ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇੱਕ ਬਿਲ ‘ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਕੈਲੀਫੋਰਨੀਆ ਦੇ ਹਰ ਰਜਿਸਟਰਡ ਵੋਟਰ ਨੂੰ ਭਵਿੱਖ ਦੀਆਂ ਚੋਣਾਂ ਵਿੱਚ ਡਾਕ ਦੁਆਰਾ ਭੇਜੀ ਗਈ ਬੈਲਟ ਮਿਲੇਗੀ। ਇਹ ਕਾਨੂੰਨ ਜੋ ਕਿ ਮਹਾਂਮਾਰੀ ਦੌਰਾਨ 2020 ਦੀਆਂ ਚੋਣਾਂ ਅਤੇ ਹੁਣ ਗਵਰਨਰ ਪਦ ਲਈ ਰੀਕਾਲ ਚੋਣਾਂ ਦੌਰਾਨ ਅਪਣਾਇਆ ਗਿਆ ਨੂੰ ਸਥਾਈ ਕੀਤਾ ਗਿਆ ਹੈ।ਇਸ ਕਦਮ ਨਾਲ ਕੈਲੀਫੋਰਨੀਆ ਅਜਿਹਾ ਕਰਨ ਵਾਲੇ ਹੋਰ ਸੂਬਿਆਂ ਜਿਵੇਂ ਕਿ ਯੂਟਾ, ਕੋਲੋਰਾਡੋ, ਵਾਸ਼ਿੰਗਟਨ ਅਤੇ ਓਰੇਗਨ ਆਦਿ ਨਾਲ ਜੁੜ ਗਿਆ ਹੈ। ਇਸ ਨਵੇਂ ਕਾਨੂੰਨ ਦੇ ਤਹਿਤ, ਕੈਲੀਫੋਰਨੀਆ ਵਿੱਚ ਚੋਣਾਂ ਤੋਂ ਘੱਟੋ ਘੱਟ 29 ਦਿਨ ਪਹਿਲਾਂ ਵੋਟਰਾਂ ਨੂੰ ਬੈਲਟ ਪੇਪਰ ਭੇਜਣੇ ਚਾਹੀਦੇ ਹਨ। ਵੋਟਰਾਂ ਕੋਲ ਅਜੇ ਵੀ ਵਿਅਕਤੀਗਤ ਰੂਪ ਵਿੱਚ ਵੋਟ ਪਾਉਣ ਦਾ ਵਿਕਲਪ ਹੈ। ਨਿਊਸਮ ਨੇ ਸੋਮਵਾਰ ਨੂੰ ਵੋਟਿੰਗ ਨਾਲ ਜੁੜੇ 10 ਹੋਰ ਬਿੱਲਾਂ ‘ਤੇ ਵੀ ਹਸਤਾਖਰ ਕੀਤੇ ਹਨ, ਜਿਨ੍ਹਾਂ ਨੂੰ ਵੋਟ ਦੇ ਅਧਿਕਾਰਾਂ ਅਤੇ ਪਹੁੰਚ ਨੂੰ ਵਧਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਤਿਆਰ ਕੀਤਾ ਗਿਆ ਹੈ।