11.3 C
United Kingdom
Sunday, May 19, 2024

More

    ਲੇਖਕ, ਪਾਠਕ ਤੇ ਸੱਭਿਆਚਾਰਕ ਮੰਚ ਸਲੋਹ ਦੇ ਸਾਲਾਨਾ ਸਮਾਰੋਹ ‘ਚ ਡਾ. ਸਾਹਿਬ ਸਿੰਘ ਦੀ ਅਦਾਕਾਰੀ ਨੇ ਦਰਸ਼ਕ ਕੀਲੇ

    ਨਾਟਕ “ਸੰਮਾਂ ਵਾਲ਼ੀ ਡਾਂਗ” ਦਾ ਸਫ਼ਲ ਮੰਚਨ

    ਗਲਾਸਗੋ/ਸਲੋਹ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਧਰਤੀ ਹਮੇਸ਼ਾ ਹੀ ਪੰਜਾਬੀ ਕਲਾਕਾਰਾਂ, ਫ਼ਨਕਾਰਾਂ ਦੀ ਕਦਰਦਾਨ ਵਜੋਂ ਬਾਖੂਬੀ ਨਿਭਦੀ ਆ ਰਹੀ ਹੈ। ਸਿਰਫ ਗਾਇਕਾਂ ਦੇ ਅਖਾੜਿਆਂ ‘ਚ ਹੀ ਰੌਣਕਾਂ ਨਹੀਂ ਜੁੜਦੀਆਂ ਸਗੋਂ ਹਰ ਵਿਧਾ ਨੂੰ ਪੰਜਾਬੀਆਂ ਵੱਲੋਂ ਹਿੱਕ ਨਾਲ ਲਗਾ ਕੇ ਸਤਿਕਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਣ ਸਤਿਕਾਰ ਹੀ ਉੱਘੇ ਰੰਗਕਰਮੀ, ਨਿਰਦੇਸ਼ਕ ਤੇ ਨਾਟ ਲੇਖਕ ਡਾ. ਸਾਹਿਬ ਸਿੰਘ ਦੀ ਝੋਲੀ ਪੈ ਰਿਹਾ ਹੈ ਜੋ ਆਪਣੇ ਸੋਲੋ ਨਾਟਕ “ਸੰਮਾਂ ਵਾਲ਼ੀ ਡਾਂਗ” ਦੇ ਮੰਚਨ ਲਈ ਯੂਕੇ ਦੇ ਟੂਰ ‘ਤੇ ਆਏ ਹੋਏ ਹਨ। ਸਲੋਹ ਦੀ ਨਾਮਵਰ ਸੰਸਥਾ ਲੇਖਕ, ਪਾਠਕ ਤੇ ਸੱਭਿਆਚਾਰਕ ਮੰਚ ਵੱਲੋਂ ਆਪਣੇ ਸਾਲਾਨਾ ਸਮਾਰੋਹ ਦੌਰਾਨ ਡਾ. ਸਾਹਿਬ ਸਿੰਘ ਦੇ ਇਸ ਨਾਟਕ ਦੀ ਪੇਸ਼ਕਾਰੀ ਦਾ ਬੀੜਾ ਚੁੱਕਿਆ ਗਿਆ। ਕੌਮਾਂਤਰੀ ਚਰਚਾ ਰਸਾਲੇ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਮੁਰਾਦਵਾਲਾ, ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਹਰਸੇਵ ਬੈਂਸ ਅਤੇ ਮੰਚ ਦੇ ਸਮੂਹ ਸੂਝਵਾਨ ਅਹੁਦੇਦਾਰਾਂ ਦੇ ਮਿਲਵੇਂ ਸਹਿਯੋਗ ਨਾਲ ਹੋਏ ਇਸ ਸਮਾਗਮ ਦੌਰਾਨ ਡਾ. ਸਾਹਿਬ ਸਿੰਘ ਦੀ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਅਜਿਹਾ ਬੋਲਿਆ ਕਿ ਪੇਸ਼ਕਾਰੀ ਦੌਰਾਨ ਚੁੱਪ ਪਸਰੀ ਰਹੀ। ਦਰਸ਼ਕ ਅਗਲੇ ਸੰਵਾਦ ਨੂੰ ਉਡੀਕਦੇ ਤੇ ਸੰਵਾਦਾਂ ਦੀ ਭਾਵੁਕਤਾ ਦੌਰਾਨ ਅੱਥਰੂ ਵੀ ਵਹਾਉਂਦੇ ਦੇਖੇ ਗਏ। ਇਸ ਸਮੇਂ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਸ਼ਾਇਰ ਅਜ਼ੀਮ ਸ਼ੇਖਰ ਤੇ ਗਾਇਕ ਰਾਜ ਸੇਖੋਂ ਵੱਲੋਂ ਵੀ ਆਪਣੀਆਂ ਰਚਨਾਵਾਂ ਰਾਹੀਂ ਪੁਖਤਾ ਹਾਜ਼ਰੀ ਭਰੀ ਗਈ। ਸੁਹਿਰਦ ਦਰਸ਼ਕਾਂ ਦੀ ਸੈਂਕੜਿਆਂ ਦੀ ਤਾਦਾਦ ਵਿਚ ਸ਼ਮੂਲੀਅਤ ਇਸ ਗੱਲ ਦੀ ਗਵਾਹ ਬਣ ਗਈ ਕਿ ਨਾਟ ਕਲਾ ਦੇ ਕਦਰਦਾਨਾਂ ਦਾ ਵੱਡਾ ਕਾਫਲਾ ਵੀ ਬਰਤਾਨੀਆ ਦੀ ਧਰਤੀ ‘ਤੇ ਮੌਜੂਦ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਡਾ. ਸਾਹਿਬ ਸਿੰਘ ਨੇ ਕਿਹਾ ਕਿ “ਬਰਤਾਨੀਆ ਦੀ ਬੇਹੱਦ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਨਾਟਕ ਦੀ ਝੋਲੀ ਸਮਾਂ ਪਾਉਣ ਵਾਲਾ ਹਰ ਦਰਸ਼ਕ ਸਤਿਕਾਰ ਦਾ ਪਾਤਰ ਹੈ, ਜੋ ਲੋਕਾਂ ਦੀ ਗੱਲ ਲੋਕਾਂ ਦੀ ਸੱਥ ਵਿੱਚ ਸੁਣਾਉਣ ਦਾ ਸਸਤਾ ਸਾਧਨ ਮੰਨੇ ਜਾਂਦੇ ਨਾਟਕ ਨੂੰ ਮਾਨਣ ਲਈ ਸਮਾਰੋਹ ਵਿੱਚ ਬਹੁੜਿਆ।”

    PUNJ DARYA

    Leave a Reply

    Latest Posts

    error: Content is protected !!