ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀਆਂ ਵਿੱਚੋਂ ਬਾਈਡੇਨ ਪ੍ਰਸ਼ਾਸਨ ਨੇ ਸਿਰਫ 9 ਦਿਨਾਂ ਵਿੱਚ ਲਗਭਗ 4,000 ਹੈਤੀਆਈ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ। ਇਹਨਾਂ ਵਿੱਚ ਸੈਂਕੜੇ ਪਰਿਵਾਰ ਬੱਚਿਆਂ ਸਮੇਤ ਸਨ ਅਤੇ ਉਹਨਾਂ ਨੂੰ ਸ਼ਰਣ ਮੰਗਣ ਦੀ ਆਗਿਆ ਦਿੱਤੇ ਬਗੈਰ ਵਾਪਸ ਭੇਜਿਆ ਗਿਆ ਹੈ। ਬਾਈਡੇਨ ਪ੍ਰਸ਼ਾਸਨ ਨੇ ਇਹਨਾਂ ਪ੍ਰਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਟਰੰਪ ਪ੍ਰਸ਼ਾਸਨ ਦੁਆਰਾ ਬਣਾਈ ਐਮਰਜੈਂਸੀ ਨੀਤੀ ਦੇ ਤਹਿਤ ਜਨਤਕ ਤੌਰ ‘ਤੇ ਡਿਪੋਰਟ ਕੀਤਾ ਗਿਆ ਹੈ ਜਿਸਨੂੰ ਟਾਈਟਲ 42 ਵਜੋਂ ਜਾਣਿਆ ਜਾਂਦਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, 19 ਸਤੰਬਰ ਅਤੇ 27 ਸਤੰਬਰ ਦੇ ਵਿਚਕਾਰ, 37 ਡਿਪੋਰਟ ਉਡਾਣਾਂ 3,936 ਪ੍ਰਵਾਸੀਆਂ ਦੇ ਨਾਲ ਹੈਤੀ ਵਿੱਚ ਉੱਤਰੀਆਂ, ਜਿਨ੍ਹਾਂ ਵਿੱਚ 2,300 ਮਾਪੇ ਅਤੇ ਬੱਚੇ ਸ਼ਾਮਲ ਸਨ । ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ (ਆਈ ਓ ਐੱਮ) ਅਨੁਸਾਰ ਡਿਪੋਰਟ ਕੀਤੇ ਗਏ ਹੈਤੀ ਵਾਸੀਆਂ ਵਿੱਚੋਂ ਕੁੱਝ ਪਹਿਲਾਂ ਚਿਲੀ, ਬ੍ਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਰਹਿੰਦੇ ਸਨ। ਇਸਦੇ ਇਲਾਵਾ ਆਈ ਓ ਐੱਮ ਦੇ ਅਨੁਸਾਰ ਡਿਪੋਰਟ ਕੀਤੇ ਨਿਵਾਸੀਆਂ ਵਿੱਚ 44% ਔਰਤਾਂ ਅਤੇ ਬੱਚੇ ਹਨ ਅਤੇ 210 ਤੋਂ ਵੱਧ ਬੱਚੇ ਚਿਲੀ, ਬ੍ਰਾਜ਼ੀਲ, ਵੈਨੇਜ਼ੁਏਲਾ ਅਤੇ ਪਨਾਮਾ ਵਿੱਚ ਪੈਦਾ ਹੋਏ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਹੈਤੀਆਈ ਜੰਮਪਲ ਮਾਪਿਆਂ ਨਾਲ ਡਿਪੋਰਟ ਕੀਤਾ ਗਿਆ।
