8.9 C
United Kingdom
Saturday, April 19, 2025

More

    ਦਿਵਾਲੀ ਅਤੇ ਬੰਦੀ ਛੋੜ ਦਿਵਸ ‘ਤੇ ਸ਼ਹੀਦ ਕਿਸਾਨ ਦੀ ਯਾਦ ‘ਚ ਦੀਵੇ ਜਗਾ‌ ਕੇ ਸੰਘਰਸ਼ੀ ਪਿੜਾਂ ‘ਚ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ

    ਭਲਕੇ 6 ਨਵੰਬਰ ਨੂੰ ਲੋਕ-ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ ਜਾਵੇਗੀ

    ਪਟਾਕਿਆਂ ਨੇ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਕੀਤੀ; ਪਰਾਲੀ ਸਾੜਨ ‘ਤੇ ਸਵਾਲ ਉਠਾਉਣ ਵਾਲੇ ਇਸ ਪ੍ਰਦੂਸ਼ਣ ਦੀ ਗੱਲ ਕਿਉਂ ਨਹੀਂ ਕਰਦੇ: ਕਿਸਾਨ ਆਗੂ 

    ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ ‘ਚ 108 ਥਾਵਾਂ ‘ਤੇ ਲਾਏ ਪੱਕੇ-ਧਰਨੇ ਅੱਜ 401ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਵਾਲੀ ਬੀਤੀ ਸ਼ਾਮ ਸਮੁੱਚੇ ਦੇਸ਼ ਦੀਆਂ ਸੰਘਰਸ਼ੀ ਪਿੜਾਂ ਵਿੱਚ ਕਿਸਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੀਵੇ ਜਗਾਏ ਗਏ। ਧਰਨਾਕਾਰੀ ਮਰਦ ਔਰਤਾਂ, ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਧਰਨਿਆਂ ਵਾਲੀਆਂ ਥਾਂਵਾਂ ‘ਤੇ ਪਹੁੰਚੀਆਂ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ। ਜਗਦੇ ਦੀਵੇ ਅਤੇ ਮੋਮਬੱਤੀਆਂ ਹੱਥਾਂ ‘ਚ ਫੜ ਕੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਭਲਕੇ 6 ਨਵੰਬਰ ਨੂੰ ਲੋਕ- ਕਵੀ ਸੰਤ ਰਾਮ ਉਦਾਸੀ ਦੀ ਬਰਸੀ ਧਰਨੇ ਵਾਲੀ ਥਾਂ ‘ਤੇ ਹੀ ਮਨਾਈ ਜਾਵੇਗੀ। ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਹੁਣ ਤੱਕ ਸੰਘਰਸ਼ੀ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਆਗੂਆਂ ਨੇ ਸਭ ਇਨਸਾਨ ਪਸੰਦ ਤੇ ਜਮਹੂਰੀ ਲੋਕਾਂ ਨੂੰ ਕੱਲ੍ਹ ਦੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਪੁਰਜੋਰ ਅਪੀਲ ਕੀਤੀ। ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦਿਵਾਲੀ ਦੇ ਪਟਾਕਿਆਂ ਕਾਰਨ ਸ਼ਹਿਰਾਂ ਦੀ ਜ਼ਹਿਰੀਲੀ ਹੋਈ ਹਵਾ ਦੀ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ‘ਤੇ ਦਿਨ ਰਾਤ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਨਾ ਤਾਂ ਪਟਾਕਿਆਂ ਦਾ ਪਰਦੂਸ਼ਣ ਦਿਖਦਾ ਹੈ ਅਤੇ ਨਾ ਹੀ ਫੈਕਟਰੀਆਂ, ਭੱਠਿਆਂ ਆਦਿ ਦਾ। ਉਨ੍ਹਾਂ ਕਿਹਾ ਕਿ ਪਰਾਲੀ ਵਾਲੇ ਪਰਦੂਸ਼ਣ ਦੀ ਮਾਤਰਾ 8 ਫੀ ਸਦੀ ਤੋਂ ਵੀ ਘੱਟ ਬਣਦੀ ਹੈ ਪਰ ਰੌਲਾ ਸਭ ਤੋਂ ਵਧ ਪਰਾਲੀ ਦਾ ਪਾਇਆ ਜਾਂਦਾ ਹੈ। ਕਿਸਾਨ ਪਰਾਲੀ ਮਜਬੂਰੀ-ਵੱਸ ਜਲਾਉਂਦੇ ਹਨ, ਸ਼ੌਕ ਨੂੰ ਨਹੀਂ। ਜੇਕਰ ਸਰਕਾਰ ਪਰਾਲੀ ਦਾ ਕੋਈ ਹੱਲ ਕੱਢੇ, ਕਿਸਾਨ ਕਦੇ ਵੀ ਪਰਾਲੀ ਨਹੀਂ ਸਾੜਨਗੇ। ਕਿਸਾਨ ਆਗੂਆਂ ਨੇ ਅੱਜ ਨੇ ਇੱਕ ਵਾਰ ਫਿਰ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਉਭਾਰਿਆ। ਜਿਵੇਂ ਜਿਵੇਂ ਕਣਕ ਦੀ ਬਿਜਾਈ ਦੀ ਤਰੀਕ ਨਜਦੀਕ ਆ ਰਹੀ ਹੈ, ਖਾਦ ਦਾ ਇੰਤਜ਼ਾਮ ਨਾ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ। ਜੇਕਰ ਹਾਲਤ ਨਾ ਸੁਧਰੀ ਤਾਂ ਕਣਕ ਦੀ ਬਿਜਾਈ ਲੇਟ ਹੋ ਸਕਦੀ ਹੈ ਜਿਸ ਕਾਰਨ ਝਾੜ ਬਹੁਤ ਘਟ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਖਾਦ ਦੀ ਸਪਲਾਈ ਠੀਕ ਕਰਨ ਲਈ ਕੋਈ ਕਦਮ ਨਹੀਂ ਉਠਾ ਰਹੀ ਜਦੋਂ ਕਿ ਟਾਹਰਾਂ ਦਿਨ- ਰਾਤ ਕਿਸਾਨ ਹਿਤੈਸ਼ੀ ਹੋਣ ਦੀਆਂ ਮਾਰੀਆਂ ਜਾਂਦੀਆਂ ਹਨ। ਸਰਕਾਰ ਤੁਰੰਤ ਖਾਦ ਦੀ ਕਿੱਲਤ ਦੂਰ ਕਰੇ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!