
ਵਿਦਿਆਰਥੀਆਂ ਅਤੇ ਸਕਿਲਡ ਪ੍ਰਵਾਸੀਆਂ ਦਾ ਭਵਿੱਖ ਅਜੇ ਵੀ ਅਸਪਸ਼ਟ
ਬ੍ਰਿਸਬੇਨ (ਹਰਜੀਤ ਲਸਾੜਾ) ਆਸਟਰੇਲੀਅਨ ਫੈਡਰਲ ਸਰਕਾਰ ਵੱਲੋਂ ਨਵੰਬਰ ਤੋਂ ਆਸਟਰੇਲੀਅਨ ਨਾਗਰਿਕਾਂ, ਸਥਾਈ ਨਿਵਾਸੀਆਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਨ੍ਹਾਂ ਦੇ ਯੋਗ ਮਾਪਿਆਂ ਲਈ ਜੋ ਕੋਵਿਡ-19 ਟੀਕੇ ਦੀਆਂ ਦੋਨੋ ਡੋਜ਼ ਲਵਾ ਚੁੱਕੇ ਹਨ, ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਪਰ ‘ਅਜ਼ਾਦੀ ਦੇ ਰੋਡਮੈਪ’ ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਚੰਗੀ ਉਮੀਦ ਲਾਈ ਬੈਠੇ ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਬਾਰੇ ਫ਼ਿਲਹਾਲ ਕੋਈ ਅਹਿਮ ਐਲਾਨ ਨਹੀਂ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਮਾਰਚ 2020 ਵਿੱਚ, ਆਸਟਰੇਲੀਆ ਨੇ ਗੈਰ-ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਅਤੇ ਨਾਗਰਿਕਾਂ ਨੂੰ ਸਰਕਾਰੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰ ਅਗਲੇ ਮਹੀਨੇ ਬਾਇਓਸਕਯੁਰਿਟੀ ਐਕਟ ਯੋਗ ਯਾਤਰਾ ਪਾਬੰਦੀ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਕਵਾਂਟਸ ਇਕੋ ਸਮੇਂ ਲੰਡਨ ਅਤੇ ਲਾਸ ਏਂਜਲਸ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦਸੰਬਰ ਮਹੀਨੇ ‘ਚ ਏਅਰਲਾਈਨ ਵਾਧੂ ਮੰਜ਼ਿਲਾਂ ਲਈ ਉਡਾਣਾਂ ਸ਼ਾਮਲ ਕਰੇਗੀ, ਅਤੇ ਕੁਝ ਹੋਰ ਏਅਰਲਾਈਨਾਂ ਆਸਟਰੇਲੀਆ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨਗੀਆਂ। ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਆਪਣੇ ਘਰ ਵਿੱਚ ਸੱਤ ਦਿਨ ਅਲੱਗ ਰੱਖਣ ਦੀ ਜ਼ਰੂਰਤ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਸੰਘੀ ਚੋਣਾਂ ਅਤੇ ਲਾਜ਼ਮੀ ਵੋਟਿੰਗ ਦੇ ਚੱਲਦਿਆਂ ਸਰਕਾਰ ਦਾ ਇਹ ਫੈਸਲਾ ਬਹੁਤ ਸਾਰੇ ਨਾਖੁਸ਼ ਆਸਟਰੇਲੀਆਈ ਲੋਕਾਂ ਨੂੰ ਸੰਤੁਸ਼ਟ ਕਰੇਗਾ।