ਲਖੀਮਪੁਰ ਖੀਰੀ (ਪੰਜ ਦਰਿਆ ਬਿਊਰੋ) ਉੱਤਰ ਪ੍ਰਦੇਸ਼ ਵਿਚ ਅੱਜ ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜ੍ਹੇ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਘੱਟੋ ਘੱਟ 4 ਕਿਸਾਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਲਖਨਊ ਤੋਂ 130 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੂਨੀਆਂ ਨਾਮੀ ਥਾਂ ਉੱਤੇ ਵਾਪਰੀ ਹੈ। ਇਸ ਘਟਨਾ ਬਾਰੇ ਸੰਯੁਕਤ ਕਿਸਾਨ ਮੋਰਚੇ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਇਸ ਮੁਤਾਬਕ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਵਲੋਂ ਕੁਚਲੇ ਜਾਣ ’ਤੇ 4 ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹਨ। ਇਸ ਹਾਦਸੇ ਤੋਂ ਬਾਅਦ ਕਿਸਾਨ ਗੁੱਸੇ ਵਿੱਚ ਹਨ। ਕਿਸਾਨਾਂ ਦੀ ਮੌਤ ਹੋਣ ਕਾਰਨ ਸਥਿਤੀ ਬਹੁਤ ਤਣਾਅਪੂਰਨ ਹੈ। ਇਸ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਲਖੀਮਪੁਰ ਪਹੁੰਚਣ ਦਾ ਸੱਦਾ ਦਿੱਤਾ ਹੈ। ਹਜ਼ਾਰਾਂ ਕਿਸਾਨ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਅਭੈ ਮਿਸ਼ਰਾ ਮੋਨੂੰ ਤੇ ਉਸਦੇ ਸਮਰਥਕਾਂ ਵੱਲੋਂ ਕਾਰ ਨਾਲ ਕਿਸਾਨਾਂ ਨੂੰ ਕੁਚਲਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸਦੇ ਇਲਾਵਾ ਕੁੱਝ ਕਿਸਾਨ ਜਥੇਬੰਦੀਆਂ ਨੇ ਗੋਲੀਬਾਰੀ ਕਰਨ ਦੇ ਦੋਸ਼ ਵੀ ਲਾਏ ਹਨ। ਇਸ ਹਾਦਸੇ ਉਪਰੰਤ ਕਿਸਾਨ ਮੋਰਚੇ ਨੇ ਕਿਹਾ ਕਿ ਇਸ ਦੇਸ਼ ਦੇ ਅੰਨਦਾਤੇ ਨਾਲ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਐਤਵਾਰ ਨੂੰ ਯੂ. ਪੀ. ਦੇ ਲਖੀਮਪੁਰ ਖੀਰੀ ਦੇ ਬਨਬੀਰਪੁਰ ’ਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਪਹੁੰਚਣ ਵਾਲੇ ਸਨ ਪਰ ਉਸ ਤੋਂ ਪਹਿਲਾਂ ਤਿਕੂਨੀਆ ਵਿਚ ਵਿਵਾਦ ਹੋ ਗਿਆ। ਤਿਕੂਨੀਆ ’ਚ ਕਿਸਾਨ ਉੱਪ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਖੜ੍ਹੇ ਹੋਏ ਸਨ।
