ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਜਲਦੀ ਰੁਜ਼ਗਾਰ ਦੇਣ ਦਾ ਦਿੱਤਾ ਭਰੋਸਾ
ਜਲੰਧਰ (ਦਲਜੀਤ ਕੌਰ ਭਵਾਨੀਗੜ੍ਹ) ਸਥਾਨਕ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ਵਿੱਚ ਲੰਘੀ ਮਿਆਦ ਵਾਲੀ ਪਾਣੀ ਵਾਲੀ ਟੈਂਕੀ ਉੱਤੇ ਦੋ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪਿਛਲੀ 28 ਅਕਤੂਬਰ ਤੋਂ ਚੜ ਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਇਸ ਵਾਰ ਦਿਵਾਲੀ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਟੈਂਕੀ ਕੋਲੋਂ ਮਾਰਚ ਸ਼ੁਰੂ ਕਰਕੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਐਸ ਡੀ ਐਮ ਅਤੇ ਐਸ ਪੀ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਭਾਵੇਂ ਮਾਰਚ ਤੋ ਪਹਿਲਾਂ ਅਨੇਕਾਂ ਤਰ੍ਹਾਂ ਦੇ ਤਰਕ ਦੇ ਕੇ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਦੇ 5 ਨੁਮਾਇੰਦਿਆਂ ਨੂੰ ਮੰਤਰੀ ਨਾਲ ਮੀਟਿੰਗ ਕਰਵਾਉਣ ਅਤੇ ਰੋਸ ਮਾਰਚ ਰੱਦ ਕਰਨ ਦੀ ਵਾਹ ਲਗਾਈ, ਪ੍ਰੰਤੂ ਬੇਰੁਜ਼ਗਾਰਾਂ ਦੀ ਮੰਗ ਸੀ ਕਿ ਸਿੱਖਿਆ ਮੰਤਰੀ ਖੁਦ ਟੈਂਕੀ ਕੋਲ ਪਹੁੰਚ ਕੇ ਭਰੋਸਾ ਦੇਣ। ਲੰਬੀ ਕਸ਼ਮਕਸ਼ ਮਗਰੋਂ ਬੇਰੁਜ਼ਗਾਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕੋਠੀ ਤੱਕ ਮਾਰਚ ਕੀਤਾ। ਜਿੱਥੇ ਬੇਰੁਜ਼ਗਾਰਾਂ ਦੇ ਪੰਜ ਆਗੂਆਂ ਨੂੰ ਮੰਤਰੀ ਨਾਲ ਮਿਲਾਇਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਬੇਰੁਜ਼ਗਾਰਾਂ ਦੀ ਜਲਦੀ ਭਰਤੀ ਕਰਨ ਦਾ ਭਰੋਸਾ ਦਿੱਤਾ। ਲੰਬੀ ਵਿਚਾਰ ਚਰਚਾ ਉਪਰੰਤ ਸਿੱਖਿਆ ਮੰਤਰੀ ਖੁਦ ਆਪਣੇ ਪਰਿਵਾਰ ਸਮੇਤ ਬੇਰੁਜ਼ਗਾਰਾਂ ਦੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਵੀ ਹੋਏ। ਜਿੱਥੇ ਉਹਨਾਂ ਨੇ ਬੇਰੁਜ਼ਗਾਰੀ ਝੱਲਦੀ ਹੋਈ, ਰੁਲ ਰਹੀ ਪੰਜਾਬ ਦੀ ਜਵਾਨੀ ਉੱਤੇ ਅਫ਼ਸੋਸ ਜਾਹਰ ਕੀਤਾ। ਉਹਨਾਂ ਹੁਣ ਤੱਕ ਸੱਤਾ ਉਪਰ ਕਾਬਜ਼ ਰਹੀਆਂ ਸਮੁੱਚੀਆਂ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਅਜਿਹੇ ਤਰਸਯੋਗ ਹਾਲਾਤਾਂ ਲਈ ਜ਼ਿੰਮੇਵਾਰ ਦੱਸਿਆ। ਉਹਨਾ ਬੇਰੁਜ਼ਗਾਰਾਂ ਨੂੰ ਮਠਿਆਈ ਵੰਡ ਕੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਲਗਾਤਾਰ ਚੱਲ ਰਹੀ ਭੁੱਖ ਹੜਤਾਲ ਉੱਤੇ ਬੈਠੇ ਗੁਰਪ੍ਰੀਤ ਪੱਕਾ ਕਲਾਂ, ਕੁਲਵੰਤ ਸਿੰਘ ਕੋਟਸਮੀਰ, ਮਨਦੀਪ ਕੌਰ, ਰਾਜਵੀਰ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਭੁੱਖ ਹੜਤਾਲ ਖਤਮ ਕਰਵਾਈ। ਯੂਨੀਅਨ ਦੇ ਸੂਬਾ ਪ੍ਰਧਾਨ ਢਿੱਲਵਾਂ ਸਮੇਤ ਸੂਬਾ ਆਗੂ ਅਮਨ ਸੇਖਾ, ਬਲਰਾਜ ਮੌੜ, ਸੰਦੀਪ ਗਿੱਲ ਅਤੇ ਰਸ਼ਪਾਲ ਸਿੰਘ ਆਦਿ ਨੇ ਕਿਹਾ ਕਿ ਭਾਵੇਂ ਸਿੱਖਿਆ ਮੰਤਰੀ ਨੇ ਜਲਦੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ, ਪ੍ਰੰਤੂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਸਮੇਤ 9000 ਅਤੇ ਕੁੱਲ 18000 ਅਸਾਮੀਆਂ ਦਾ ਇਸ਼ਤਿਹਾਰ ਜਦੋਂ ਤੱਕ ਜਾਰੀ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ ਜਿਓਂ ਦੀ ਤਿਉਂ ਡਟੇ ਰਹਿਣਗੇ। ਉਹਨਾ ਆਖਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਮੁੜ 14 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਕੌਰ ਗੋਲੀ, ਅਮਨ ਬਠਿੰਡਾ, ਕੁਲਵੰਤ ਲੋਂਗੋਵਾਲ, ਸੁਖਪਾਲ ਖਾਨ, ਸੰਦੀਪ ਮੋਫ਼ਰ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਲਖਵਿੰਦਰ ਮੁਕਤਸਰ, ਸੁਖਜੀਤ ਹਰੀਕੇ, ਗਗਨ ਸੰਧਵਾਂ, ਅਮਨਜੀਤ ਰੋਪੜ, ਜਸਵਿੰਦਰ ਕੌਰ ਅਤੇ ਸੰਦੀਪ ਕੌਰ ਸ਼ੇਰਪੁਰ, ਜਗਤਾਰ ਸਿੰਘ ਟੋਡਰਵਾਲ, ਨਿਰਮਲ ਮੋਗਾ, ਰੰਗ ਸਿੰਘ, ਇੰਦਰਾਜ,ਸਾਜਨ, ਰਾਮ ਅਬੋਹਰ, ਗੁਰਮੀਤ ਕੌਰ ਖੇੜੀ,੍ਰਮਨਪ੍ਰੀਤ ਕੌਰ ਫਾਜ਼ਿਲਕਾ, ਗੁਰਮੇਲ ਬਰਗਾੜੀ, ਸੁਖਜੀਤ ਬੀਰ ਖੁਰਦ, ਜਗਸੀਰ ਝਲੂਰ, ਸੁਖਦੇਵ ਨੰਗਲ ਆਦਿ ਹਾਜ਼ਰ ਸਨ।