
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਚੱਲ ਰਹੀ ਤੇਲ ਸਪਲਾਈ ਦੀ ਸਮੱਸਿਆ ਦੌਰਾਨ ਸਰਕਾਰ ਵੱਲੋਂ ਫੌਜ ਦੀ ਮੱਦਦ ਲਈ ਜਾ ਰਹੀ ਹੈ। ਜਿਸਦੇ ਤਹਿਤ ਸੋਮਵਾਰ ਤੋਂ ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਤੇਲ ਨੂੰ ਪਹੁੰਚਾਉਣ ਲਈ ਫੌਜ ਤਾਇਨਾਤ ਕੀਤੀ ਜਾਵੇਗੀ। ਇਸ ਸਬੰਧ ਵਿੱਚ ਲਗਭਗ 200 ਫੌਜੀ ਕਰਮਚਾਰੀ ਪੈਟਰੋਲ ਸਟੇਸ਼ਨਾਂ ‘ਤੇ ਮੱਚੀ ਹਫੜਾ -ਦਫੜੀ ਦੀ ਸਥਿਤੀ ਤੋਂ ਰਾਹਤ ਦਿਵਾਉਣ ਲਈ ਸਿਖਲਾਈ ਲੈ ਰਹੇ ਹਨ। ਤਾਇਨਾਤ ਹੋਣ ਵਾਲੇ 200 ਦੇ ਕਰੀਬ ਫੌਜੀਆਂ ਵਿੱਚੋਂ 100 ਡਰਾਈਵਰ ਹੋਣਗੇ। ਯੂਕੇ ਵਿੱਚ ਡਰਾਈਵਰਾਂ ਦੀ ਘਾਟ ਨੇ ਭੋਜਨ ਤੋਂ ਲੈ ਕੇ ਤੇਲ ਸਮੇਤ ਹੋਰ ਖੇਤਰਾਂ ਦੀ ਸਪਲਾਈ ਚੇਨ ਵਿੱਚ ਹਫੜਾ -ਦਫੜੀ ਮਚਾਈ ਹੋਈ ਹੈ। ਇਸਦੇ ਇਲਾਵਾ ਸਰਕਾਰ ਵੱਲੋਂ ਵਿਦੇਸ਼ੀ ਐੱਚ ਜੀ ਵੀ ਡਰਾਈਵਰਾਂ ਲਈ ਇੱਕ ਅਸਥਾਈ ਵੀਜ਼ਾ ਯੋਜਨਾ ਜੋ ਕਿ ਕ੍ਰਿਸਮਿਸ ਦੇ ਮੌਕੇ ‘ਤੇ ਖਤਮ ਹੋਣ ਵਾਲੀ ਸੀ, ਨੂੰ ਹੁਣ ਫਰਵਰੀ ਦੇ ਅੰਤ ਤੱਕ ਵਧਾ ਦਿੱਤਾ ਜਾਵੇਗਾ, ਕਿਉਂਕਿ ਵਿਦੇਸ਼ੀ ਡਰਾਈਵਰਾਂ ਨੇ ਤਿੰਨ ਮਹੀਨਿਆਂ ਦੀ ਪੇਸ਼ਕਸ਼ ਨੂੰ ਲੈ ਕੇ ਬੋਰਿਸ ਜੌਹਨਸਨ ਦਾ ਮਜ਼ਾਕ ਉਡਾਇਆ ਸੀ। ਸਰਕਾਰ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ 300 ਈਂਧਨ ਚਾਲਕ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ‘ਤੁਰੰਤ’ ਵਿਦੇਸ਼ ਤੋਂ ਯੂਕੇ ਆ ਸਕਣਗੇ, ਜੋ ਹੁਣ ਮਾਰਚ ਤੱਕ ਵੈਧ ਹੋਣਗੇ। ਇਸੇ ਦੌਰਾਨ, ਵਿਦੇਸ਼ੀ ਫੂਡ ਢੁਆਈ ਦੇ ਡਰਾਈਵਰਾਂ ਲਈ 4,700 ਹੋਰ ਵੀਜ਼ਾ ਵੀ ਅਕਤੂਬਰ ਦੇ ਅਖੀਰ ਤੋਂ ਫਰਵਰੀ ਦੇ ਅੰਤ ਤੱਕ ਚੱਲਣਗੇ। ਵਿਦੇਸ਼ੀ ਡਰਾਈਵਰਾਂ ਦੇ ਨਾਲ, 5,500 ਪੋਲਟਰੀ ਕਰਮਚਾਰੀਆਂ ਨੂੰ ਵੀ ਕ੍ਰਿਸਮਿਸ ਤੋਂ ਪਹਿਲਾਂ ਟਰਕੀ ਦੇ ਨਾਲ ਸੁਪਰਮਾਰਕੀਟ ਦੀਆਂ ਅਲਮਾਰੀਆਂ , ਸੈਲਫਾਂ ਨੂੰ ਭਰੀਆਂ ਰੱਖਣ ਵਿੱਚ ਸਹਾਇਤਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਅਤੇ ਵਿਦੇਸ਼ੀ ਪੋਲਟਰੀ ਕਾਮੇ ਹੁਣ 31 ਦਸੰਬਰ ਤੱਕ ਰਹਿ ਸਕਣਗੇ।