
ਸੁਰਿੰਦਰ ਸਿੰਘ ਸੁੱਨੜ ਬਣੇ “ਲੋਕ ਮੰਚ ਪੰਜਾਬ” ਦੇ ਪ੍ਰਧਾਨ
ਜਲੰਧਰ (ਪੰਜ ਦਰਿਆ ਬਿਊਰੋ) ਅਜ ਇਥੇ ਲੋਕ ਮੰਚ ਪੰਜਾਬ (ਰਜਿਸਟਰਡ) ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅਗਲੇ ਦੋ ਸਾਲਾਂ ਲਈ ਇਸਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਅਮਰੀਕਾ ਵਿੱਚ ਵਸਦੇ ਉਘੇ ਪਰਵਾਸੀ ਪੰਜਾਬੀ ਲੇਖਕ ਅਤੇ ” ਆਪਣੀ ਆਵਾਜ਼ ” ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ ਨੂੰ ਮੰਚ ਦਾ ਪ੍ਰਧਾਨ ਅਤੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੂੰ ਮੰਚ ਦਾ ਸਕੱਤਰ ਬਣਾਇਆ ਗਿਆ । ਮੀਤ ਪਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਜਾਇੰਟ ਸਕੱਤਰ ਸੋਨਾ ਪੁਰੇਵਾਲ ਨੂੰ ਬਣਾਇਆ ਗਿਆ। ਸਲਾਹਕਾਰ ਕਮੇਟੀ ਵਿੱਚ ਡਾ. ਸੁਰਜੀਤ ਪਾਤਰ, ਡਾ ਗੁਰਭਜਨ ਗਿੱਲ, ਸਤਨਾਮ ਸਿੰਘ ਮਾਣਕ, ਡਾਕਟਰ ਕਮਲੇਸ਼ ਸਿੰਘ ਦੁੱਗਲ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਗੀਤ ਕਨੇਡਾ, ਪ੍ਰੋਫੈਸਰ ਸੁਰਜੀਤ ਜੱਜ, ਐਡਵੋਕੇਟ ਨੀਰਜ ਕੌਸ਼ਿਕ, ਮਲਕੀਤ ਸਿੰਘ ਬਰਾੜ, ਜੋਗਿੰਦਰ ਸਿੰਘ ਸੰਧੂ, ਮਨਜੀਤ ਇੰਦਰਾ, ਡਾਕਟਰ ਜਸਪਾਲ ਸਿੰਘ ਰੰਧਾਵਾ, ਡਾਕਟਰ ਉਮਿੰਦਰ ਸਿੰਘ ਜੌਹਲ , ਡਾ. ਆਸਾ ਸਿੰਘ ਘੁੰਮਣ ਅਤੇ ਪ੍ਰੋਫੈਸਰ ਜਸਪਾਲ ਘਈ ਨੂੰ ਸ਼ਾਮਿਲ ਕੀਤਾ ਗਿਆ ਹੈ। ਉਘੇ ਪੰਜਾਬੀ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਮੰਚ ਦੇ ਚੇਅਰਮੈਨ ਬਣੇ ਰਹਿਣਗੇ । ਇਹ ਮੰਚ ਪਿਛਲੇ ਕਈ ਸਾਲਾਂ ਤੋਂ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿੱਚ ਛਪਦੇ ਅੰਤਰਰਾਸ਼ਟਰੀ ਮਾਸਿਕ ਪੱਤਰ “ਆਪਣੀ ਆਵਾਜ਼ ” ਦੀ ਦੇਖ ਰੇਖ ਵੀ ਕਰੇਗਾ । ਫੈਸਲਾ ਕੀਤਾ ਗਿਆ ਕਿ ਪਹਿਲਾ “ਆਪਣੀ ਆਵਾਜ਼ ਪੁਰਸਕਾਰ 2021 ” ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਦਿੱਤਾ ਜਾਵੇਗਾ ।ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੋਵੇਗਾ । ਮੀਟਿੰਗ ਉਪਰੰਤ ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਦਸਿਆ ਕਿ ਇਹ ਪੁਰਸਕਾਰ ਨਵੰਬਰ ਮਹੀਨੇ ਵਿੱਚ ਹੀ ਇਕ ਸਮਾਗਮ ਕਰਕੇ ਪ੍ਰਦਾਨ ਕੀਤਾ ਜਾਵੇਗਾ । ਉਨ੍ਹਾਂ ਦਸਿਆ ਕਿ ” ਲੋਕ ਮੰਚ ਪੰਜਾਬ ” ਅੰਤਰਰਾਸ਼ਟਰੀ ਪੱਧਰ ਦੀ ਸਾਹਿਤਕ ਅਤੇ ਸਭਿਆਚਾਰਕ ਸੰਸਥਾ ਹੈ,ਜਿਸ ਨਾਲ ਵੱਡੀ ਗਿਣਤੀ ਵਿੱਚ ਲੇਖਕ, ਬੁੱਧੀਜੀਵੀ ਅਤੇ ਸਮਾਜ ਸੇਵੀ ਜੁੜੇ ਹੋਏ ਹਨ ।