15.2 C
United Kingdom
Wednesday, May 8, 2024

More

    ਲਾਮਿਸਾਲ ਜਿੱਤ ਰਾਹੀਂ ਅਗਲੇ ਹੱਕੀ ਸੰਘਰਸ਼ਾਂ ਲਈ ਹੌਸਲੇ ਹੋਏ ਬੁਲੰਦ

    ਕੱਲ੍ਹ ਨੂੰ ਟਿਕਰੀ ਬਾਰਡਰ ‘ਤੇ ਮਨਾਇਆ ਜਾਵੇਗਾ ਮਨੁੱਖੀ ਅਧਿਕਾਰ ਦਿਵਸ- ਭਾਕਿਯੂ (ਏਕਤਾ ਉਗਰਾਹਾਂ)

    ਨਵੀਂ ਦਿੱਲੀ, 9ਦਸੰਬਰ (ਪੰਜ ਦਰਿਆ ਬਿਊਰੋ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਾਲ਼ੇ ਖੇਤੀ ਕਾਨੂੰਨਾਂ ਦੇ ਖਾਤਮੇ ਤੇ ਹੋਰਨਾਂ ਮੰਗਾਂ ਲਈ ਚੱਲੇ ਕਿਸਾਨ ਸੰਘਰਸ਼ ਦੀ ਜਿੱਤ ਨੂੰ ਲਾ-ਮਿਸਾਲ ਕਰਾਰ ਦਿੰਦਿਆਂ ਇਸ ਜਿੱਤ ਦੇ ਹੌਂਸਲੇ ਤੇ ਜੋਸ਼ ਨੂੰ ਅਗਲੇ ਸੰਘਰਸ਼ਾਂ ਦੀ ਪੇਸ਼ਕਦਮੀ ਲਈ ਜੁਟਾਉਣ ਦਾ ਹੋਕਾ ਦਿੱਤਾ ਹੈ। ਸੰਘਰਸ਼ ਦੇ ਇਸ ਪੜਾਅ ਦੀ ਸਮਾਪਤੀ ਦੇ ਐਲਾਨ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿਕਰੀ ਬਾਰਡਰ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ 19 ਨਵੰਬਰ ਨੂੰ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਮਗਰੋਂ ਬਾਕੀ ਰਹਿੰਦੀਆਂ ਮੰਗਾਂ ਹੱਲ ਕਰਵਾਉਣ ਲਈ ਕਿਸਾਨ ਮਜ਼ਦੂਰ ਔਰਤਾਂ ਨੌਜਵਾਨ ਬਾਕਾਇਦਾ ਮੋਰਚਿਆਂ ‘ਤੇ ਡਟੇ ਹੋਏ ਸਨ। ਉਨ੍ਹਾਂ ਮੰਗਾਂ ‘ਚੋਂ ਸੰਘਰਸ਼ ਦੌਰਾਨ ਕਿਸਾਨਾਂ ‘ਤੇ ਪਾਏ ਹੋਏ ਹਰ ਤਰ੍ਹਾਂ ਦੇ ਕੇਸਾਂ ਦੀ ਬਿਨਾਂ ਸ਼ਰਤ ਵਾਪਸੀ ਦਾ ਐਲਾਨ ਕੇਂਦਰੀ ਹਕੂਮਤ ਨੂੰ ਕਰਨਾ ਪਿਆ ਹੈ। ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਤੇ ਮੁੜ-ਵਸੇਬੇ ਦੇ ਇੰਤਜ਼ਾਮਾਂ ਦਾ ਭਰੋਸਾ ਦੇਣਾ ਪਿਆ ਹੈ। ਜਦ ਕਿ ਬਾਕੀ ਮੁੱਦਿਆਂ ‘ਤੇ ਸਰਕਾਰ ਨੇ ਗੋਲ-ਮੋਲ ਸ਼ਬਦਾਵਲੀ ਦੀ ਵਰਤੋਂ ਰਾਹੀਂ ਆਪਣੀ ਕਿਸਾਨ ਵਿਰੋਧੀ ਅੜੀਅਲ ਰਵੱਈਏ ਦੀ ਨੁਮਾਇਸ਼ ਵੀ ਜਾਰੀ ਰੱਖੀ ਹੈ। ਐੱਮ ਐੱਸ ਪੀ ਦੇ ਮਸਲੇ ‘ਤੇ ਸਰਕਾਰ ਵੱਲੋਂ ਕਮੇਟੀ ਗਠਿਤ ਕਰਨ ਦਾ ਕੀਤਾ ਜਾ ਰਿਹਾ ਦਾਅਵਾ ਅਸਲ ਵਿਚ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਨੀਅਤ ਨੂੰ ਨਹੀਂ ਦਰਸਾਉਂਦਾ ਪਰ ਇਸ ਮੁੱਦੇ ‘ਤੇ ਕਿਸਾਨ ਸੰਘਰਸ਼ ਦੀ ਪ੍ਰਾਪਤੀ ਇਹ ਹੈ ਕਿ ਇਹਦੀ ਖਾਤਰ ਇੱਕ ਮੁਲਕ ਵਿਆਪੀ ਅੰਦੋਲਨ ਦਾ ਪੈੜਾ ਬੱਝਣਾ ਸ਼ੁਰੂ ਹੋ ਗਿਆ ਹੈ ਤੇ ਸਰਕਾਰ ਨੂੰ ਰਸਮੀ ਤੌਰ ‘ਤੇ ਕਿਸਾਨਾਂ ਨੂੰ ਇਹ ਹੱਕ ਦੇਣ ਦੀ ਸਹਿਮਤੀ ਦੇਣੀ ਪਈ ਹੈ। ਜਦ ਕਿ ਇਸ ਨੂੰ ਹਕੀਕਤ ਵਿੱਚ ਬਦਲਣ ਲਈ ਸੰਘਰਸ਼ ਦਾ ਲੰਮਾ ਅਰਸਾ ਦਰਕਾਰ ਰਹੇਗਾ। ਬਿਜਲੀ ਸੋਧ ਬਿੱਲ ਦੇ ਮੁੱਦੇ ‘ਤੇ ਵੀ ਸਰਕਾਰ ਨੇ ਰਸਮੀ ਤੌਰ ‘ਤੇ ਕਿਸਾਨਾਂ ਦੀ ਗੱਲ ਸੁਣਨ ਦਾ ਭਰੋਸਾ ਦਿਵਾਇਆ ਹੈ ਜਦੋਂ ਕਿ ਬਿਜਲੀ ਖੇਤਰ ਵਿੱਚ ਅਖੌਤੀ ਸੁਧਾਰਾਂ ਖ਼ਿਲਾਫ਼ ਜੂਝਣ ਦੀ ਜ਼ਰੂਰਤ ਓਵੇਂ ਖਡ਼੍ਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੇ ਝੂਠੇ ਕੇਸਾਂ ਨੂੰ ਰੱਦ ਕਰਾਉਣ ਦੀ ਮੰਗ ਮੰਨਵਾਉਣ ਰਾਹੀਂ ਕਿਸਾਨ ਸੰਘਰਸ਼ ਅਗਲੇ ਦੌਰ ਵਿੱਚ ਦਾਖ਼ਲ ਹੋ ਜਾਵੇਗਾ। ਸ੍ਰੀ ਉਗਰਾਹਾਂ ਨੇ ਮੌਜੂਦਾ ਘੋਲ਼ ਦੇ ਸਭਨਾਂ ਸ਼ਹੀਦਾਂ ਨੂੰ ਸਿਜਦਾ ਕੀਤਾ ਜਿਨ੍ਹਾਂ ਨੇ ਇਸ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਇਨਸਾਫ ਲੈਣ ਤੇ ਕੇਸਾਂ ਦੀ ਵਾਪਸੀ ਲਈ ਸਰਗਰਮ ਚੌਕਸੀ ਵੀ ਰੱਖਣੀ ਪਵੇਗੀ ਤੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਦੌਰ ਦੀ ਸਮਾਪਤੀ ਮਗਰੋਂ ਦਿੱਲੀ ਮੋਰਚਿਆਂ ਤੋਂ ਕਿਸਾਨ ਕਾਫਲੇ 11 ਦਸੰਬਰ ਨੂੰ ਸਵੇਰੇ ਪੰਜਾਬ ਵੱਲ ਰਵਾਨਗੀ ਅਰੰਭ ਦੇਣਗੇ। ਇਸ ਤੋਂ ਮਗਰੋਂ ਪੰਜਾਬ ਭਰ ਅੰਦਰ ਵੱਖ ਵੱਖ ਥਾਵਾਂ ‘ਤੇ ਚੱਲ ਰਹੇ ਮੋਰਚੇ ਵੀ 15 ਦਸੰਬਰ ਨੂੰ ਵੱਡੇ ਇਕੱਠ ਕਰਕੇ ਸਮਾਪਤ ਕਰ ਦਿੱਤੇ ਜਾਣਗੇ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਕੱਲ੍ਹ 10 ਦਸੰਬਰ ਨੂੰ ਟਿਕਰੀ ਬਾਰਡਰ ਅਤੇ ਪੰਜਾਬ ਵਿਚਲੇ ਮੋਰਚਿਆਂ ਵਿੱਚ ਜਥੇਬੰਦੀ ਵੱਲੋਂ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਵੇਗਾ ਅਤੇ ਦੇਸ਼ ਭਰ ਅੰਦਰ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਦੇਸ਼ ਭਰ ਅੰਦਰ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਵਾਲੇ ਅਫਸਪਾ ਵਰਗੇ ਕਾਲੇ ਕਾਨੂੰਨਾਂ ਦੇ ਖ਼ਾਤਮੇ ਦੀ ਮੰਗ ਉਠਾਈ ਜਾਵੇਗੀ। ਸਟੇਜ ਤੋਂ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਅਤੇ ਰੂਪ ਸਿੰਘ ਛੰਨਾਂ ਸ਼ਾਮਲ ਸਨ। ਕਿਸਾਨ ਆਗੂਆਂ ਨੇ ਟੀਕਰੀ ਬਾਰਡਰ ਦੇ ਆਲੇ ਦੁਆਲੇ ਦੇ ਵਸਨੀਕਾਂ ਦਾ ਸੰਘਰਸ਼ ਵਿਚ ਬੇਮਿਸਾਲ ਸਹਿਯੋਗ ਦੇਣ ਲਈ ਤਹਿ-ਦਿਲੋਂ ਧੰਨਵਾਦ ਕੀਤਾ। ਇਸਦੇ ਨਾਲ ਹੀ ਵਿਦੇਸ਼ੀਂ ਵਸਦੇ ਅਤੇ ਦੇਸ਼ ਭਰ ਦੇ ਲੋਕ-ਪੱਖੀ ਪੱਤਰਕਾਰਾਂ, ਕਲਾਕਾਰਾਂ ਤੇ ਸਮਾਜ ਦੇ ਸਭਨਾਂ ਮਿਹਨਤਕਸ਼ ਵਰਗਾਂ ਵੱਲੋਂ ਸੰਘਰਸ਼ ਦੀ ਕੀਤੀ ਗਈ ਡਟਵੀਂ ਹਮਾਇਤ ਖ਼ਾਤਰ ਵਿਸ਼ੇਸ਼ ਤੌਰ’ਤੇ ਧੰਨਵਾਦ ਕੀਤਾ ਗਿਆ।

    ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ,9417466038, 9501593265

    PUNJ DARYA

    Leave a Reply

    Latest Posts

    error: Content is protected !!