ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਬਾਈਡੇਨ ਪ੍ਰਸ਼ਾਸਨ ਦੁਆਰਾ ਸਰਕਾਰੀ ਅਧਿਕਾਰੀਆਂ ਲਈ ਕੋਰੋਨਾ ਵੈਕਸੀਨ ਦੀ ਜਰੂਰਤ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ, ਪਰ ਇਸ ਜਰੂਰਤ ਦੇ ਮੱਦੇਨਜ਼ਰ ਸਟੇਟ ਪੁਲਿਸ ਐਸੋਸੀਏਸ਼ਨ ਆਫ ਮੈਸੇਚਿਉਸੇਟਸ ਅਨੁਸਾਰ ਸੂਬੇ ਦੇ ਦਰਜਨਾਂ ਪੁਲਿਸ ਅਧਿਕਾਰੀਆਂ ਨੇ ਵੈਕਸੀਨ ਦੇ ਜਰੂਰੀ ਹੋਣ ਕਾਰਨ ਅਸਤੀਫਾ ਦੇ ਦਿੱਤਾ ਹੈ। ਸਟੇਟ ਪੁਲਿਸ ਦੀ ਯੂਨੀਅਨ ਦੇ ਅਧਿਕਾਰੀਆਂ ਅਨੁਸਾਰ, ਮੈਸੇਚਿਉਸੇਟਸ ਸਟੇਟ ਦੇ ਦਰਜਨਾਂ ਅਧਿਕਾਰੀ ਕੋਵਿਡ -19 ਟੀਕਾ ਲੈਣ ਲਈ ਮਜਬੂਰ ਹੋਣ ਦੀ ਬਜਾਏ ਅਸਤੀਫਾ ਦੇ ਰਹੇ ਹਨ। ਇਸ ਸਟੇਟ ਦੇ ਗਵਰਨਰ ਚਾਰਲੀ ਬੇਕਰ ਨੇ ਐਗਜੀਕਿਊਟਿਵ ਵਿਭਾਗ ਦੇ ਕਰਮਚਾਰੀਆਂ ਨੂੰ ਵੈਕਸੀਨ ਲੱਗੀ ਹੋਣ ਨੂੰ ਸਾਬਤ ਕਰਨ ਲਈ 17 ਅਕਤੂਬਰ ਦੀ ਸਮਾਂ ਸੀਮਾ ਦਿੱਤੀ ਹੈ ਜਦਕਿ ਸਟੇਟ ਪੁਲਿਸ ਐਸੋਸੀਏਸ਼ਨ ਆਫ ਮੈਸੇਚਿਉਸੇਟਸ ਨੇ ਇਸ ਆਦੇਸ਼ ਨੂੰ ਅਦਾਲਤਾਂ ਰਾਹੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ। ਤਕਰੀਬਨ 1800 ਮੈਂਬਰਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਇਸ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਦਰਜਨਾਂ ਅਧਿਕਾਰੀਆਂ ਨੇ ਆਪਣੇ ਅਸਤੀਫੇ ਦੀ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਹੈ , ਜਦਕਿ ਕੁੱਝ ਦੂਜੇ ਹੋਰ ਵਿਭਾਗਾਂ ਵਿੱਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿਥੇ ਵੈਕਸੀਨ ਦੇ ਨਾਲ ਵਿਕਲਪ ਵਜੋਂ ਮਾਸਕ ਪਹਿਨਣਾ ਅਤੇ ਨਿਯਮਤ ਟੈਸਟਿੰਗ ਦੇ ਨਿਯਮ ਮੌਜੂਦ ਹਨ।ਇਸ ਯੂਨੀਅਨ ਦੀ ਰਿਪੋਰਟ ਅਨੁਸਾਰ ਇਸਦੇ 80 ਪ੍ਰਤੀਸ਼ਤ ਮੈਂਬਰਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ।
