲ, ਤਿਲ, ਜੌਂ, ਊਨੀ ਕੱਪਡ਼ੇ, ਕੰਬਲ ਆਦਿ ਦਾਨ ਦਿੱਤੇ ਜਾਂਦੇ ਹਨ। ਕਸ਼ਮੀਰ ਵਿੱਚ ‘ਸ਼ਿਸ਼ੁਰ ਸੇਂਕ੍ਰਾਂਤ’ ਦੇ ਨਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ।ਮਹਾਰਾਸ਼ਟਰ ਵਿੱਚ ਇਸ ਦਿਨ ਸਾਰੀਆਂ ਵਿਆਹੁਤਾ ਔਰਤਾਂ ਆਪਣੀ ਪਹਿਲੀ ਸੰਗਰਾਂਦ ਤੇ ਕਪਾਹ, ਤਿਲ ਅਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣਾਂ ਨੂੰ ਦਾਨ ਦਿੰਦੀਆਂ ਹਨ। ਤਿਲ-ਗੂਲ ਦੇ ਨਾਂ ਨਾਲ ਹਲਵਾ ਵੰਡਣ ਦਾ ਰਿਵਾਜ ਵੀ ਹੈ। ਲੋਕ ਇੱਕ ਦੂਜੇ ਨੂੰ ਤਿਲ ਗੁੜ ਦਿੰਦੇ ਹਨ ਅਤੇ ਦਿੰਦੇ ਸਮੇਂ ਕਹਿੰਦੇ ਹਨ  – “ਤਿਲ ਗੁੜ ਲਓ ਅਤੇ ਮਿੱਠਾ ਮਿੱਠਾ ਬੋਲੋ।” ਇਸ ਦਿਨ ਔਰਤਾਂ ਆਪਸ ਵਿੱਚ ਤਿਲ, ਗੁੜ ਅਤੇ ਹਲਦੀ ਵੰਡਦੀਆਂ ਹਨ।  ਬੰਗਾਲ ਵਿੱਚ ਇਸ ਨੂੰ ‘ਪੌਸ਼ ਸੰਕ੍ਰਾਂਤੀ’ ਕਹਿੰਦੇ ਹਨ। ਉੱਥੇ ਵੀ ਇਸ ਤਿਉਹਾਰ ਤੇ ਇਸ਼ਨਾਨ ਪਿੱਛੋਂ ਤਿਲ ਦਾਨ ਕਰਨ ਦੀ ਪ੍ਰਥਾ ਹੈ। ਇਥੇ ਗੰਗਾਸਾਗਰ ਵਿੱਚ ਹਰ ਸਾਲ ਵਿਸ਼ਾਲ ਮੇਲਾ ਲੱਗਦਾ ਹੈ। ਮਾਘ ਦੀ ਸੰਗਰਾਂਦ ਦੇ ਦਿਨ ਹੀ ਗੰਗਾ ਜੀ ਭਗੀਰਥ ਦੇ ਪਿੱਛੇ-ਪਿੱਛੇ ਚੱਲ ਕੇ ਕਪਿਲ ਮੁਨੀ ਦੇ ਆਸ਼ਰਮ ਤੋਂ ਹੋ ਕੇ ਸਮੁੰਦਰ ਵਿੱਚ ਜਾ ਮਿਲੀ ਸੀ। ਮਾਨਤਾ ਇਹ ਵੀ ਹੈ ਕਿ ਇਸ ਦਿਨ ਯਸ਼ੋਧਾ ਨੇ ਸ੍ਰੀ ਕ੍ਰਿਸ਼ਨ ਨੂੰ ਪ੍ਰਾਪਤ ਕਰਨ ਲਈ ਵਰਤ ਰੱਖਿਆ ਸੀ। ਇਸ ਦਿਨ ਗੰਗਾਸਾਗਰ ਵਿਚ ਇਸ਼ਨਾਨ-ਦਾਨ ਲਈ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ। ਲੋਕ ਔਖੇ ਹੋ ਕੇ ਵੀ ਗੰਗਾ ਸਾਗਰ ਦੀ ਯਾਤਰਾ ਕਰਦੇ ਹਨ। ਸਾਲ ਵਿੱਚ ਸਿਰਫ਼ ਇੱਕ ਦਿਨ ਮਾਘ ਦੀ ਸੰਗਰਾਂਦ ਨੂੰ ਇੱਥੇ ਲੋਕਾਂ ਦੀ ਅਪਾਰ ਭੀੜ ਹੁੰਦੀ ਹੈ। ਇਸ ਲਈ ਕਿਹਾ ਜਾਂਦਾ ਹੈ “ਸਾਰੇ ਤੀਰਥ ਬਾਰ ਬਾਰ, ਗੰਗਾਸਾਗਰ ਏਕ ਬਾਰ।” ਤਾਮਿਲਨਾਡੂ ਵਿੱਚ ਇਸ ਤਿਉਹਾਰ ਨੂੰ ਪੋਂਗਲ ਦੇ ਰੂਪ ਵਿੱਚ ਚਾਰ ਦਿਨ ਤਕ ਮਨਾਇਆ ਜਾਂਦਾ ਹੈ। ਪਹਿਲੇ ਦਿਨ ਭੋਗੀ ਪੋਂਗਲ, ਦੂਜੇ ਦਿਨ ਸੂਰਜ ਪੋਂਗਲ, ਤੀਜੇ ਦਿਨ ਮੱਟੂ ਪੋਂਗਲ ਅਤੇ ਚੌਥੇ ਤੇ ਆਖ਼ਰੀ ਦਿਨ ਕਾਨੁੱਮ ਪੋਂਗਲ ਹੁੰਦਾ ਹੈ। ਇਸ ਤਰ੍ਹਾਂ ਪਹਿਲੇ ਦਿਨ ਕੂੜਾ-ਕਰਕਟ ਇਕੱਠਾ ਕਰਕੇ ਜਲਾਇਆ ਜਾਂਦਾ ਹੈ, ਦੂਜੇ ਦਿਨ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਤੀਜੇ ਦਿਨ ਪਸ਼ੂ ਧਨ ਦੀ ਪੂਜਾ ਕੀਤੀ ਜਾਂਦੀ ਹੈ। ਪੋਂਗਲ ਮਨਾਉਣ ਲਈ ਇਸ਼ਨਾਨ ਕਰਕੇ ਖੁੱਲ੍ਹੇ ਵਿਹੜੇ ਵਿਚ ਮਿੱਟੀ ਦੇ ਭਾਂਡੇ ਵਿਚ ਖੀਰ ਬਣਾਈ ਜਾਂਦੀ ਹੈ, ਜਿਸ ਨੂੰ ਪੋਂਗਲ ਕਹਿੰਦੇ ਹਨ। ਇਸ ਤੋਂ ਪਿੱਛੋਂ  ਖੀਰ ਨੂੰ ਪ੍ਰਸ਼ਾਦ ਵਜੋਂ ਸਾਰੇ ਖਾਂਦੇ ਹਨ। ਅਸਾਮ ਵਿੱਚ ਮਾਘ ਦੀ ਸੰਗਰਾਂਦ ਨੂੰ ‘ਮਾਘ ਬੀਹੂ’ ਜਾਂ ‘ਭੋਗਾਲੀ ਬੀਹੂ’ ਦੇ ਨਾਂ ਵਜੋਂ ਮਨਾਉਂਦੇ ਹਨ। ਕਰਨਾਟਕ ਵਿੱਚ ਮਾਘ ਦੀ ਸੰਗਰਾਂਦ ਨੂੰ ‘ਮਕਰ ਸੰਕਰਮਣ’ ਕਿਹਾ ਜਾਂਦਾ ਹੈ। ਆਂਧਰ ਪ੍ਰਦੇਸ਼ ਵਿਚ ‘ਪੰਡਾਂ ਪੰਡੀ’ ਦੇ ਨਾਂ ਵਜੋਂ ਇਹ ਤਿਓਹਾਰ ਮਨਾਇਆ ਜਾਂਦਾ ਹੈ। ਕੇਰਲ ਵਿਚ ‘ਮਕਰ ਵਿਲੱਕੂ’ ਦੇ ਨਾਂ ਹੇਠ ਇਸ ਤਿਉਹਾਰ ਨੂੰ ਮਨਾਉਂਦੇ ਹਨ।ਇਉਂ ਮਾਘ ਦੀ ਸੰਗਰਾਂਦ ਰਾਹੀਂ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਝਲਕ ਵੱਖ-ਵੱਖ ਰੂਪਾਂ ਵਿੱਚ ਵੇਖੀ ਜਾ ਸਕਦੀ ਹੈ।  

                ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.  

    PUNJ DARYA

    Leave a Reply

    Latest Posts

    error: Content is protected !!