10.2 C
United Kingdom
Saturday, April 19, 2025

More

    ਕੋਪ 26 ਵਿਸ਼ਵ ਲਈ ‘ਗਲੋਬਲ ਵਾਰਮਿੰਗ’ ਵਿਰੁੱਧ ਲੜਾਈ ਦਾ ਮਹੱਤਵਪੂਰਨ ਮੌਕਾ- ਬੋਰਿਸ ਜੌਹਨਸਨ

    ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਨੂੰ ਇਸ ਸਾਲ ਦੇ ਸੰਯੁਕਤ ਰਾਸ਼ਟਰ ਦੇ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਕੋਪ 26 ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਵਿਸ਼ਵ ਪੱਧਰੀ ਕਾਨਫਰੰਸ ਵਾਤਾਵਰਨ ਵਿੱਚ ਹੋ ਰਹੀ ਤਬਦੀਲੀ ਦੇ ਸਬੰਧ ਵਿੱਚ ਵਿਸ਼ਵ ਨੇਤਾਵਾਂ ਨੂੰ ਚਰਚਾ ਕਰਨ ਲਈ ਪਲੇਟਫਾਰਮ ਪ੍ਰਦਾਨ ਕਰੇਗੀ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਗਲਾਸਗੋ ਵਿੱਚ ਹੋ ਰਹੀ ਇਸ ਸਾਲ ਦੀ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ ਨੂੰ ਗਲੋਬਲ ਵਾਰਮਿੰਗ ਨਾਲ ਨਜਿੱਠਣ ਦੀ ਲੜਾਈ ਵਿੱਚ “ਸੰਸਾਰ ਦਾ ਸੱਚਾਈ ਦਾ ਪਲ” ਕਿਹਾ ਹੈ। ਅੱਜ ਸ਼ੁਰੂ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਨੂੰ ਵਿਸ਼ਵ ਨੇਤਾਵਾਂ ਦੁਆਰਾ “ਨਿਰਣਾਇਕ ਕਾਰਵਾਈ” ਲਈ ਇੱਕ ਪਲ ਵੀ ਦੱਸਿਆ ਹੈ। ਵਿਸ਼ਵ ਭਰ ਵਿੱਚੋਂ 120 ਤੋਂ ਵੱਧ ਨੇਤਾ ਸੋਮਵਾਰ 1 ਅਤੇ ਮੰਗਲਵਾਰ 2 ਨਵੰਬਰ ਨੂੰ ਦੋ ਦਿਨਾਂ ਵਿਸ਼ਵ ਲੀਡਰ ਸੰਮੇਲਨ ਲਈ ਗਲਾਸਗੋ ਵਿੱਚ ਸਕਾਟਿਸ਼ ਈਵੈਂਟ ਕੈਂਪਸ (ਐੱਸ ਈ ਸੀ) ਦੀ ਯਾਤਰਾ ਕਰਨਗੇ, ਜਿਸ ਵਿੱਚ 196 ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਦੇ 25,000 ਡੈਲੀਗੇਟਾਂ, ਮੰਤਰੀਆਂ ਅਤੇ ਵਪਾਰਕ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਇਹ ਸੰਮੇਲਨ ਦੋ ਹਫਤਿਆਂ ਤੱਕ ਚੱਲੇਗਾ। ਕੋਪ 26 ਯੂਕੇ ਦੁਆਰਾ ਹੁਣ ਤੱਕ ਦੇ ਸਭ ਤੋਂ ਵੱਡੇ ਗਲੋਬਲ ਇਕੱਠਾਂ ਵਿੱਚੋਂ ਇੱਕ ਹੋਵੇਗਾ, ਅਤੇ ਵਿਸ਼ਵ ਨੇਤਾਵਾਂ ਦੇ ਸੰਮੇਲਨ ਵਿੱਚ ਸੋਮਵਾਰ ਨੂੰ ਸਮਾਗਮਾਂ ਦਾ ਪਹਿਲਾ ਵਿਅਸਤ ਦਿਨ ਬਾਕੀ ਕਾਨਫਰੰਸ ਲਈ ਮਹੱਤਵਪੂਰਨ ਰਾਸਤਾ ਤੈਅ ਕਰੇਗਾ। ਪ੍ਰਧਾਨ ਮੰਤਰੀ ਅਨੁਸਾਰ ਸਾਰੇ ਵਿਸ਼ਵ ਨੇਤਾ ਇਕੱਠੇ ਮਿਲ ਕੇ ਜਲਵਾਯੂ ਪਰਿਵਰਤਨ ਦੇ ਅੰਤ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰ ਸਕਦੇ ਹਨ। ਇਸ ਸਾਲ ਦਾ ਕੋਪ 26 ਸਿਖਰ ਸੰਮੇਲਨ ਖਾਸ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਪਾਰਟੀਆਂ ਸਭ ਤੋਂ ਨਵੀਨਤਮ ਯੋਜਨਾਵਾਂ ਦੀ ਸਮੀਖਿਆ ਕਰਨਗੀਆਂ ਕਿ ਉਹ ਗਲੋਬਲ ਵਾਰਮਿੰਗ ਨੂੰ 2C ਤੱਕ ਕਿਵੇਂ ਸੀਮਤ ਕਰਨਗੇ।ਯੂਕੇ ਸਰਕਾਰ ਨੇ ਕੋਪ 26 ਸੰਮੇਲਨ ਲਈ ਕੁੱਝ ਟੀਚੇ ਰੱਖੇ ਹਨ, ਜਿਸ ਵਿੱਚ ਦੇਸ਼ਾਂ ਨੂੰ 2050 ਤੋਂ ਪਹਿਲਾਂ ਸ਼ੁੱਧ-ਜ਼ੀਰੋ ਵਚਨਬੱਧਤਾਵਾਂ ਨੂੰ ਅੱਗੇ ਵਧਾਉਣ, ਕੋਲੇ, ਕਾਰਾਂ ਅਤੇ ਰੁੱਖਾਂ ਬਾਰੇ ਵਚਨਬੱਧਤਾਵਾਂ ਰਾਹੀਂ ਅਗਲੇ ਦਹਾਕੇ ਵਿੱਚ ਤੇਜ਼ੀ ਨਾਲ ਗੈਸੀ ਨਿਕਾਸ ਨੂੰ ਘਟਾਉਣ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਲੋੜੀਂਦੇ ਵਿੱਤ ਪ੍ਰਦਾਨ ਕਰਨ ਲਈ ਤਾਕੀਦ ਕਰਨਾ ਸ਼ਾਮਲ ਹੈ।  ਸੋਮਵਾਰ ਨੂੰ, ਬੋਰਿਸ ਜੌਹਨਸਨ ਕੋਪ 26 ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਇੱਕ ਮੁੱਖ ਭਾਸ਼ਣ ਦੇਣਗੇ ਜੋ ਦੁਪਹਿਰ ਦੇ ਕਰੀਬ ਹੋਵੇਗਾ। ਯੂਕੇ ਸਰਕਾਰ ਅਨੁਸਾਰ ਉਦਘਾਟਨੀ ਸਮਾਰੋਹ ਦਾ ਥੀਮ “ਅਰਥ ਟੂ ਕੋਪ” ਹੈ । ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਵਿੱਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰਿੰਸ ਚਾਰਲਸ ਅਤੇ ਕੋਪ 26 ਦੇ ਪੀਪਲਜ਼ ਵਕੀਲ ਸਰ ਡੇਵਿਡ ਐਟਨਬਰੋ ਸ਼ਾਮਲ ਹੋਣਗੇ। ਇਸਦੇ ਇਲਾਵਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ, ਇਟਲੀ ਦੇ ਪ੍ਰਧਾਨ ਮੰਤਰੀ ਅਤੇ ਕੋਪ 26 ਦੇ ਸਹਿ ਮੇਜ਼ਬਾਨ ਮਾਰੀਓ ਡਰਾਗੀ ਅਤੇ ਬਾਰਬਾਡੀਅਨ ਪ੍ਰਧਾਨ ਮੰਤਰੀ ਮੀਆ ਮੋਟਲੀ ਵੀ ਸਮਾਰੋਹ ਦੌਰਾਨ ਸੰਬੋਧਨ ਕਰਨਗੇ। ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਜੌਹਨਸਨ, ਡਿਊਕ ਅਤੇ ਡਚੇਸ ਆਫ਼ ਕੈਮਬ੍ਰਿਜ ਅਤੇ ਡਿਊਕ ਅਤੇ ਡਚੇਸ ਆਫ਼ ਕਾਰਨਵਾਲ ਦੇ ਨਾਲ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਵੀ ਕਰਨ ਵਾਲੇ ਹਨ। ਜਦਕਿ ਮਹਾਰਾਣੀ ਐਲਿਜਾਬੈਥ ਵਿਅਕਤੀਗਤ ਤੌਰ ‘ਤੇ ਜਲਵਾਯੂ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ ਇੱਕ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਦੁਆਰਾ ਡੈਲੀਗੇਟਾਂ ਨੂੰ ਸੰਬੋਧਿਤ ਕਰੇਗੀ।  ਇਸਦੇ ਨਾਲ ਹੀ ਸੰਮੇਲਨ ਵਿੱਚ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਸਬੰਧੀ ਮੀਨੂ ‘ਤੇ ਆਈਟਮਾਂ ਵਿੱਚ ਰਵਾਇਤੀ ਸਕਾਟਿਸ਼ ਕੈਨੇਪਸ, ਰਿਜਵਿਊ ਵਿੰਟੇਜ ਇੰਗਲਿਸ਼ ਸਪਾਰਕਲਿੰਗ ਵਾਈਨ ਅਤੇ ਖਾਸ ਕੋਪ 26 ਵਿਸਕੀ ਸ਼ਾਮਲ ਹੋਵੇਗੀ। ਰਿਫਰੈਸ਼ਮੈਂਟ ਦੇ ਨਾਲ-ਨਾਲ, ਮਹਿਮਾਨਾਂ ਦਾ ਰਾਇਲ ਸਕਾਟਿਸ਼ ਨੈਸ਼ਨਲ ਆਰਕੈਸਟਰਾ ਦੇ ਸੰਗੀਤ ਨਾਲ ਮਨੋਰੰਜਨ ਵੀ ਕੀਤਾ ਜਾਵੇਗਾ। ਕੋਪ 26 ਅਧਿਕਾਰਤ ਤੌਰ ‘ਤੇ ਐਤਵਾਰ 31 ਅਕਤੂਬਰ ਨੂੰ ਸ਼ੁਰੂ ਹੈ ਅਤੇ ਸ਼ੁੱਕਰਵਾਰ 12 ਨਵੰਬਰ ਨੂੰ ਸਮਾਪਤ ਹੋਵੇਗਾ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!