ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਆਪਣੇ ਮੰਤਰੀ ਮੰਡਲ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ, ਜਿਸ ਤਹਿਤ ਨਵੀਆਂ ਨਿਯੁਕਤੀਆਂ, ਤਰੱਕੀਆਂ ਅਤੇ ਅਹੁਦਿਆਂ ਤੋਂ ਹਟਾਇਆ ਗਿਆ ਹੈ। ਇਸ ਤਹਿਤ ਸਿੱਖਿਆ ਅਤੇ ਰਿਹਾਇਸ਼ ਸਕੱਤਰ ਗੇਵਿਨ ਵਿਲੀਅਮਸਨ ਅਤੇ ਰਾਬਰਟ ਜੇਨਰਿਕ ਸ਼ਾਮਲ ਹਨ, ਜਿਨ੍ਹਾਂ ਨੂੰ ਕੈਬਨਿਟ ਵਿੱਚ ਫੇਰਬਦਲ ਵਿੱਚ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਲਾਰਡ ਚਾਂਸਲਰ ਅਤੇ ਨਿਆਂ ਸਕੱਤਰ ਰੌਬਰਟ ਬਕਲੈਂਡ ਨੂੰ ਵੀ ਬਾਹਰ ਦਾ ਦਰਵਾਜ਼ਾ ਦਿਖਾਇਆ ਗਿਆ ਹੈ। ਇਸ ਦੌਰਾਨ ਵਿਦੇਸ਼ ਸਕੱਤਰ ਡੋਮਿਨਿਕ ਰਾਅਬ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਨਿਆਂ ਸਕੱਤਰ ਬਣਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ ਹੈ। ਰਾਅਬ ਦੀ ਜਗ੍ਹਾ ਵਪਾਰ ਸਕੱਤਰ ਲਿਜ਼ ਟ੍ਰਸ ਨੂੰ ਦਿੱਤੀ ਗਈ ਹੈ, ਜਿਸਨੂੰ ਇੱਕ ਪ੍ਰਮੁੱਖ ਤਰੱਕੀ ਵਜੋਂ ਵੇਖਿਆ ਜਾਵੇਗਾ। ਇਸੇ ਦੌਰਾਨ ਸਾਜਿਦ ਜਾਵਿਦ ਆਪਣੇ ਸਿਹਤ ਸਕੱਤਰ ਦੇ ਅਹੁਦੇ ‘ਤੇ ਬਣੇ ਰਹਿਣਗੇ। ਇਹਨਾਂ ਦੇ ਇਲਾਵਾ ਨਾਦੀਨ ਡੌਰੀਜ਼ ਨੂੰ ਹੁਣ ਡਿਜੀਟਲ, ਸੱਭਿਆਚਾਰ, ਮੀਡੀਆ ਅਤੇ ਖੇਡ ਬਰੀਫ ਦਾ ਅਹੁਦਾ ਦਿੱਤਾ ਗਿਆ ਹੈ, ਜਦੋਂ ਕਿ ਟੀਕਾਕਰਨ ਮੰਤਰੀ ਨਦੀਮ ਜ਼ਹਾਵੀ ਨੂੰ ਸਿੱਖਿਆ ਮੰਤਰੀ ਵਜੋਂ ਤਰੱਕੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਅਨੁਸਾਰ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ, ਵਾਤਾਵਰਣ ਸਕੱਤਰ ਜਾਰਜ ਯੂਸਟਿਸ ਅਤੇ ਕੰਮ ਅਤੇ ਪੈਨਸ਼ਨ ਸਕੱਤਰ ਥੇਰੇਸੀ ਕੌਫੀ ਆਪਣੀ ਜਿੰਮੇਵਾਰੀ ਉਸੇ ਤਰ੍ਹਾਂ ਸੰਭਾਲਣਗੇ। ਬੇਨ ਵੈਲਸ ਵੀ ਰੱਖਿਆ ਸਕੱਤਰ ਦੇ ਅਹੁਦੇ ‘ਤੇ ਬਣੇ ਰਹਿਣਗੇ, ਜਦੋਂ ਕਿ ਸਟੀਫਨ ਬਾਰਕਲੇ ਐਮ ਪੀ ਡੱਚੀ ਆਫ਼ ਲੈਂਕੇਸਟਰ ਦੇ ਚਾਂਸਲਰ ਅਤੇ ਕੈਬਨਿਟ ਦਫਤਰ ਦੇ ਮੰਤਰੀ ਹੋਣਗੇ। ਭਾਰਤੀ ਮੂਲ ਦੇ ਆਲੋਕ ਸ਼ਰਮਾ ਕੋਪ 26 ਦੇ ਪ੍ਰੈਜੀਡੈਂਟ, ਕਵਾਸੀ ਕਵਾਰਤੇਂਗ ਬਿਜ਼ਨੈੱਸ ਸਕੱਤਰ ਅਤੇ ਮਾਰਕ ਸਪੈਂਸਰ ਚੀਫ ਵ੍ਹਿਪ ਬਣੇ ਰਹਿਣਗੇ। ਐਨ-ਮੈਰੀ ਟ੍ਰੇਵੇਲੀਅਨ ਆਪਣੀ ਨਵੀਂ ਕੈਬਨਿਟ ਭੂਮਿਕਾ ਅੰਤਰਰਾਸ਼ਟਰੀ ਵਪਾਰ ਸਕੱਤਰ ਵਜੋਂ ਦੇਖੇਗੀ। ਹਾਲਾਂਕਿ ਪ੍ਰੀਤੀ ਪਟੇਲ ਅਤੇ ਰਿਸ਼ੀ ਸੁਨਕ ਦੋਵਾਂ ਨੂੰ ਕ੍ਰਮਵਾਰ ਗ੍ਰਹਿ ਸਕੱਤਰ ਅਤੇ ਚਾਂਸਲਰ ਦੇ ਅਹੁਦੇ ‘ਤੇ ਬਣੇ ਰਹਿਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਡੋਮਿਨਿਕ ਰਾਅਬ ਨੂੰ ਹਾਲ ਹੀ ਵਿੱਚ ਅਫਗਾਨਿਸਤਾਨ ਨਿਕਾਸੀ ਦੇ ਪ੍ਰਬੰਧਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਕੁੱਝ ਲੋਕਾਂ ਨੂੰ ਵਿਦੇਸ਼ ਸਕੱਤਰ ਵਜੋਂ ਉਨ੍ਹਾਂ ਦੇ ਭਵਿੱਖ ਬਾਰੇ ਸ਼ੱਕ ਹੋਇਆ। ਜੌਹਨਸਨ ਅਨੁਸਾਰ ਨਵਾਂ ਮੰਤਰੀ ਮੰਡਲ ਪੂਰੇ ਦੇਸ਼ ਨੂੰ ਇਕਜੁੱਟ ਕਰਨ ਅਤੇ ਬਰਾਬਰ ਕਰਨ ਲਈ ਅਣਥੱਕ ਮਿਹਨਤ ਕਰੇਗਾ।