
ਵਿਚੇਂਸਾ ਇਟਲੀ (ਕੰਗ) ਡੀ.ਏ.ਵੀ ਮਹਿਲਾ ਕਾਲਜ ਫਿਰੋਜ਼ਪੁਰ ਕੈਂਟ ਦੇ ਉੱਦਮ ਸਦਕਾ ਇਟਲੀ ਵੱਸਦੇ ਨਾਵਲਕਾਰ ਬਿੰਦਰ ਕੋਲੀਆਂ ਵਾਲ ਨੂੰ ਵਿਦਿਆਰਥੀਆਂ ਦੇ ਨਾਲ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆ ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਬਿੰਦਰ ਕੋਲੀਆਂ ਵਾਲ ਦੇ ਨਾਲ-ਨਾਲ ਪ੍ਰੋਗਰਾਮ ਵਿੱਚ ਹਾਜ਼ਰ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਨਾਲ ਹੀ ਬਿੰਦਰ ਕੋਲੀਆਂ ਵਾਲ ਦੇ ਸਾਹਿਤ ਸਫ਼ਰ ਬਾਰੇ ਜਾਣਕਾਰੀ ਦਿੱਤੀ। ਡਾ. ਅ੍ਰੰਮਿਤਪਾਲ ਕੌਰ ਮੰਚ ਸੰਚਾਲਨ ਕਰਦਿਆ ਮਾਂ ਬੋਲੀ ਪੰਜਾਬੀ ਦੇ ਬਾਰੇ ਕੁੱਝ ਸਵਾਲ ਕੀਤੇ ਅਤੇ ਨਾਲ ਹੀ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਿੰਦਰ ਕੋਲੀਆਂ ਵਾਲ ਨੇ ਬਾਖੂਬੀ ਜਵਾਬ ਦਿੱਤੇ। ਤਕਰੀਬਨ ਢਾਈ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਬਿੰਦਰ ਕੋਲੀਆਂ ਵਾਲ ਨੇ ਆਪਣੇ ਜੀਵਨ ਬਾਰੇ ਖੁੱਲ੍ਹਕੇ ਗੱਲਾਂ ਕੀਤੀਆਂ ਅਤੇ ਨਾਲ ਹੀ ਆਪਣੇ ਪ੍ਰਦੇਸ਼ੀ ਜ਼ਿੰਦਗੀ ਬਾਰੇ ਵੀ ਚਾਨਣਾ ਪਾਇਆ ਕਿ ਕਿਵੇਂ ਉਹਨੇ ਪੰਜਾਬ ਤੋਂ ਬਹਿਰੀਨ ਹੁੰਦੇ ਹੋਏ ਜਰਮਨ ਦਾ ਸਫ਼ਰ ਤਹਿ ਕੀਤਾ ਅਤੇ ਫਿਰ ਜਰਮਨ ਤੋਂ ਕਿਵੇਂ ਇਟਲੀ ਪਹੁੰਚਕੇ ਆਪਣਾ ਗੀਤਕਾਰੀ ਦਾ ਸਫ਼ਰ ਜਾਰੀ ਰੱਖਿਆ। ਬਿੰਦਰ ਕੋਲੀਆਂ ਵਾਲ ਨੇ ਉਸ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਵੀ ਧੰਨਵਾਦ ਕੀਤਾ ਜਿਸ ਕਰਕੇ ਉਹ ਗੀਤਕਾਰ ਤੋਂ ਇੱਕ ਨਾਵਲਕਾਰ ਬਣਿਆ। ਆਪਣੇ ਸਾਹਿਤ ਸਫ਼ਰ ਬਾਰੇ ਦੱਸਦਿਆ ਬਿੰਦਰ ਕੋਲੀਆਂ ਵਾਲ ਨੇ ਆਪਣੀਆਂ ਸਾਰੀਆਂ ਪੁਸਤਕਾਂ ਦਾ ਜ਼ਿਕਰ ਵੀ ਕੀਤਾ ਜਿਵੇਂ; ਦੋ ਕਾਵਿ ਸੰਗ੍ਰਹਿ “ਸੋਚ ਮੇਰੀ” ਅਤੇ “ਅਧੂਰਾ ਸਫ਼ਰ” ਦੇ ਨਾਲ-ਨਾਲ ਆਪਣੇ ਨਾਵਲ “ਅਣਪਛਾਤੇ ਰਾਹਾਂ ਦੇ ਪਾਂਧੀ”, “ਲਾਲ ਪਾਣੀ ਛੱਪੜਾਂ ਦੇ”, “ਉਸ ਪਾਰ ਜ਼ਿੰਦਗੀ” ਅਤੇ ਹਾਲ ਹੀ ਵਿੱਚ ਪਬਲਿਸ਼ ਹੋਇਆ ਨਵਾਂ ਨਾਵਲ “ਤਾਲਾਬੰਦੀ ਦੀ ਦਾਸਤਾਨ”(ਲੌਕਡਾਊਨ ਕੋਵਿਡ-19) ਦੇ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਬਿੰਦਰ ਕੋਲੀਆਂ ਵਾਲ ਨੇ ਅੱਧੀ ਦਰਜਨ ਦੇ ਕਰੀਬ ਸਾਂਝੀਆਂ ਪੁਸਤਕਾਂ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਇਆ। ਇਸ ਸਾਰੇ ਪ੍ਰੋਗਰਾਮ ਦਾ ਪੰਜਾਬੀ ਮੰਚ ਲਾਇਵ ਯੂ.ਐਸ.ਏ ਵੱਲੋਂ ਲਾਇਵ ਪ੍ਰਸਾਰਿਤ ਵੀ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੀ ਪ੍ਰਬੰਧਕ ਟੀਮ ਤੋਂ ਇਲਾਵਾ ਅਮਰੀਕ ਸਿੰਘ ਕੰਗ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ , ਕਿਰਨ ਖੰਨਾ, ਧਰਮਿੰਦਰ ਸਿੰਘ ਕੰਗ, ਡਾ. ਰਛਪਾਲ ਸਿੰਘ ਉੱਪਲ, ਗੁਰਮੀਤ ਸਿੰਘ ਮੱਲ੍ਹੀ, ਪ੍ਰਗਟ ਸਿੰਘ ਰੰਧਾਵਾ ਆਦਿ ਸ਼ਾਮਲ ਹੋਏ।