
ਸਾਊਥਾਲ (ਪੰਜ ਦਰਿਆ ਬਿਊਰੋ)
ਮੇਲੇ ਸਿਰਫ ਪੰਜਾਬ ਦੀ ਧਰਤੀ ਨਾਲ ਹੀ ਜੁੜੇ ਹੋਏ ਨਹੀਂ ਬਲਕਿ ਪੰਜਾਬੀਆਂ ਦੇ ਖੂਨ ਵਿੱਚ ਰਚੇ ਹੋਏ ਹਨ। ਇਸ ਕਰਕੇ ਪੰਜਾਬੀ ਜਿੱਥੇ ਵੀ ਜਾਂਦੇ ਨੇ, ਉੱਥੇ ਹੀ ਮੇਲੇ ਲਗਾ ਦਿੰਦੇ ਹਨ। ਸ਼ਹੀਦ ਭਗਤ ਸਿੰਘ ਕਲੱਬ ਹੇਅਜ਼ ਵੱਲੋਂ ਲੰਘੇ ਐਤਵਾਰ ਸਮਰ ਮੇਲਾ ਕਰਵਾਇਆ ਗਿਆ। ਮੇਲੇ ਦੀਆ ਰੌਣਕਾਂ ਦੇਖਿਆਂ ਹੀ ਬਣਦੀਆਂ ਸਨ। ਚਾਰੇ ਪਾਸੇ ਪੰਜਾਬੀਆਂ ਦਾ ਹੜ੍ਹ ਆਇਆ ਹੋਇਆ ਸੀ। ਰੰਗ ਬਿਰੰਗੇ ਸੂਟ ਪਾਈ ਮੁਟਿਆਰਾਂ ਤੇ ਸੋਹਣੀਆਂ ਪੱਗਾਂ ਸਜਾਈ ਗੱਭਰੂ ਪੰਜਾਬੀ ਵਿਰਸੇ ਨੂੰ ਰੂਪਮਾਨ ਕਰ ਰਹੇ ਸੀ। ਮੇਲੇ ਦਾ ਸੁਰੱਖਿਆ ਪ੍ਰਬੰਧ ਬਹੁਤ ਹੀ ਵਧੀਆ ਸੀ। ਮੇਲੇ ਦੀ ਸ਼ੁਰੂਆਤ ਬਿੱਟੂ ਖੰਗੂੜਾ ਨੇ ਪੰਜਾਬੀਅਤ ਦੀ ਚੜ੍ਹਦੀ ਕਲਾ ਵਾਲੇ ਸ਼ੇਅਰ ਨਾਲ ਕੀਤੀ। ਇੰਦਰਜੀਤ ਲੰਡਨ ਨੇ ਆਪਣੇ ਗੀਤਾਂ ਨਾਲ ਤੇ ਬਲਦੇਵ ਔਜਲਾ ਬੁਲੇਟ ਨੇ ਆਪਣੀ ਤਕੜੀ ਤੇ ਬੁਲੰਦ ਆਵਾਜ਼ ਨਾਲ ਬਹਿਜਾ ਬਹਿਜਾ ਕਰਾ ਦਿੱਤੀ। ਕੁੜੀਆਂ ਪੰਜਾਬ ਦੀਆਂ ਗਰੁੱਪ ਨੇ ਗਿੱਧਾ ਤੇ ਮੁੰਡੇ ਪੰਜਾਬ ਦੇ ਗਰੁੱਪ ਨੇ ਭੰਗੜਾ ਪਾਇਆ। ਕਰਮਜੀਤ ਅਨਮੋਲ ਨੇ ਆਪਣੇ ਗੀਤਾਂ ਨਾਲ ਕੁਲਦੀਪ ਮਾਣਕ ਦੀ ਯਾਦ ਤਾਜਾ ਕਰਵਾ ਦਿੱਤੀ। ਹਰਜੀਤ ਹਰਮਨ ਨੇ ਆਪਣੇ ਸਾਫ਼ ਸੁਥਰੇ ਪਰਵਾਰਿਕ ਗੀਤਾਂ ਨਾਲ ਰੰਗ ਬੰਨ੍ਹਿਆ।
ਪੰਜਾਬੀ ਫ਼ਿਲਮ ਐਕਟਰ ਹੌਬੀ ਧਾਲੀਵਾਲ ਨੇ ਬਹੁਤ ਹੀ ਖੁੱਭ ਕੇ ਡਾਇਲਾਗ ਸੁਣਾਏ। ਗੁਰਨਾਮ ਭੁੱਲਰ ਨੇ ਡਾਇਮੰਡ ਦੀ ਝਾਂਜਰ ਗਾਕੇ ਮੇਲਾ ਐਨ ਸਿਖਰ ‘ਤੇ ਲੈ ਆਂਦਾ। ਅੰਤ ‘ਤੇ ਹਿੰਮਤ ਸੰਧੂ ਨੇ “ਅਸਲੇ ‘ਤੇ ਫੂਕਣੇ ਨੇ ਨੋਟ ਗੋਰੀਏ” ਨਾਲ ਸਾਰਾ ਪੰਡਾਲ ਝੂਮਣ ਲਾ ਦਿੱਤਾ। ਸਾਰੇ ਪ੍ਰੋਗਰਾਮ ਦੌਰਾਨ ਪੇਸ਼ਕਾਰ ਬਿੱਟੂ ਖੰਗੂੜਾ ਨੇ ਸ਼ੇਅਰਾਂ ਦੀ ਝੜੀ ਲਾ ਦਿੱਤੀ। ਉਹਨਾਂ ਦਾ ਵਿਲੱਖਣ ਅੰਦਾਜ਼ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਸੰਤੋਖ ਢੇਸੀ ਨੇ ਵੀ ਆਪਣਾ ਹਿੱਸਾ ਪਾਇਆ। ਮੇਲੇ ਦੀ ਸਮਾਪਤੀ ‘ਤੇ ਪਰਤਾਪ ਸਿੰਘ ਮੋਮੀ ਨੇ ਸਭ ਦਾ ਧੰਨਵਾਦ ਕੀਤਾ।