ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਇੰਗਲੈਂਡ ਅਤੇ ਵੇਲਜ਼ ਵਿੱਚ ਔਰਤਾਂ ਅਤੇ ਲੜਕੀਆਂ ਪ੍ਰਤੀ ਹਿੰਸਾ ਵਿਰੁੱਧ ਲੜਾਈ ਦੀ ਅਗਵਾਈ ਕਰਨ ਲਈ ਇੱਕ ਸੀਨੀਅਰ ਮਹਿਲਾ ਪੁਲਿਸ ਮੁਖੀ ਨੂੰ ਨਿਯੁਕਤ ਕੀਤਾ ਗਿਆ ਹੈ। ਯੂਕੇ ਪ੍ਰਸ਼ਾਸਨ ਵੱਲੋਂ ਹੈਮਪਸ਼ਾਇਰ ਪੁਲਿਸ ਦੀ ਉਪ ਮੁੱਖ ਕਾਂਸਟੇਬਲ, ਮੈਗੀ ਬਲਾਈਥ ਦੀ ਨਿਯੁਕਤੀ ਔਰਤਾਂ ਨੂੰ ਜਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ ਅਤੇ ਇਹ ਨਿਯੁਕਤੀ ਮਾਰਚ ਵਿੱਚ 33 ਸਾਲਾਂ ਸਾਰਾਹ ਐਵਰਾਰਡ ਦੀ ਹੱਤਿਆ ਤੋਂ ਬਾਅਦ ਕੀਤੀ ਗਈ ਰਿਪੋਰਟ ਦੀ ਸਿਫਾਰਸ਼ ਤੋਂ ਬਾਅਦ ਹੋਈ ਹੈ। ਮੈਗੀ ਬਲਾਈਥ 11 ਅਕਤੂਬਰ ਤੋਂ ਆਪਣੀ ਨਵੀਂ ਜਿੰਮੇਵਾਰੀ ਨਿਭਾਏਗੀ। ਮੈਗੀ ਲਈ ਇਸ ਭੂਮਿਕਾ ਵਿੱਚ ਪੁਲਿਸ ਦੀ ਨਵੀਂ ਰਣਨੀਤੀ ਨੂੰ ਲਾਗੂ ਕਰਨਾ ਸ਼ਾਮਲ ਹੋਵੇਗਾ ਜੋ ਔਰਤਾਂ ਪ੍ਰਤੀ ਹਿੰਸਾ ਨੂੰ ਰੋਕਣ, ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਪੀੜਤਾਂ ਨੂੰ ਨਿਆਂ ਪ੍ਰਾਪਤ ਕਰਨ ਵਿੱਚ ਸਹਾਇਤਾ ਲਈ ਕੇਂਦ੍ਰਤ ਹੋਵੇਗੀ। ਮੈਗੀ ਪਹਿਲਾਂ ਯੂਥ ਜਸਟਿਸ ਬੋਰਡ ਦੀ ਲੀਡਰਸ਼ਿਪ ਦੇ ਨਾਲ ਨਾਲ ਇੱਕ ਦਹਾਕੇ ਤੱਕ ਸਥਾਨਕ ਸਰਕਾਰਾਂ ਦੇ ਬਾਲ ਸੁਰੱਖਿਆ ਵਿੱਚ ਕੰਮ ਕਰ ਚੁੱਕੀ ਹੈ, ਜਿਸ ਵਿੱਚ ਹਾਈ ਪ੍ਰੋਫਾਈਲ ਬਾਲ ਯੌਨ ਸ਼ੋਸ਼ਣ ਅਤੇ ਘਰੇਲੂ ਕਤਲੇਆਮ ਦੀਆਂ ਕਾਰਵਾਈਆਂ ਸ਼ਾਮਲ ਹਨ। ਉਹ 2016 ਵਿੱਚ ਹੈਮਪਸ਼ਾਇਰ ਕਾਂਸਟੇਬੁਲੇਰੀ ਵਿੱਚ ਸੁਪਰਡੈਂਟ ਵਜੋਂ ਸ਼ਾਮਲ ਹੋਈ ਅਤੇ ਮਈ 2019 ਵਿੱਚ ਸਹਾਇਕ ਮੁੱਖ ਕਾਂਸਟੇਬਲ ਵਜੋਂ ਪ੍ਰੋਮੋਟ ਹੋਈ।