16ਵੇਂ ਦਿਨ ਵੀ ਟੈਂਕੀ ਉਪਰ ਡਟੇ ਰਹੇ ਬੇਰੁਜ਼ਗਾਰ ਅਧਿਆਪਕ
ਖਰੜ (ਦਲਜੀਤ ਕੌਰ ਭਵਾਨੀਗੜ੍ਹ) ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ 16 ਵੇੰ ਦਿਨ ਪਰਮ ਫ਼ਾਜ਼ਿਲਕਾ ਤੇ ਅਮਨ ਫ਼ਾਜ਼ਿਲਕਾ ਵੀ ਟੈਂਕੀ ਦੇ ਉੱਪਰ ਡਟੇ ਰਹੇ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਦੀਵਾਲੀ ਦੇ ਮੌਕੇ ਜਿੱਥੇ ਖੁਸ਼ੀਆਂ ਦਾ ਤਿਉਹਾਰ ਸੀ ਪਰ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਲਗਾਤਾਰ ਪੰਜ ਸਾਲ ਤੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਮੀਟਿੰਗਾਂ ਦੇ ਵਿੱਚ ਲਾਰੇ ਦਿੱਤੇ ਜਾ ਰਹੇ ਹਨ ਜਿਸ ਕਾਰਨ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਦੀਵਾਲੀ ਦੇ ਮੌਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲੀ ਦੀਵਾਲੀ ਮਜਬੂਰ ਹੋਏ। ਇਸ ਮੌਕੇ ਬੇਰੁਜ਼ਗਾਰੀ ਵੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਮਨੀ ਸੰਗਰੂਰ, ਸੁਰਿੰਦਰਪਾਲ ਗੁਰਦਾਸਪੁਰ, ਪ੍ਰਦੀਪ ਫਾਜ਼ਿਲਕਾ, ਹਰੀਸ਼ ਫ਼ਾਜ਼ਿਲਕਾ, ਰਵੀ ਫਾਜ਼ਿਲਕਾ, ਕਰਮਜੀਤ ਥਿੰਦ, ਗੁਰਮੀਤ, ਸੰਦੀਪ, ਦਵਿੰਦਰ ਤੇ ਹਰਪ੍ਰੀਤ ਨੇ ਕਿਹਾ ਕਿ ਲਗਾਤਾਰ ਪੰਜ ਸਾਲਾਂ ਤੋਂ ਕਾਂਗਰਸ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦਾ ਖੂਨ ਪੀ ਰਹੀ ਹੈ। ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਬੇਰੁਜ਼ਗਾਰ ਅਧਿਆਪਕਾਂ ਨੂੰ ਕਦੇ ਸੰਗਰੂਰ, ਅੰਮ੍ਰਿਤਸਰ ਕਦੇ ਪਟਿਆਲੇ ਤੇ ਹੁਣ ਖਰੜ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਾਂਗਰਸ ਸਰਕਾਰ ਦਾ ਸੱਤਾ ਜਾਣ ਦਾ ਸਮਾਂ ਵੀ ਆ ਚੁੱਕਿਆ ਹੈ, ਪਰ ਕਾਂਗਰਸ ਸਰਕਾਰ ਸੱਤਾ ਦੇ ਨਸ਼ੇ ਵਿੱਚ ਹੰਕਾਰੀ ਹੋ ਚੁੱਕੀ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀ ਪਈ ਹੋਈ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਜਦੋਂ ਤਕ ਬੇਰੁਜ਼ਗਾਰ ਅਧਿਆਪਕਾਂ ਦੀ ਮੰਗਾਂ ਦਾ ਹੱਲ ਨਹੀਂ ਕਰਦੇ ਉਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਹੋਰ ਤਿੱਖੇ ਐਕਸ਼ਨ ਉਲੀਕੇ ਜਾਣਗੇ। ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ।
