ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਚਲਦਿਆਂ ਜਿੱਥੇ ਲੱਖਾਂ ਖੁਰਾਕਾਂ ਲਗਾਈਆਂ ਜਾ ਰਹੀਆਂ ਹਨ, ਉੱਥੇ ਹੀ ਹਜਾਰਾਂ ਖੁਰਾਕਾਂ ਬਰਬਾਦ ਵੀ ਹੋ ਰਹੀਆਂ ਹਨ। ਇਸ ਸਬੰਧੀ ਸਾਹਮਣੇ ਆਏ ਨਵੇਂ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 4400 ਤੋਂ ਵੱਧ ਖੁਰਾਕਾਂ ਇੱਕ ਹਫਤੇ ਵਿੱਚ ਬਰਬਾਦ ਹੋਈਆਂ ਹਨ। ਬਰਬਾਦ ਹੋਈਆਂ ਖੁਰਾਕਾਂ ਦੀ ਇਹ ਜਾਣਕਾਰੀ ‘ਫਰੀਡਮ ਆਫ ਇਨਫਰਮੇਸ਼ਨ’ ਦੀ ਬੇਨਤੀ ਦੇ ਬਾਅਦ ਜਾਰੀ ਕੀਤੀ ਗਈ ਹੈ। ਇਸ ਜਾਣਕਾਰੀ ਅਨੁਸਾਰ 1 ਅਗਸਤ ਨੂੰ ਖਤਮ ਹੋਣ ਵਾਲੇ ਹਫਤੇ ਵਿੱਚ, ਟੀਕੇ ਦੀਆਂ ਕੁੱਲ 4,448 ਖੁਰਾਕਾਂ ਵਿਅਰਥ ਹੋਣ ਕਾਰਨ ਨਹੀਂ ਲਗਾਈਆਂ ਗਈਆਂ , ਜਦਕਿ ਫਰਵਰੀ ਅਤੇ ਜੁਲਾਈ ਦੇ ਵਕਫੇ ਦੌਰਾਨ ਇਹ ਗਿਣਤੀ ਤਕਰੀਬਨ 34,026 ਸੀ।ਸਕਾਟਲੈਂਡ ਦੀ ਸਰਕਾਰ ਅਨੁਸਾਰ ਵੈਕਸੀਨ ਦੀਆਂ ਖੁਰਾਕਾਂ ਦੇ ਬਰਬਾਦ ਹੋਣ ਦੇ ਕਈ ਕਾਰਨ ਹਨ, ਜਿਸ ਵਿੱਚ ਭੰਡਾਰਨ, ਮਿਆਦ ਪੁੱਗੀਆਂ ਖੁਰਾਕਾਂ, ਖਾਸ ਕਲੀਨੀਕਲ ਸਥਿਤੀਆਂ, ਸ਼ੀਸ਼ੀਆਂ ਦਾ ਟੁੱਟਣਾ ਆਦਿ ਸ਼ਾਮਲ ਹਨ। ਅੰਕੜਿਆਂ ਵਿੱਚ ਸਕਾਟਲੈਂਡ ‘ਚ ਦਿੱਤੀਆਂ ਜਾ ਰਹੀਆਂ ਕੋਰੋਨਾ ਵਾਇਰਸ ਦੀਆਂ ਤਿੰਨੋਂ ਵੈਕਸੀਨਾਂ – ਫਾਈਜ਼ਰ, ਐਸਟਰਾਜ਼ੇਨੇਕਾ ਅਤੇ ਮੋਡਰਨਾ ਦੀਆਂ 6,643,551 ਖੁਰਾਕਾਂ ਵਿੱਚੋਂ ਕੁੱਲ 0.51% ਬਰਬਾਦ ਹੋਈਆਂ ਹਨ। ਹਾਲਾਂਕਿ ਇਹਨਾਂ ਅੰਕੜਿਆਂ ਵਿੱਚ ਜੀ ਪੀ ਸਰਜਰੀਆਂ ਵਿੱਚ ਟੀਕਿਆਂ ਦੀ ਬਰਬਾਦੀ ਸ਼ਾਮਲ ਨਹੀਂ ਹੈ, ਕਿਉਂਕਿ ਜੀ ਪੀ ਸੰਸਥਾਵਾਂ ਦੁਆਰਾ ਇਹ ਜਾਣਕਾਰੀ ਦਰਜ ਨਹੀਂ ਕੀਤੀ ਜਾਂਦੀ।
