
ਚੰਡੀਗੜ: ਅੱਜ ਯੁਗ ਕਵੀ ਪ੍ਰੋ ਮੋਹਨ ਸਿੰਘ ਦਾ ਜਨਮ ਦਿਨ ਹੈ। ਲੇਖਕ ਜਗਤ ਵੱਲੋਂ ਉਹਨਾ ਨੂੰ ਚੇਤੇ ਕੀਤਾ ਜਾ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਉਹਨਾ ਦੇ ਜਨਮ ਦਿਨ ਮੌਕੇ ਅੱਜ ਪੰਜਾਬੀ ਭਵਨ ਲੁਧਿਆਣਾ ਵਿਚ ਵਿਸ਼ਾਲ ਕਵੀ ਦਰਬਾਰ ਪੋ ਮੋਹਨ ਸਿੰਘ ਫਾਊਡੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪ੍ਰੋ ਮੋਹਨ ਸਿੰਘ ਨੂੰ ਯਾਦ ਕਰਦਿਆਂ ਉਹਨਾ ਨਾਲ ਬਿਤਾਏ ਪਲਾਂ ਤੇ ਉਨਾਂ ਦੀ ਰੰਗੀਲੜੀ ਸ਼ਖਸੀਅਤ ਬਾਰੇ ਚਾਨਣਾ ਪਾਇਆ। ਡਾ ਪਾਤਰ ਨੇ ਆਖਿਆ ਕਿ ਪ੍ਰੋ ਸਾਹਬ ਲਗਿਆ ਹੀ ਨਹੀ ਕਿਤੇ ਚਲੇ ਗਏ ਹਨ। ਉਨਾਂ ਨੂੰ ਹਰ ਸਮੇਂ ਅੰਗ ਸੰਗ ਹੀ ਮਹਿਸੂਸ ਕਰਦੇ ਹਾਂ। ਡਾ ਪਾਤਰ ਨੇ ਪ੍ਰੋਫੈਸਰ ਸਾਹਬ ਦੇ ਪਰਿਵਾਰ ਨੂੰ ਵਧਾਈ ਦਿੱਤੀ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਪ੍ਰੋ ਮੋਹਨ ਸਿੰਘ ਅਜ ਵੀ ਨਿਰੰਤਰ ਪੜੇ ਜਾ ਰਹੇ ਹਨ, ਪੜਾਏ ਜਾ ਰਹੇ ਹਨ। ਉਨਾ ਦੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ। ਪੰਜਾਬ ਕਲਾ ਪਰਿਸ਼ਦ ਵੱਲੋਂ ਅਜਿਹੇ ਮਾਣਮੱਤੇ ਸ਼ਾਇਰ ਨੂੰ ਯਾਦ ਕਰਨਾ ਪਰਿਸ਼ਦ ਵਾਸਤੇ ਸ਼ੋਭਾਮਈ ਸਮਾਂ ਹੈ। ਪਰਿਸ਼ਦ ਦੇ ਸਕੱਤਰ ਲਖਵਿੰਦਰ ਜੌਹਲ ਨੇ ਆਖਿਆ ਕਿ ਪ੍ਰੋ ਮੋਹਨ ਸਿੰਘ ਦੀਆਂ ਕਵਿਤਾਵਾਂ ਹੀ ਨਹੀਂ ਸਗੋਂ ਉਹਨਾ ਦੇ ਰਹੇ ਗੀਤ ਵੀ ਬੇਹੱਦ ਮਕਬੂਲ ਹੋਏ ਹਨ। ਸਿੱਖੀ ਦਾ ਬੂਟਾ, ਅੰਬੀ ਦਾ ਬੂਟਾ, ਨਗ ਪੰਜਾਬ ਦਾ, ਛਤੋ ਦੀ ਬੇਰੀ ਵਰਗੀਆਂ ਕਈ ਲਿਖਤਾਂ ਅਮਰ ਹਨ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਕਲਾ ਪਰਿਸ਼ਦ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਸਾਹਿਤ ਜਗਤ ਨੂੰ ਪ੍ਰੋ ਮੋਹਨ ਸਿੰਘ ਦੇ ਜਨਮ ਦਿਨ ਦੀ ਵਧਾਈ ਦਿਤੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।