ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਸਰਕਾਰ ਵੱਲੋਂ ਦੱਖਣੀ ਸੁਡਾਨ ਵਿੱਚ ਵਧ ਰਹੀ ਭੁੱਖਮਰੀ ਦੇ ਮੱਦੇਨਜ਼ਰ 250,000 ਪੌਂਡ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਇਸ ਸਹਾਇਤਾ ਦੇ ਤਹਿਤ ਇਹ ਰਕਮ ਇਸ ਅਫਰੀਕੀ ਦੇਸ਼ ਵਿੱਚ ਕੰਮ ਕਰਨ ਵਾਲੀਆਂ ਚੈਰਿਟੀਜ਼ ਨੂੰ ਮੁਹੱਈਆ ਕਰਵਾਇਆ ਜਾਵੇਗਾ। ਸੁਡਾਨ ਵਿੱਚ ਸਹਾਇਤਾ ਲਈ ਸਕਾਟਿਸ਼ ਕੈਥੋਲਿਕ ਇੰਟਰਨੈਸ਼ਨਲ ਏਡ ਫੰਡ ਅਤੇ ਕ੍ਰਿਸ਼ਚੀਅਨ ਏਡ ਅਪਾਹਜ ਲੋਕਾਂ ਨੂੰ ਐਮਰਜੈਂਸੀ ਭੋਜਨ, ਬੀਜ ਕਿੱਟਾਂ ਅਤੇ ਖੇਤੀਬਾੜੀ ਸਿਖਲਾਈ ਪ੍ਰਦਾਨ ਕਰਨਗੇ। ਇਸਦੇ ਨਾਲ ਹੀ ਸਰਕਾਰ ਦੇ ਇਸ ਐਮਰਜੈਂਸੀ ਫੰਡ ਦੀ ਵਰਤੋਂ ਕੋਰੋਨਾ ਵਾਇਰਸ ਜਾਗਰੂਕਤਾ ਅਤੇ ਰੋਕਥਾਮ ਲਈ ਵੀ ਕੀਤੀ ਜਾਵੇਗੀ। ਇਸ ਸਾਲ ਦੇ ਸ਼ੁਰੂ ਵਿੱਚ, ਸੰਯੁਕਤ ਰਾਸ਼ਟਰ (ਯੂ ਐੱਨ) ਨੇ ਚੇਤਾਵਨੀ ਦਿੱਤੀ ਸੀ ਕਿ ਦੱਖਣੀ ਸੁਡਾਨ ਇੱਕ ਦਹਾਕੇ ਪਹਿਲਾਂ ਆਪਣੀ ਆਜ਼ਾਦੀ ਤੋਂ ਬਾਅਦ ਭੋਜਨ ਅਸੁਰੱਖਿਆ ਅਤੇ ਕੁਪੋਸ਼ਣ ਦਾ ਸਾਹਮਣਾ ਕਰ ਰਿਹਾ ਹੈ। ਇਸ ਸਬੰਧੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਜੈਨੀ ਗਿਲਰੂਥ ਅਨੁਸਾਰ ਦੱਖਣੀ ਸੁਡਾਨ ਦੀ ਸਥਿਤੀ ਬਹੁਤ ਨਿਰਾਸ਼ਾਜਨਕ ਹੈ ਅਤੇ ਸਕਾਟਲੈਂਡ ਇਸ ਸਬੰਧੀ ਸਹਾਇਤਾ ਕਾਰਵਾਈ ਕਰਨ ਲਈ ਤਿਆਰ ਹੈ।
