1 ਦਸੰਬਰ ਦੇ ਪਹਿਲੇ ਗੇੜ ਲਈ ਜਲਦ ਆਉਣਗੀਆਂ ਈਮੇਲਾਂ
ਰੈਜੀਡੈਂਸੀ ਲਈ ਅਰਜ਼ੀਆਂ ਦੇ ਚੁੱਕੇ ਆਉਣਗੇ ਪਹਿਲੇ ਗੇੜ ’ਚ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਵੱਲੋਂ ਅਗਲੇ ਸਾਲ ਦੇ ਅੰਤ ਤੱਕ ਲਗਪਗ 165,000 ਹਜ਼ਾਰ ਲੋਕਾਂ ਨੂੰ ਨਿਰਧਾਰਤ ਯੋਗਤਾ ਦੇ ਅਧਾਰ ਉਤੇ ਰੈਜੀਡੈਂਸੀ ਦਿੱਤੀ ਜਾਣੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਦਫ਼ਤਰੀ ਕੰਮ ਦਾ ਸਾਰਾ ਅੰਦਰੂਨੀ ਸਿਸਟਮ ਅੱਪਡੇਟ ਕਰਦਿਆਂ ਤਿਆਰੀ ਖਿੱਚ ਲਈ ਲਗਦੀ ਹੈ। ਅੱਜ ਜਾਰੀ ਅੱਪਡੇਟ ਦੇ ਵਿਚ ਦੱਸ ਦਿੱਤਾ ਗਿਆ ਹੈ ਕਿ ‘2021 ਰੈਜੀਡੈਂਸ ਵੀਜ਼ਾ’ ਸ਼੍ਰੇਣੀ ਵਾਸਤੇ 2160 ਡਾਲਰ ਫੀਸ ਲਈ ਜਾਵੇਗੀ। ਇਸਦੇ ਵਿਚ 1330 ਡਾਲਰ ਅਰਜ਼ੀ ਫੀਸ ਹੈ ਅਤੇ 830 ਡਾਲਰ ਇਮੀਗ੍ਰੇਸ਼ਨ ਲੈਵੀ (ਬਾਰਡਰ ਪ੍ਰੋਸੈਸਿੰਗ, ਕੰਪਲਾਇੰਸ ਅਤੇ ਹੋਰ ਖਰਚੇ) ਹੈ। ਅਰਜ਼ੀਆਂ ਲੈਣ ਦਾ ਪਹਿਲਾ ਗੇੜ ਜੋ ਕਿ 1 ਦਸੰਬਰ 2021 ਤੋਂ ਸ਼ੁਰੂ ਹੋ ਰਿਹਾ ਹੈ, ਦੇ ਵਿਚ ‘ਸਕਿੱਲਡ ਮਾਈਗ੍ਰਾਂਟ’ ਅਤੇ ‘ਰੈਜ਼ੀਡੈਂਸ ਫਰਾਮ ਵਰਕ’ ਵਾਲੇ ਲਏ ਜਾ ਰਹੇ ਹਨ ਜਿਨ੍ਹਾਂ ਨੇ 29 ਸਤੰਬਰ 2021 ਤੋਂ ਪਹਿਲਾਂ ਰੈਜ਼ੀਡੈਂਸੀ ਲਈ ਅਰਜੀਆਂ ਦਿੱਤੀਆਂ ਹੋਈਆਂ ਹਨ। ਜਾਂ ਫਿਰ ਜਿਨ੍ਹਾਂ ਨੇ ‘ਸਕਿਲਡ ਮਾਈਗ੍ਰਾਂਟ ਕੈਟਾਗਿਰੀ’ ਅਧੀਨ ‘ਐਕਸਪ੍ਰੈਸਨ ਆਫ ਇੰਟਰਸਟ’ ਭਰਿਆ ਹੋਇਆ ਹੋਵੇ ਅਤੇ ਜਿਸ ਦੇ ਵਿਚ ਮਾਪਿਆਂ ਦੇ ਅਧਾਰਿਤ ਬੱਚੇ 29 ਸਤੰਬਰ ਨੂੰ 17 ਸਾਲ ਜਾਂ ਉਸ ਤੋਂ ਉਪਰ ਦੇ ਹੋਏ ਹੋਣ। ਜਿਹੜੀ ਫੀਸ ਪਹਿਲਾਂ ਭਰੀ ਗਈ ਹੈ, ਉਸਨੂੰ ਹਿਸਾਬ-ਕਿਤਾਬ ਵਿਚ ਲੈ ਕੇ ਵਾਧਾ-ਘਾਟਾ ਫਰਕ ਹੀ ਲਿਆ ਜਾਵੇਗਾ। ਅਰਜ਼ੀ ਮੰਜ਼ੂਰ ਹੋਣ ਉਤੇ ਹੀ ਹੁਣ ਫੀਸ ਭਰਨੀ ਹੋਏਗੀ, ਅੱਪਫਰੰਟ ਵਾਲਾ ਕੰਮ ਖਤਮ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਸਕਿੱਲਡ ਮਾਈਗ੍ਰਾਂਟ ਵਾਲੀ ਅਰਜ਼ੀ ਵਾਪਿਸ ਲੈ ਲਈ ਹੈ ਉਨ੍ਹਾਂ ਨੂੰ ਪੈਸੇ ਵਾਪਿਸ ਹੋ ਜਾਣਗੇ ਅਤੇ ਉਹ ਨਵੀਂ ਫੀਸ ਪੂਰੀ ਭਰ ਸਕਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਖਰਚਾ ਜਿਆਦਾ ਆਵੇਗਾ ਕਿਉਂਕਿ ਇਮੀਗ੍ਰੇਸ਼ਨ ਸਟਾਫ ਨੂੰ ਦੋਹਾਂ ਦੀ ਪ੍ਰੋਸੈਸਿੰਗ ਵੇਖਣੀ ਹੋਏਗੀ। ਵੀਜ਼ਾ ਅਰਜ਼ੀਆਂ 12 ਮਹੀਨਿਆਂ ਦੇ ਵਿਚ ਪਰਖੀਆਂ ਜਾਣਗੀਆਂ ਤੇ ਫੈਸਲੇ ਆਉਣਗੇ। ਜੇਕਰ ਕਿਸੀ ਦੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਉਸ ਕੋਲ ਅੱਗੇ ਅਪੀਲ ਕਰਨ ਵਾਸਤੇ ਰੈਜੀਡੈਂਸ ਵੀਜ਼ਾ ਅਰਜ਼ੀ ਵਾਲੇ ਹੱਕ ਬਣੇ ਰਹਿਣਗੇ। ਜੋ ਰੈਜੀਡੈਂਸ ਵੀਜ਼ੇ ਦੇ ਯੋਗ ਨਹੀਂ ਹਨ ਉਹ ਅਗਲੇ ਵਰਕ ਵੀਜ਼ੇ ਵਾਸਤੇ ਯੋਗ ਰਹਿਣਗੇ। ਬਾਕੀ ਦੁਰਲੱਭ ਕਾਮਿਆਂ ਵਾਲੀਆਂ ਸ਼੍ਰੇਣੀਆਂ ਆਉਂਦੇ ਲੋਕਾਂ ਨੂੰ 01 ਮਾਰਚ 2022 ਤੱਕ ਆਪਣੀਆਂ ਅਰਜ਼ੀਆਂ ਲਾਉਣ ਦੀ ਉਡੀਕ ਕਰਨੀ ਹੋਏਗੀ। 31 ਜੁਲਾਈ 2022 ਅਰਜ਼ੀਆਂ ਲੈਣ ਦੀ ਆਖਰੀ ਮਿਤੀ ਹੋਵੇਗੀ। ਸਾਰੀਆਂ ਅਰਜ਼ੀਆਂ ਆਨ ਲਾਈਨ ਹੀ ਲਈਆਂ ਜਾਣਗੀਆਂ। ਯੋਗ ਉਮੀਦਵਾਰਾਂ ਨੂੰ ਇਕ-ਦੋ ਦਿਨਾਂ ਤੱਕ ਈਮੇਲਾਂ ਆ ਜਾਣਗੀਆਂ। ਵੀਜ਼ਾ ਸ਼ਰਤਾਂ ਰੈਜੀਡੈਂਸ ਵੀਜ਼ੇ ਵਾਲੀਆਂ ਹੀ ਹੋਣਗੀਆਂ ਤੇ 2 ਸਾਲ ਰਹਿਣ ਬਾਅਦ ਪਰਮਾਨੈਂਟ ਰੈਜ਼ੀਡੈਂਸ (ਪੀ. ਆਰ.) ਵਾਸਤੇ ਅਪਲਾਈ ਕਰਨਾ ਹੋਏਗਾ। ਵਿਦੇਸ਼ ਯਾਤਰਾ ਵਾਲੀਆਂ ਸ਼ਰਤਾਂ ਵੀ ਲਾਗੂ ਰਹਣਿਗੀਆਂ।
ਯੋਗ ਅਰਜ਼ੀਦਾਤਾ: ਰੈਜੀਡੈਂਸੀ ਲਈ ਯੋਗ ਹੋਣ ਵਾਸਤੇ ਕਈ ਸ਼੍ਰੇਣੀਆਂ ਹਨ। ਜਿਵੇਂ ਜਿਹੜੇ ਲੋਕ ਨਿਊਜ਼ੀਲੈਂਡ ਵਿਖੇ 29 ਸਤੰਬਰ 2020 ਨੂੰ ਵਰਕ ਵੀਜ਼ੇ ਉਤੇ ਸਨ ਅਤੇ 29 ਸਤੰਬਰ 2018 ਤੋਂ ਬਾਅਦ ਇਥੇ 821 ਦਿਨ ਪੂਰੇ ਕਰ ਚੁੱਕੇ ਹਨ, ਉਹ ਯੋਗ ਹਨ। ਕਿਹੜੇ ਸਾਲ ਕਿੰਨ ਦਿਨ ਇਥੇ ਰਹੇ ਇਸਦਾ ਕੋਈ ਚੱਕਰ ਨਹੀਂ ਹੈ। ਇਸ ਤੋਂ ਇਲਾਵਾ ਜਿਹੜੇ ਔਸਤ 27 ਡਾਲਰ ਪ੍ਰਤੀ ਘੰਟਾ 29 ਸਤੰਬਰ 2021 ਨੂੰ ਲੈ ਰਹੇ ਸਨ ਉਹ ਵੀ ਅਰਜ਼ੀ ਲਾਉਣ ਵਾਸਤੇ ਯੋਗ ਹੋਣਗੇ। ਇਸ ਵਾਸਤੇ ਸਰਕਾਰ ‘ਇੰਸ਼ੈਸ਼ੀਅਲ ਪੇ ਰੇਟ ਕੈਲਕੁਲੇਟਰ’ ਦੇ ਅਧਾਰ ਉਤੇ ਪ੍ਰਤੀ ਘੰਟਾ ਦਰ ਕੱਢੇਗੀ। ਜੇਕਰ ਸਕਿੱਲਡ ਕੈਟਾਗਿਰੀ ਦੇ ਵਿਚ ਅਪਲਾਈ ਕਰਨਾ ਹੋਏਗਾ ਤਾਂ ਤੁਹਨੂੰ ‘ਇੰਪਲਾਇਮੈਂਟ ਐਗਰੀਮੈਂਟ ਜਾਂ ਰੁਜ਼ਗਾਰ ਦਾਤਾ ਦੀ ਚਿੱਠੀ ਨਾਲ ਲਗਾਉਣੀ ਹੋਏਗੀ, ਜਿਸ ਉਤੇ ਪ੍ਰਤੀ ਘੰਟਾ ਮਿਹਨਤਾਨਾ ਦਰ ਹੋਏਗੀ। ਇਸ ਤੋਂ ਇਲਾਵਾ ਬੈਂਕ ਸਟੇਟਮੈਂਟ ਜਾਂ ਆਈ. ਆਰ. ਡੀ. (ਟੈਕਸ ਵਿਭਾਗ) ਦਾ ਵੇਰਵਾ ਵੀ ਦੇਣਾ ਹੋਵੇਗਾ। ਇਹ ਵੀ ਦੱਸਣਾ ਹੋਏਗਾ ਕਿ ਤੁਸੀਂ 29 ਸਤੰਬਰ 2021 ਨੂੰ ਘੱਟੋ-ਘੱਟ 27 ਡਾਲਰ ਉਤੇ ਕੰਮ ਕਰ ਰਹੇ ਸੀ ਅਤੇ ਜਿਸ ਦਿਨ ਅਪਲਾਈ ਕਰ ਰਹੇ ਹੋ ਉਸ ਦਿਨ ਵੀ 27 ਡਾਲਰ ਹੀ ਚੱਲ ਰਿਹਾ ਹੈ। ਜਿਹੜੇ ਲੋਕ ਦੁਰਲੱਭ ਕਾਮਿਆਂ ਦੀ ਸ਼੍ਰੇਣੀ ਜਾਂ ਕਹਿ ਲਈਏ ਥੋੜ੍ਹ ਗਿਣਤੀ ਵਿਚ ਚੱਲ ਰਹੇ ਕਾਮਿਆਂ ਦੀ ਸ਼੍ਰੇਣੀ ਵਿਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਸਾਲ ਦੀ ਵਾਲੀ ਸ਼ਰਤ ਅਤੇ 27 ਡਾਲਰ ਪ੍ਰਤੀ ਘੰਟਾ ਵਾਲੀ ਸ਼ਰਤ ਤੋਂ ਵੀ ਛੋਟ ਹੈ ਅਤੇ ਉਹ ਰੈਜੀਡੈਂਸੀ ਲਈ ਅਪਲਾਈ ਕਰ ਸਕਣਗੇ ਪਰ ਦੂਜੇ ਗੇੜ ਵਿਚ। ਇਸਦੇ ਲਈ ਫੁੱਲ ਟਾਈਮ ਕੰਮ ਅਤੇ ਘੱਟੋ-ਘੱਟ 30 ਘੰਟੇ ਪ੍ਰਤੀ ਹਫਤਾ ਕੰਮ ਹੋਣਾ ਚਾਹੀਦਾ ਹੈ। ਇਸਦੇ ਲਈ ਇੰਪਲਾਇਮੈਂਟ ਐਗਰੀਮੈਂਟ, ਜਾਂ ਇੰਪਲਾਇਰ ਦੀ ਚਿੱਠੀ ਅਤੇ ਤੁਹਾਡੀ ਮੁਹਾਰਿਤ ਦੀ ਸ਼੍ਰੇਣੀਗੱਤ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। 29 ਸਤੰਬਰ 2021 ਨੂੰ 25 ਸਾਲ ਦੇ ਹੋਣ ਵਾਲੇ ਬੱਚੇ ਵੀ ਯੋਗ ਉਮੀਦਵਾਰਾਂ ਦੇ ਵਿਚ ਸ਼ਾਮਿਲ ਕਰ ਲਏ ਜਾਣਗੇ ਪਰ ਇਨ੍ਹਾਂ ਨੂੰ ਵੱਖਰੀ ਅਰਜ਼ੀ ਦੇਣੀ ਹੋਵੇਗੀ ਅਤੇ ਸਿਹਤ ਮਾਪਦੰਡ ਪਾਸ ਕਰਨੇ ਹੋਣਗੇ। ਤਾਂ ਹੀ ਵੀਜ਼ਾ ਮਿਲੇਗਾ ਜੇਕਰ ਮਾਪਿਆਂ ਨੂੰ ਵੀਜ਼ਾ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਪਾਰਟਨਰ ਇਸ ਵੇਲੇ ਨਿਊਜ਼ੀਲੈਂਡ ਨਹੀਂ ਹਨ, ਉਨ੍ਹਾਂ ਨੂੰ ਵੀ ਅਰਜ਼ੀ ਦੇ ਵਿਚ ਸ਼ਾਮਿਲ ਕੀਤਾ ਜਾ ਸਕੇਗਾ। ਤੁਹਾਨੂੰ 12 ਮਹੀਨਿਆਂ ਦਾ ਰਿਸ਼ਤਾ ਵਿਖਾਉਣਾ ਪਏਗਾ ਕਿ ਤੁਸੀਂ ਐਨਾ ਸਮਾਂ ਇਕੱਠੇ ਅਤੇ ਸਥਿਰ ਰਿਸ਼ਤੇ ਵਿਚ ਰਹੇ ਹੋ। ਜਿਨ੍ਹਾਂ ਦਾ ਰਿਸ਼ਤਾ ਨਵਾਂ ਬਣਿਆ ਹੈ, ਉਹ ਇਕ ਦੂਜੇ ਨਾਲ ਕਦੇ ਨਹੀਂ ਰਹੇ, ਉਹ ਇਸ ਦੇ ਵਿਚ ਸ਼ਾਮਿਲ ਨਹੀਂ ਕੀਤੇ ਜਾ ਰਹੇ। ਦੇਸ਼ ਤੋਂ ਬਾਹਰ ਰਹਿੰਦੇ ਪਾਰਟਨਰ ਅਤੇ ਮਾਪਿਆਂ ਅਧਾਰਿਤ ਬੱਚੇ ਨਿਊਜ਼ੀਲੈਂਡ ਆ ਸਕਣਗੇ। ਪਿਛਲੇ 36 ਮਹੀਨਿਆਂ ਦੇ ਵਿਚ ਜੇਕਰ ਤੁਹਾਡੀ ਮੈਡਕਲ ਰਿਪੋਰਟ ਜਾ ਚੁੱਕੀ ਹੈ ਅਤੇ ਕੋਈ ਸਿਹਤ ਵਿਚ ਬਦਲਾਅ ਨਹੀਂ ਹੈ ਤਾਂ ਦੁਬਾਰਾ ਮੈਡੀਕਲ ਤੋਂ ਰਾਹਤ ਮਿਲੇਗੀ। ਇਮੀਗ੍ਰੇਸ਼ਨ ਹੋਰ ਜਾਣਕਾਰੀ ਵਾਸਤੇ ਪੁੱਛ ਸਕਦੀ ਹੈ। ਇਮੀਗ੍ਰੇਸ਼ਨ ਵਿਭਾਗ 17 ਸਾਲ ਤੋਂ ਉਪਰ ਵਾਲਿਆਂ ਦਾ ਪੁਲਿਸ ਰਿਕਾਰਡ ਚੈਕ ਕਰੇਗਾ। ਵਰਨਣਯੋਗ ਹੈ ਕਿ ਲਗਪਗ 50,000 ਤੋਂ ਉਪਰ ਭਾਰਤੀ ਲੋਕਾਂ ਦਾ ਵੀ ‘2021 ਰੈਜੀਡੈਂਸੀ ਵੀਜ਼ਾ’ ਨੀਤੀ ਦੇ ਵਿਚ ਪੱਕੇ ਹੋਣ ਦੀ ਸੰਭਾਵਨਾ ਹੈ। ਜਿਆਦਾ ਜਾਣਕਾਰੀ ਲਈ ਇਮੀਗ੍ਰੇਸ਼ਨ ਦੀ ਵੈਬਸਾਈਟ ਉਤੇ ਜਾਇਆ ਜਾ ਸਕਦਾ ਹੈ।
