ਬਠਿੰਡਾ (ਅਸ਼ੋਕ ਵਰਮਾ) ਪਿੰਡ ਸ਼ੇਰਗੜ੍ਹ ਦੀ ਬਿਰਧ ਦਲੀਪ ਕੌਰ ਕੋਲ ਤਾਂ ਆਪਣੇ ਪੁੱਤਰ ਦੀ ਯਾਦ ਹੀ ਬਾਕੀ ਬਚੀ ਹੈ। ਪੰਜਾਬ ’ਚ ਵਗੀ ਕਾਲੀ ਹਨੇਰੀ ਨੇ ਉਸਦਾ ਕੜੀ ਵਰਗਾ ਪੁੱਤ ਦਰਸ਼ਨ ਸਿੰਘ ਖੋਹ ਲਿਆ। ਪੁੱਤ ਦੇ ਵਿਛੋੜੇ ’ਚ ਅੱਖਾਂ ਦੀ ਰੌਸ਼ਨੀ ਗੁਆਉਣ ਕੰਢੇ ਪੁੱਜ ਚੁੱਕੀ ਮਾਤਾ ਨੇ ਆਖਿਆ ਕਿ ਹਰ ਸਾਲ ਇਹ ਦਿਨ ਅੱਲੇ ਫੱਟ ਹਰੇ ਕਰ ਦਿੰਦਾ ਹੈ। ਉਮਰ ਦੇ ਪਿਛਲੇ ਪਹਿਰ ’ਚ ਪੁੱਜ ਚੁੱਕੀ ਘੰਡਾ ਬੰਨਾ ਦੀ ਮਲਕੀਤ ਕੌਰ ਨੂੰ 20 ਫਰਵਰੀ 1991 ਦਾ ਉਹ ਮਨਹੂਸ ਦਿਨ ਨਹੀਂ ਭੁੱਲ ਰਿਹਾ ਜਦੋਂ ਉਸਦਾ ਜਵਾਨ ਪੁੱਤ ਜਰਨੈਲ ਸਿੰਘ ਅੱਤਵਾਦ ਖਿਲਾਫ ਲੜਾਈ ’ਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਜਰਨੈਲ ਸਿੰਘ ਪੰਜਾਬ ਪੁਲਿਸ ’ਚ ਸਿਪਾਹੀ ਸੀ ਅਤੇ ਉਸਦੀ 20 ਫਰਵਰੀ ਨੂੰ ਮਾਨਸਾ ਵਿਖੇ ਬੰਬ ਧਮਾਕੇ ’ਚ ਮੌਤ ਹੋ ਗਈ ਸੀ ਉਸ ਨੇ ਤਾਂ ਅਜੇ ਤੱਕ ਆਪਣੀ ਜਿੰਦਗੀ ਵੀ ਸ਼ੁਰੂ ਨਹੀਂ ਕੀਤੀ ਸੀ ਕਿ ਇਹ ਭਾਣਾ ਵਾਪਰ ਗਿਆ। ਇਸ ਪ੍ਰੀਵਾਰ ਨੂੰ ਤਾਂ ਦੂਹਰੀ ਮਾਰ ਪਈ ਪੋਤੇ ਨੂੰ ਵਿਦੇਸ਼ ਭੇਜਣ ਲਈ 10 ਲੱਖ ਦਾ ਕਰਜਾ ਚੁੱਕ ਕੇ ਟਰੈਵਲ ਏਜੰਟ ਨੂੰ ਦੇ ਦਿੱਤਾ ਪਰ ਉਹ ਧੋਖਾ ਕਰ ਗਿਆ। ਇਸ ਬਿਰਧ ਦੇ ਪੋਤੇ ਨੂੰ ਸਰਕਾਰ ਨੇ ਪੁਲਿਸ ’ਚ ਨੌਕਰੀ ਦੇ ਦਿੱਤੀ ਹੈ ਜਿਸ ਦੀ ਬਦਲੀ ਲਈ ਅੱਜ ਉਹ ਅਫਸਰਾਂ ਅੱਗੇ ਫਰਿਆਦੀ ਹੋਈ ਸੀ। ਉਸ ਨੇ ਆਖਿਆ ਕਿ ਪੋਤਾ ਨੇੜੇ ਆ ਜਾਏ ਤਾਂ ਉਸ ਦੀ ਦੇਖਭਾਲ ਕਰ ਸਕੇਗਾ। ਜ਼ਿਲ੍ਹਾ ਪੁਲਿਸ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਅੱਜ ਉਨ੍ਹਾਂ ਪ੍ਰੀਵਾਰਾਂ ਨੂੰ ਬੁਲਾਇਆ ਗਿਆ ਸੀ ਜਿੰਨ੍ਹਾਂ ਦੇ ਆਪਣੇ ਪੰਜਾਬ ’ਚ ਵਗੀ ਕਾਲੀ ਹਨੇਰੀ ਦੌਰਾਨ ਸ਼ਹੀਦ ਹੋ ਗਏ ਸਨ। ਪਰਮਜੀਤ ਕੌਰ ਦਾ ਪਤੀ ਜਸਪਾਲ ਸਿੰਘ ਅੱਤਵਾਦ ਖਿਲਾਫ ਲੜਾਈ ਲੜਦਾ ਸ਼ਹੀਦ ਹੋ ਗਿਆ । ਵਿਧਵਾ ਪਰਮਜੀਤ ਕੌਰ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹੈ । ਉਸਦੇ ਦੁੱਖਾਂ ਦਾ ਅੰਤ ਨਹੀਂ ਹੋਇਆ ਬਲਕਿ ਕੈਂਸਰ ਦੀ ਮਾਰ ਨਾਲ ਉਸ ਦੀਆਂ ਹੱਡੀਆਂ ਤੇ ਅਸਰ ਪਿਆ ਹੈ। ਪਿੰਡ ਜਿਉਂਦ ਦੀ ਪਰਮਜੀਤ ਕੌਰ ਦਾ ਪਤੀ 12 ਅਪ੍ਰੈਲ 1992 ਨੂੰ ਸ਼ਹੀਦ ਹੋਇਆ ਸੀ। ਵਿਧਵਾ ਪਰਮਜੀਤ ਕੌਰ 29 ਸਾਲਾਂ ਤੋਂ ਦੁੱਖਾਂ ਦੀ ਮਾਰ ਝੱਲ ਰਹੀ ਹੈ। ਪਤੀ ਦੀ ਸ਼ਹਾਦਤ ਤੋਂ ਸੱਤ ਮਹੀਨੇ ਮਗਰੋਂ ਉਸਦੇ ਘਰ ਧੀ ਗੂੰਗੀ ਤੇ ਬੋਲੀ ਬੱਚੀ ਨੇ ਜਨਮ ਲਿਆ ਤਾਂ ਉਸ ਤੇ ਇਹ ਖਬਰ ਬਿਜਲੀ ਬਣਕੇ ਡਿੱਗੀ ਸੀ। ਇਹ ਲੜਕੀ ਮੁਟਿਆਰ ਹੋ ਗਈ ਹੈ ਜਿਸ ਦਾ ਫਿਕਰ ਉਸ ਨੂੰ ਸੌਣ ਨਹੀਂ ਦਿੰਦਾ ਹੈ। ਉਸ ਨੇ ਆਖਿਆ ਕਿ 21 ਅਕਤੂਬਰ ਤਾਂ ਜਖਮ ਕੁਰੇਦਦੀ ਹੈ ਪਰ ਕੀ ਕਰੀਏ ਵਕਤ ਤਾਂ ਲੰਘਾਉਣਾ ਹੈ। ਉਸ ਨੇ ਆਪਣੀ ਧੀਅ ਦੇ ਭਵਿੱਖ ਬਾਰੇ ਵੀ ਚਿੰਤਾ ਜਤਾਈ। ਉਮਰ ਦੇ 80 ਸਾਲ ’ਚ ਪੁੱਜੀ ਪ੍ਰਕਾਸ਼ ਕੌਰ ਬਠਿੰਡਾ ਨੂੰ ਪੋਤੀ ਪ੍ਰਵੀਨ ਕੌਰ ਲਿਆਈ ਸੀ। ਪ੍ਰਕਾਸ਼ ਕੌਰ ਦਾ ਪਤੀ 1992 ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਚਕੇਰੀਆ ’ਚ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਉਸ ਨੇ ਅਫਸਰਾਂ ਅੱਗੇ ਪੋਤੇ ਦੀ ਨੌਕਰੀ ਲਈ ਫਰਿਆਦ ਕੀਤੀ। ਸ਼ਹੀਦੀ ਸਮਾਗਮ ਵਿੱਚ ਆਏ ਪ੍ਰੀਵਾਰਾਂ ਦੀ ਇਹੋ ਕਹਾਣੀ ਹੈ ਜਿੰਨ੍ਹਾਂ ਦੇ ਅੱਜ ਵੀ ਵਿਛੋੜੇ ਦੀ ਚੀਸ ਵੱਜ ਰਹੀ ਹੈ। ਦੱਸਣਯੋਗ ਹੈ ਕਿ 21 ਅਕਤੂਬਰ 1959 ਨੂੰ ਚੀਨੀ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ’ਚ ਹਰ ਸਾਲ ਮਨਾਏ ਜਾਂਦੇ ‘ ਸ਼ਹਾਦਤ ਦਿਵਸ ’ ਮੌਕੇ ਅੱਜ ਬਠਿੰਡਾ ਪੁਲਿਸ ਲਾਈਨ ’ਚ ਆਈ ਜੀ ਜਸਕਰਨ ਸਿੰਘ ਅਤੇ ਐਸ. ਐਸ. ਪੀ. ਅਜੈ ਮਲੂਜਾ ਦੀ ਅਗਵਾਈ ਹੇਠ ਪੁਲਿਸ ਅਫਸਰਾਂ ਨੇ ‘ ਸ਼ਹੀਦੀ ਸਮਾਰਕ ’ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਸਲਾਮੀ ਦਿੱਤੀ। ਇਸ ਮੌਕੇ ਐਸ. ਪੀ. (ਐਚ.) ਸੁਰਿੰਦਰਪਾਲ ਸਿੰਘ ਨੇ ਸ਼ਹੀਦਾਂ ਦੀ ਸੂਚੀ ਪੜ੍ਹੀ। ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ। ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਧਾਰਿਆ ਗਿਆ। ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੇ ਪ੍ਰੀਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।
ਸ਼ਹੀਦ ਦੇਸ਼ ਕੌਮ ਦਾ ਮਾਣ:ਆਈ ਜੀ ਆਈ.ਜੀ. ਜਸਕਰਨ ਸਿੰਘ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ’ਤੇ ਦੇਸ਼ ਅਤੇ ਕੌਮ ਨੂੰ ਮਾਣ ਹੈ, ਪਰ ਨਾਲ ਦੀ ਨਾਲ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਵੀ ਸਾਡੇ ਫਰਜ ਬਣਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਉਨ੍ਹਾਂ ਦੇਸ਼ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰਣ ਲੈਣ ਦੀ ਵੀ ਅਪੀਲ ਕੀਤੀ।
ਇਹ ਸ਼ਖਸ਼ੀਅਤਾਂ ਵੀ ਸਨ ਹਾਜ਼ਰ
ਸਮਾਗਮ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਕੇਸ਼ ਗੁਪਤਾ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਮੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸਾਬਕਾ ਮੰਤਰੀ ਸ਼੍ਰੀ ਚਰੰਜੀ ਲਾਲ ਗਰਗ, ਕਾਂਗਰਸੀ ਆਗੂ ਪਵਨ ਮਾਨੀ ਤੋਂ ਇਲਾਵਾ ਪੁਲਿਸ ਦੇ ਵੱਡੀ ਗਿਣਤੀ ਉੱਚ ਅਧਿਕਾਰੀ ਤੇ ਪ੍ਰਮੁੱਖ ਸਖ਼ਸ਼ੀਅਤਾਂ ਹਾਜਰ ਸਨ ਜਿੰਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।