ਛੇ ਅੰਤਰਰਾਸ਼ਟਰੀ ਮਾਰਗਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ
(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ: BPPC) ਆਸਟਰੇਲਿਆਈ ਸੰਘੀ ਸਰਕਾਰ ਨੇ ਕ੍ਰਿਸਮਿਸ ਦੇ ਮੱਦੇਨਜ਼ਰ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੰਦਿਆਂ ਕਵਾਂਟਾਸ ਏਅਰਲਾਈਨ ਰਾਹੀਂ 18 ਦਸੰਬਰ ਤੋਂ ਛੇ ਅੰਤਰਰਾਸ਼ਟਰੀ ਮਾਰਗਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਐਲਾਨੀ ਹੈ। ਦਸੰਬਰ ਮਹੀਨੇ ਲਈ ਰੂਟਾਂ ਦੀ ਪੂਰੀ ਸੂਚੀ ਵਿੱਚ ਸਿਡਨੀ-ਲੰਡਨ (18 ਦਸੰਬਰ), ਮੈਲਬਾਰਨ-ਲੰਡਨ (18 ਦਸੰਬਰ), ਸਿਡਨੀ-ਲਾਸ ਏਂਜਲਸ (18 ਦਸੰਬਰ), ਮੈਲਬਾਰਨ-ਲਾਸ ਏਂਜਲਸ (19 ਦਸੰਬਰ), ਬ੍ਰਿਸਬੇਨ-ਲਾਸ ਏਂਜਲਸ (19 ਦਸੰਬਰ), ਸਿਡਨੀ-ਹੋਨੋਲੂਲੂ (20 ਦਸੰਬਰ), ਸਿਡਨੀ-ਵੈਨਕੂਵਰ (18 ਦਸੰਬਰ), ਸਿਡਨੀ-ਸਿੰਗਾਪੁਰ (18 ਦਸੰਬਰ), ਮੈਲਬਾਰਨ-ਸਿੰਗਾਪੁਰ (18 ਦਸੰਬਰ), ਬ੍ਰਿਸਬੇਨ-ਸਿੰਗਾਪੁਰ (19 ਦਸੰਬਰ), ਸਿਡਨੀ-ਟੋਕੀਓ (19 ਦਸੰਬਰ), ਸਿਡਨੀ-ਫਿਜੀ (19 ਦਸੰਬਰ) ਅਤੇ ਪਰਥ ਤੋਂ ਅੰਤਰਰਾਸ਼ਟਰੀ ਉਡਾਣਾਂ ਖਾਸ ਤੌਰ ‘ਤੇ ਗੈਰਹਾਜ਼ਰ ਹਨ। ਉੱਧਰ ਸਰਕਾਰ ਦੇ ਮੁੱਖ ਕਾਰਜਕਾਰੀ ਸ਼੍ਰੀ ਐਲਨ ਜੋਇਸ ਨੇ ਉਨ੍ਹਾਂ ਰਾਜਾਂ ਦੀ ਆਲੋਚਨਾ ਕੀਤੀ ਜੋ ਟੀਕੇ ਦੇ ਟੀਚੇ ਪ੍ਰਾਪਤ ਹੋਣ ਦੇ ਬਾਅਦ ਵੀ ਸਰਹੱਦਾਂ ਨੂੰ ਬੰਦ ਰੱਖਣ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਕਿਹਾ ਕਿ, “ਬਦਕਿਸਮਤੀ ਨਾਲ ਮੈਨੂੰ ਲਗਦਾ ਹੈ ਕਿ ਇੱਕ ਜਾਂ ਦੋ ਰਾਜ ਹਨ ਜੋ ਇਸ ਬਾਰੇ ਵਧੇਰੇ ਰੂੜੀਵਾਦੀ ਨਜ਼ਰੀਆ ਲੈ ਰਹੇ ਹਨ।” ਉਹਨਾਂ ਅਨੁਸਾਰ ਟੀਕਾਕਰਨ ਦੀਆਂ ਦਰਾਂ 80 ਪ੍ਰਤੀਸ਼ਤ ਹੋ ਜਾਣ ‘ਤੇ ਰਾਸ਼ਟਰੀ ਸਰਹੱਦਾਂ ਖੁੱਲ੍ਹਣੀਆਂ ਚਾਹੀਦੀਆਂ ਹਨ। ਗੌਰਤਲਬ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦਾ ਮੁੜ ਚਾਲੂ ਹੋਣਾ ਟੀਕਾਕਰਨ ਦੀਆਂ ਦਰਾਂ ਦੇ ਅਧਾਰ ਅਤੇ ਸਰਹੱਦੀ ਪਾਬੰਦੀਆਂ ‘ਚ ਢਿੱਲ ‘ਤੇ ਨਿਰਭਰ ਰਹੇਗਾ। ਕਵਾਂਟਾਸ ਜ਼ਿਆਦਾਤਰ ਰੂਟਾਂ ‘ਤੇ ਏਅਰਬੱਸ ਏ 330 ਅਤੇ ਬੋਇੰਗ 787 ਡ੍ਰੀਮਲਾਈਨਰ ਦੇ ਸੁਮੇਲ ਨੂੰ ਉਡਾਏਗਾ। ਦੱਸਣਯੋਗ ਹੈ ਕਿ ਏਅਰ ਕੈਨੇਡਾ ਨੇ 17 ਦਸੰਬਰ ਤੋਂ ਆਪਣੇ ਸਿਡਨੀ-ਵੈਨਕੂਵਰ ਮਾਰਗ ਨੂੰ ਦੁਬਾਰਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।
