
ਚੰਡੀਗੜ – ਪੰਜਾਬ ਦੀ ਉਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਮੌਤ ਉਤੇ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਬੀਬੀ ਗੁਰਮੀਤ ਕੌਰ ਬਾਵਾ ਪੰਜਾਬ ਦੇ ਲੋਕ ਸੰਗੀਤ ਦੀ ਰੂਹ ਸਨ ਤੇ ਉਨਾ ਆਪਣੀ ਆਵਾਜ ਦੇ ਬਲਬੂਤੇ ਪੰਜਾਬ ਦੇ ਲੋਕ ਸੰਗੀਤ ਨੂੰ ਅਮੀਰ ਕੀਤਾ। ਡਾ ਪਾਤਰ ਨੇ ਬਾਵਾ ਜੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜਲਦ ਹੀ ਗੁਰਮੀਤ ਕੌਰ ਬਾਵਾ ਦੀ ਯਾਦ ਵਿਚ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਿਖੇ ਇਕ ਯਾਦਗਾਰੀ ਸਮਾਗਮ ਰਚਾਏਗੀ। ਇਸ ਸੋਗ ਦੇ ਮੌਕੇ ਸਮੇਂ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਜੀ ਨੇ ਆਖਿਆ ਕਿ ਬਾਵਾ ਜੀ ਦੇ ਗਾਏ ਲੋਕ ਗੀਤ, ਸਿਠਣੀਆਂ, ਸੁਹਾਗ, ਜਿੰਦੂਏ, ਮਾਹੀਏ ਤੇ ਹੋਰ ਲੋਕ ਸੰਗੀਤਕ ਵੰਨਗੀਆਂ ਹਮੇਸ਼ਾ ਚੇਤੇ ਰਹਿਣਗੀਆਂ। ਡਾ ਯੋਗਰਾਜ ਨੇ ਦੁਖੀ ਪਰਿਵਾਰ ਨੂੰ ਆਪਣਾ ਸ਼ੋਕ ਸੰਦੇਸ਼ ਵੀ ਭੇਜਿਆ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਬਾਵਾ ਜੀ ਨੇ ਦੂਰਦਰਸ਼ਨ ਕੇਂਦਰ ਜਲੰਧਰ ਰਾਹੀਂ ਆਪਣੀ ਗਾਇਕੀ ਨੂੰ ਅਣਗਿਣਤ ਸਰੋਤਿਆਂ ਤੀਕ ਪਹੁੰਚਾਇਆ। ਡਾ ਜੌਹਲ ਨੇ ਕਿਹਾ ਕਿ ਬਾਵਾ ਜੀ ਲੋਕ ਸੰਗੀਤ ਦਾ ਸਾਫ ਤੇ ਸੁਨੱਖਾ ਮੁਹਾਂਦਰਾ ਸਨ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ ਕੇਵਲ ਧਾਲੀਵਾਲ ਨੇ ਆਖਿਆ ਕਿ ਬਾਵਾ ਜੀ ਨੂੰ ਪਰਿਸ਼ਦ ਤੇ ਅਕਾਦਮੀ ਵਲੋਂ ਮਿਲੇ ਮਾਣ ਸਨਮਾਨ ਉਤੇ ਹਮੇਸ਼ਾ ਮਾਣ ਰਿਹਾ। ਉਹ ਅਜ ਸਾਡੇ ਤੋਂ ਸਰੀਰਕ ਤੌਰ ਉਤੇ ਗਏ ਹਨ ਪਰ ਉਨਾ ਦੀ ਆ ਆਵਾਜ ਅਮਰ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਬਾਵਾ ਜੀ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਸਨ। ਉਹ ਹਮੇਸ਼ਾ ਲੋਕ ਸੰਗੀਤ ਦੀ ਪ੍ਰਫੁੱਲਤਾ ਲਈ ਯਤਨ ਕਰਦੇ ਰਹੇ ਅਜ ਪੰਜਾਬ ਕਲਾ ਪਰਿਸ਼ਦ ਉਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਭੇਟ ਕਰਦੀ ਹੈ।