
ਚੰਡੀਗੜ: ਪੰਜਾਬ ਕਲਾ ਪਰਿਸ਼ਦ ਨੇ ਅੱਜ ਉਘੇ ਵਿਦਵਾਨ ਡਾ ਹਰਨਾਮ ਸਿੰਘ ਸ਼ਾਨ ਨੂੰ ਉਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਉਨਾਂ ਦੀ ਪੰਜਾਬੀ ਮਾਂ ਬੋਲੀ ਨੂੰ ਦੇਣ ਪ੍ਰਤੀ ਸਿਜਦਾ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਡਾ ਸ਼ਾਨ ਨੇ ਆਪਣੇ ਖੋਜ ਕਾਰਜਾਂ ਰਾਹੀਂ ਪੰਜਾਬੀ ਸਾਹਿਤ ਜਗਤ ਨੂੰ ਸ਼ਾਹਕਾਰ ਕਿਰਤਾਂ ਭੇਟ ਕੀਤੀਆਂ। ਡਾ ਪਾਤਰ ਨੇ ਆਖਿਆ ਕਿ ਡਾ ਸ਼ਾਨ ਦੀ ਹਾਸ਼ਮ ਦੀ ਸੱਸੀ ਬਾਰੇ ਕੀਤੀ ਹੋਈ ਖੋਜ ਨੂੰ ਬੜਾ ਸਲਾਹਿਆ ਗਿਆ ਤੇ ਪ੍ਰਮਾਣੀਕ ਖੋਜ ਮੰਨਿਆਂ ਗਿਆ ਹੈ। ਉਨਾਂ ਕਿਹਾ ਕਿ ਉਹ ਸਿਰੜੀ ਵਿਦਵਾਨ ਸਨ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਦੱਸਿਆ ਕਿ ਡਾ ਹਰਨਾਮ ਸਿੰਘ ਸ਼ਾਨ ਨੇ 15 ਸਤੰਬਰ 1923 ਨੂੰ ਰਾਵਲਪਿੰਡੀ ਵਿਖੇ ਜਨਮ ਲਿਆ ਤੇ 9 ਜੂਨ 2011 ਦੇ ਦਿਨ ਲੰਬੀ ਆਯੂ ਬਿਤਾ ਕੇ ਪੂਰੇ ਹੋ ਗਏ। ਡਾ ਯੋਗਰਾਜ ਨੇ ਕਿਹਾ ਕਿ ਡਾ ਸ਼ਾਨ ਨੇ ਪੜਿਆ ਵੀ ਬਹੁਤ ਤੇ ਪੜਾਇਆ ਵੀ ਖੂਬ। ਉਨਾ ਦੀਆਂ ਕੀਤੀਆਂ ਖੋਜਾਂ ਉੱਪਰ ਅਗੇ ਵਿਦਿਆਰਥੀ ਖੋਜਾਂ ਕਰ ਰਹੇ ਹਨ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਡਾ ਹਰਨਾਮ ਸਿੰਘ ਸ਼ਾਨ ਨੂੰ ਚੇਤੇ ਕਰਦਿਆਂ ਕਿਹਾ ਕਿ ਡਾ ਸਾਹਬ ਇਕ ਸੰਸਥਾ ਜਿੰਨਾ ਕਾਰਜ ਕਰ ਗਏ। ਉਨਾ ਰੋਟੀ ਬੇਟੀ ਦੀ ਸਾਂਝ ਜਿਹੀਆਂ ਪੁਸਤਕਾਂ ਦੀ ਸਿਰਜਣਾ ਕਰਨ ਦੇ ਨਾਲ ਨਾਲ ਪ੍ਰੋ ਪੂਰਨ ਸਿੰਘ ਤੇ ਭਾਈ ਵੀਰ ਸਿੰਘ ਦੀ ਕਾਵਿ ਕਲਾ ਉਤੇ ਖੋਜਾਤਮਿਕ ਕੰਮ ਬੜੀ ਸਮਰਥਾ ਨਾਲ ਕੀਤਾ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਸ਼੍ਰੀ ਨਿੰਦਰ ਘੁਗਿਆਣਵੀ ਨੇ ਡਾ ਹਰਨਾਮ ਸਿੰਘ ਸ਼ਾਨ ਨੂੰ ਯਾਦ ਕਰਦਿਆਂ ਉਘੇ ਲੇਖਕ ਬਲਵੰਤ ਗਾਰਗੀ ਵਲੋਂ ਉਨਾ ਬਾਰੇ ਲਿਖੇ ਰੌਚਕ ਰੇਖਾ ਚਿਤਰ- “ਦੁੱਧ ਵਿਚ ਬਰਾਂਡੀ” ਦਾ ਜਿਕਰ ਕੀਤਾ ਤੇ ਕਿਹਾ ਕਿ ਗਾਰਗੀ ਜੀ ਨੇ ਡਾ ਸ਼ਾਨ ਦੀ ਪੂਰੀ ਸ਼ਖਸੀਅਤ ਦਾ ਖਾਕਾ ਇਸ ਰੇਖਾ ਚਿਤਰ ਵਿਚ ਖਿੱਚਿਆ ਹੈ। ਅਜ ਉਨਾ ਦਾ ਜਨਮ ਦਿਨ ਹੈ ਤੇ ਪੰਜਾਬ ਕਲਾ ਪਰਿਸ਼ਦ ਉਨਾ ਨੂੰ ਯਾਦ ਕਰਦਿਆਂ ਉਨਾ ਦੇ ਪਰਿਵਾਰ ਤੇ ਪਾਠਕਾਂ ਨੂੰ ਵਧਾਈ ਦਿੰਦੀ ਹੈ। ਨਿੰਦਰ ਘੁਗਿਆਣਵੀ
ਮੀਡੀਆ ਕੋਆਰਡੀਨੇਟਰ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।