
ਚੰਡੀਗੜ੍ਹ (ਪੰਜ ਦਰਿਆ ਬਿਊਰੋ) ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਰਹਿੰਦੇ ਉਘੇ ਪੰਜਾਬੀ ਕਵੀ ਸੁਖਮਿੰਦਰ ਰਾਮਪੁਰੀ ਦੀ ਮੌਤ ਉਤੇ ਪੰਜਾਬ ਕਲਾ ਪਰਿਸ਼ਦ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਰਾਮਪੁਰੀ ਜੀ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ ਉਹ ਪ੍ਰਪੱਕ ਸ਼ਾਇਰ ਹੋਣ ਦੇ ਨਾਲ ਨਾਲ ਮਿੱਠੀ ਆਵਾਜ ਦੇ ਧਨੀ ਸਨ। ਡਾ ਪਾਤਰ ਨੇ ਕਿਹਾ ਕਿ ਰਾਮਪੁਰੀ ਜੀ ਨੇ ਆਪਣੀ ਧਰਤੀ ਦੇ ਲੋਕਾਂ ਨਾਲ ਜੁੜੇ ਲੋਕਾਂ ਦੀ ਨਬਜ ਟੋਹਣ ਵਾਲੇ ਗੀਤਾਂ, ਗਜਲਾਂ ਤੇ ਕਵਿਤਾਵਾਂ ਦੀ ਸਿਰਜਣਾ ਕੀਤੀ। ਉਨਾਂ ਦੇ ਵਿਛੋੜੇ ਨਾਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਨਾ ਪੂਰੇ ਜਾਣ ਵਾਲੀ ਘਾਟ ਰੜਕਦੀ ਰਹੇਗੀ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਸੁਖਮਿੰਦਰ ਰਾਮਪੁਰੀ ਦੀ ਬੇਵਕਤ ਮੌਤ ਉਤੇ ਦੁਖ ਪ੍ਰਗਟਾਇਆ ਹੈ। ਨਿੰਦਰ ਘੁਗਿਆਣਵੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਰਾਮਪੁਰੀ ਜੀ ਟੋਰਾਂਟੋ ਦੀਆਂ ਮਹਿਫਿਲਾਂ ਦੇ ਸ਼ਿੰਗਾਰ ਸਨ ਤੇ ਲੰਬੇ ਸਮੇਂ ਤੋਂ ਕਲਮਾਂ ਦੇ ਕਾਫਲੇ ਨਾਲ ਜੁੜਕੇ ਸਾਹਿਤਕ ਸਰਗਰਮੀਆਂ ਕਰ ਰਹੇ ਸਨ।