ਚੋਣ ਬਾਈਕਾਟ ਦਾ ਕੋਈ ਸੱਦਾ ਨਹੀਂ

ਚੰਡੀਗੜ੍ਹ 11 ਜਨਵਰੀ (ਪੰਜ ਦਰਿਆ ਬਿਊਰੋ) ਕੱਲ੍ਹ ਇੱਥੇ ਹੋਈ ਪ੍ਰੈੱਸ ਕਾਨਫਰੰਸ ਬਾਰੇ ਅੱਜ ਇੱਕ ਅਖਬਾਰ ਵਿੱਚ ‘ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ’ ਦੇ ਸਿਰਲੇਖ ਹੇਠ ਛਪੀ ਖ਼ਬਰ ਬਾਰੇ ਸਪਸ਼ਟ ਕੀਤਾ ਗਿਆ ਹੈ ਕਿ ਜਥੇਬੰਦੀ ਦੀ ਨੀਤੀ ਚੋਣਾਂ ਦੇ ਬਾਈਕਾਟ ਦੀ ਨਹੀਂ ਬਲਕਿ ਨਿਰਲੇਪ ਰਹਿਣ ਦੀ ਹੈ। ਇਸ ਸੰਬੰਧੀ ਸਾਂਝਾ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਨਿਰਲੇਪਤਾ ਦੀ ਜਥੇਬੰਦਕ ਨੀਤੀ ਮੁਤਾਬਕ ਕਿਸੇ ਵੀ ਪੱਧਰ ਦੀਆਂ ਸਰਕਾਰੀ ਚੋਣਾਂ ਵਿੱਚ ਜਥੇਬੰਦੀ ਦਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਕੋਈ ਵੀ ਆਗੂ ਨਾ ਤਾਂ ਆਪ ਉਮੀਦਵਾਰ ਖੜ੍ਹ ਸਕਦਾ ਹੈ ਅਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ। ਹਰ ਇੱਕ ਜਥੇਬੰਦਕ ਮੈਂਬਰ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦਾ ਜਾਂ ਨਾ ਪਾਉਣ ਦਾ ਜਮਹੂਰੀ ਹੱਕ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੇ ਭਖਦੇ ਮਸਲਿਆਂ ਦਾ ਜਦੋਂ ਵੀ ਕੋਈ ਹੱਲ ਹੋਇਆ ਹੈ, ਹਮੇਸ਼ਾ ਜਾਨਹੂਲਵੇਂ ਸੰਘਰਸ਼ਾਂ ਰਾਹੀਂ ਹੀ ਹੋਇਆ ਹੈ। ਕਿਸਾਨੀ ਕਿੱਤੇ ਦੇ ਸਾਹ ਚਲਦੇ ਰੱਖਣ ਲਈ ਸਾਮਰਾਜੀ ਤੇ ਜਗੀਰਦਾਰ/ਸੂਦਖੋਰ ਲੁਟੇਰਿਆਂ ਦੇ ਸੇਵਾਦਾਰ ਹਾਕਮਾਂ ਤੋਂ ਜੋ ਵੀ ਚੂਣ-ਭੂਣ ਹਾਸਲ ਕੀਤੀ ਜਾਂਦੀ ਹੈ ਉਹ ਅਜਿਹੇ ਸੰਘਰਸ਼ਾਂ ਦੀ ਬਦੌਲਤ ਹੀ ਕੀਤੀ ਜਾਂਦੀ ਹੈ। ਵੋਟ ਸਿਆਸਤ ਰਾਹੀਂ ਕੁੱਝ ਵੀ ਹਾਸਲ ਨਹੀਂ ਹੁੰਦਾ। ਵੋਟਾਂ ਮੁੱਛਣ ਖਾਤਰ ਪਾਰਟੀਆਂ ਦੇ ਚੋਣ ਮੈਨੀਫ਼ੈਸਟੋਆਂ ‘ਚ ਕੀਤੇ ਗਏ ਵੱਡੇ ਵੱਡੇ ਵਾਅਦੇ ਰਾਜਗੱਦੀ ‘ਤੇ ਬੈਠਣ ਸਾਰ ਜੁਮਲੇ ਬਣ ਜਾਂਦੇ ਹਨ। ਜਥੇਬੰਦੀ ਦੀ ਇਸ ਵੋਟ ਨਿਰਲੇਪਤਾ ਅਤੇ ਧਰਮ ਨਿਰਪੱਖਤਾ ਦੀ ਨੀਤੀ ਦੀ ਬਦੌਲਤ ਹੀ ਹਰੇਕ ਵੋਟ-ਪਾਰਟੀ ਦੇ ਸਮਰਥਕ ਅਤੇ ਹਰ ਧਰਮ ਦੇ ਪੈਰੋਕਾਰ ਜੁਝਾਰੂ ਕਿਸਾਨਾਂ ਦੀ ਸੰਘਰਸ਼ੀ ਇੱਕਜੁਟਤਾ ਬਣਦੀ ਹੈ, ਜੀਹਦੇ ਜ਼ੋਰ ਨਾਲ ਅਜਿਹੇ ਜਾਨਹੂਲਵੇਂ ਸੰਘਰਸ਼ ਜਿੱਤੇ ਜਾਂਦੇ ਹਨ। ਇਸ ਨੀਤੀ ਤਹਿਤ ਹੀ ਜਥੇਬੰਦੀ ਦਾ ਪ੍ਰਭਾਵ ਘੇਰਾ ਬੇਹੱਦ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਨੀਤੀ ਦੀ ਬਦੌਲਤ ਹੀ ਵਿਸ਼ਾਲ ਇੱਕਜੁਟਤਾ ਦੇ ਬਲਬੂਤੇ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਕੁਰਬਾਨੀਆਂ ਭਰੇ ਲਮਕਵੇਂ ਘੋਲ਼ ਦੀ ਲਾਮਿਸਾਲ ਜਿੱਤ ਹਾਸਲ ਕੀਤੀ ਗਈ ਹੈ। ਇਸ ਲਈ ਕਿਸੇ ਭੁਲੇਖੇ ਨਾਲ ਲੱਗੀ ਅਜਿਹੀ ਅਖ਼ਬਾਰੀ ਸੁਰਖੀ ਕਾਰਨ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਸੰਘਰਸ਼ਸ਼ੀਲ ਲੋਕਾਂ ਨੂੰ ਭੁਲੇਖਿਆਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਸਿਆਸੀ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਹੋਰ ਭੁਲੇਖਾ ਪਾਉਣ ਦਾ ਯਤਨ ਇਹ ਕਹਿ ਕੇ ਕੀਤਾ ਹੈ ਕਿ ਉਗਰਾਹਾਂ ਸਾਬ ਪ੍ਰੈੱਸ ਵਿੱਚ ਜੋ ਮਰਜੀ ਕਹੀ ਜਾਣ ਪਰ ਉਹ ਚੋਣਾਂ ਵਿੱਚ ਸਾਡੇ ਸਿਆਸੀ ਮੋਰਚੇ ਨਾਲ ਹੀ ਖੜ੍ਹੇ ਹਨ, ਇਹ ਵੀ ਸਰਾਸਰ ਗੁੰਮਰਾਹਕੁੰਨ ਪ੍ਰਚਾਰ ਹੀ ਹੈ। ਇਸ ‘ਚ ਨਾਂਮਾਤਰ ਵੀ ਸੱਚਾਈ ਨਹੀਂ ਹੈ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਹੋਰ ਜੁਝਾਰੂ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਸਾਰੇ ਭਰਮ ਭੁਲੇਖਿਆਂ ਤੋਂ ਮੁਕਤ ਰਹਿਣਾ ਚਾਹੀਦਾ ਹੈ। ਪ੍ਰੰਤੂ ਚੋਣਾਂ ਮੌਕੇ ਆਮ ਜਨਤਾ ਵਿੱਚ ਉਨ੍ਹਾਂ ਦੇ ਭਖਦੇ ਮਸਲਿਆਂ ਬਾਰੇ ਸੁਣਨ ਸਮਝਣ ਦੀ ਵਿਆਪਕ ਰੁਚੀ ਨੂੰ ਮੁੱਖ ਰੱਖਦਿਆਂ ਜਥੇਬੰਦੀ ਦੀ ਤਹਿਸ਼ੁਦਾ ਨੀਤੀ ਮੁਤਾਬਕ ਪਹਿਲਾਂ ਵਾਂਗ ਹੀ ਕਿਸਾਨਾਂ ਤੇ ਸਮੂਹ ਕਿਰਤੀਆਂ ਦੀ ਜੂਨ ਤਬਾਹ ਕਰਨ ਵਾਲੇ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ, ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਵਰਗੇ ਅਹਿਮ ਮੁੱਦਿਆਂ ਬਾਰੇ ਅਤੇ ਇਨ੍ਹਾਂ ਦੇ ਹੱਲ ਲਈ ਜਾਨਹੂਲਵੇਂ ਸੰਘਰਸ਼ਾਂ ਦੀਆਂ ਤਿਆਰੀਆਂ ਬਾਰੇ ਜਾਗ੍ਰਤ ਅਤੇ ਚੇਤੰਨ ਕਰਨ ਦੀ ਜ਼ੋਰਦਾਰ ਮੁਹਿੰਮ ਹੁਣ ਵੀ ਚਲਾਈ ਜਾਵੇਗੀ। ਇਸ ਮੁਹਿੰਮ ਦੀ ਠੋਸ ਵਿਉਂਤਬੰਦੀ ਭਲਕੇ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ।