
ਢਾਡੀ ਕਲਾ ਦਾ ਇਤਿਹਾਸ ਸੈਂਕੜੇ ਸਾਲਾਂ ਦਾ ਹੈ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਕਲਾ ਦੀ ਉੱਨਤੀ ਅਤੇ ਇਸਨੂੰ ਫੈਲਾਉਣ ਲਈ ਬਹੁਤ ਉਪਰਾਲੇ ਕੀਤੇ ਅਤੇ ਇਸਨੂੰ ਰੱਬ ਦੀ ਸਿਫ਼ਤ ਗਾਉਣ ਵੱਲ ਮੋੜਿਆ ਮੁੱਖ ਤੌਰ ’ਤੇ ਢਾਡੀ ਛੇਵੇਂ ਸਿੱਖ ਗੁਰੂ ਸਮੇਂ ਉੱਨਤ ਹੋਏ ਜਿਹਨਾਂ ਨੇ ਅਕਾਲ ਤਖ਼ਤ ਕਾਇਮ ਕੀਤਾ ਅਤੇ ਗੁਰਬਾਣੀ ਗਾਉਣ ਲਈ ਢਾਡੀ ਲਾਏ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚਲਾਈ ਢਾਡੀ ਜਥਿਆਂ ਦੀ ਪ੍ਰਪੰਰਾ ਅੱਜ ਵੀ ਚੱਲ ਰਹੀ ਹੈ। ਜਿਸ ਵਿੱਚ ਯੋਧਿਆਂ ਦੀਆਂ ਵਾਰਾਂ, ਗੁਰੂ ਸਹਿਬਾਨਾਂ ਦੀਆਂ ਜੀਵਨੀਆਂ ਦਾ ਇਤਿਹਾਸ, ਸ਼ਹੀਦਾਂ ਦੀਆਂ ਵਾਰਾਂ ਨੂੰ ਗਾਇਆ ਜਾਦਾ ਹੈ। ਬਹੁਤ ਸਾਰੇ ਢਾਡੀ ਜਥਿਆਂ ਨੇ ਆਪਣੀਆਂ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਵਾਰਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਲੋਕਾਂ ਨੂੰ ਇਤਹਾਸ ਤੋਂ ਜਾਣੂੰ ਕਰਵਾਇਆ, ਇਹਨਾ ਢਾਡੀ ਜਥਿਆਂ ਵਿਚੋਂ ਇੱਕ ਅਜਿਹਾ ਨਾਮ ਹੈ , ਜਿਨਾਂ ਨੂੰ ਦੁਨੀਆਂ ਕਦੇ ਵੀ ਭੁਲਾ ਨਹੀ ਸਕਦੀ, ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ, ਗਰਜ਼ਵੀਂ ਅਵਾਜ਼ ਦੇ ਮਾਲਕ ਗੁਰਬਖਸ਼ ਸਿੰਘ ਅਲਬੇਲਾ ਜੀ, ਜਦੋਂ ਕਦੇ ਸਟੇਜ ਤੇ ਸੰਗਤਾਂ ਵਿੱਚ ਇਤਹਾਸ ਦਾ ਜ਼ਿਕਰ ਕਰਿਆ ਕਰਦੇ ਸਨ, ਇਤਿਹਾਸ ਦੀ ਜਿਉਂਦੀ ਜਾਗਦੀ ਤਸਵੀਰ ਲੋਕਾਂ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀ ਸੀ। ਲੋਕਾਂ ਦੀ ਇਕੋ ਇੱਛਾ ਹੋਇਆਂ ਕਰਦੀ ਸੀ ਕਿ ਗੁਰਬਖਸ਼ ਸਿੰਘ ਅਲਬੇਲਾ ਇਤਹਾਸ ਸਣਾਉਦੇ ਰਹਿਣ ਤੇ ਅਸੀ ਸੁਣਦੇ ਰਹੀਏ। ਸਦੀਆਂ ਪੁਰਾਣਾ ਇਤਿਹਾਸ ਲੋਕਾਂ ਸਾਹਮਣੇ ਨਵਾਂ ਬਣਾ ਕੇ ਖੜਾ ਕਰ ਦਿੰਦੇ ਸਨ, ਅੱਜ ਬੇਸ਼ੱਕ ਇਸ ਦੁਨੀਆਂ ਤੇ ਨਹੀ ਰਹੇ ਪਰ ਉਹਨਾ ਦੀਆਂ ਵਾਰਾਂ ਰਹਿੰਦੀ ਦੁਨੀਆਂ ਤੱਕ ਉਹਨਾ ਦੀ ਯਾਦ ਦਿਵਾਉਂਦੀਆਂ ਰਹਿਣ ਗੀਆ।
ਸਤਿਕਾਰਯੋਗ ਗੁਰਬਖ਼ਸ਼ ਸਿੰਘ ਅਲਬੇਲੇ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਜਗੜ੍ਹ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਪਿਤਾ ਸ: ਦਿਆਲ ਸਿੰਘ ਧਾਲੀਵਾਲ ਅਤੇ ਮਾਤਾ ਮਹਿੰਦਰ ਕੌਰ ਦੇ ਕੁੱਖੋਂ ਹੋਇਆ। ਦੱਸਵੀ ਜਮਾਤ ਪਾਸ ਕਰਨ ਉਪਰੰਤ ਗਿਆਨੀ ਪਾਸ ਕੀਤੀ ਅਤੇ ਇਸ ਤੋਂ ਬਾਅਦ ਸਿੱਖ ਇਤਿਹਾਸ ਨੂੰ ਪੜਨਾ ਸ਼ੁਰੂ ਕੀਤਾ, ਲੋਕਾ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਇਕ ਢਾਡੀ ਜੱਥਾ ਤਿਆਰ ਕੀਤਾ ਜਿਸ ਵਿੱਚ ਅਜਾਇਬ ਸਿੰਘ ਢਿੱਲੋਂ, ਜਸਵੀਰ ਸਿੰਘ ਸਿੱਧੂ, ਲਾਭ ਸਿੰਘ ਪਾਂਧੀ ਨੂੰ ਆਪਣੇ ਨਾਲ ਜਥੇ ਵਿਚ ਸਾਮਲ ਕੀਤਾ। ਉਸ ਵੇਲੇ ਢਾਡੀ ਜਥਿਆਂ ਨੂੰ ਲੋਕ ਬਹੁਤਾ ਸੁਣਿਆਂ ਨਹੀ ਕਰਦੇ ਸੀ, ਨਾ ਹੀ ਇਹਨਾ ਨੂੰ ਜ਼ਿਆਦਾ ਮਿਹਨਦਾਨਾ ਦਿੱਤਾ ਜਾਦਾ ਸੀ, ਮਸਾ ਪੰਜ ਸੱਤ ਰੁਪਿਆਂ ਦਿੱਤਾ ਜਾਦਾ ਸੀ, ਪਰ ਗੁਰਬਖਸ਼ ਸਿੰਘ ਅਲਬੇਲਾ ਦੇ ਢਾਡੀ ਜਥੇ ਨੇ ਥੋੜ੍ਹੇ ਸਮੇਂ ਵਿੱਚ ਦੁਨੀਆਂ ਭਰ ਦੇ ਲੋਕਾ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਲਈ ਅਤੇ ਪੂਰੀ ਦੁਨੀਆ ਵਿੱਚ ਵਸਦੇ ਲੋਕ ਇਹਨਾ ਦੇ ਦੀਵਾਨੇ ਹੋ ਗਏ, ਢਾਡੀ ਲਹਿਰ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਕਰਨੈਲ ਸਿੰਘ ਪਾਰਸ ਤੋਂ ਬਾਅਦ ਦੂਜਾ ਅਜਿਹਾਂ ਢਾਡੀ ਜੱਥਾ ਸੀ ਜਿਨਾਂ ਕੋਲ ਇੱਕ ਸਾਲ ਪਹਿਲਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਲੋਕ ਪ੍ਰੋਗਰਾਮ ਵਾਸਤੇ ਤਾਰੀਕਾਂ ਨੋਟ ਕਰਾਉਂਦੀਆਂ ਸਨ। ਬਹੁਤ ਸਾਰੇ ਪੰਜਾਬੀ ਗਾਇਕ ਗੁਰਬਖਸ਼ ਸਿੰਘ ਅਲਬੇਲੇ ਦੀ ਝੋਲੀ ਵਿੱਚੋਂ ਪੈਦਾ ਹੋਏ ਅਤੇ ਇੰਟਰਨੈਸ਼ਨਲ ਪੱਧਰ ਤੱਕ ਪ੍ਰਸਿੱਧੀ ਹਾਸਲ ਕੀਤੀ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ, ਜਿਨਾਂ ਵਿਚੋਂ ਪ੍ਰਮੁੱਖ ਹਨ ਨਛੱਤਰ ਛੱਤਾਂ, ਧਰਮਪ੍ਰੀਤ, ਬਲਕਾਰ ਸਿੱਧੂ ਹੋਰ ਬਹੁਤ ਸਾਰੇ ਪੰਜਾਬੀ ਗਾਇਕ ਇਸ ਬੋਹੜ ਦੀ ਛਾਂ ਥੱਲੇ ਜਵਾਨ ਹੋ ਕੇ ਦੇਸ਼ਾਂ ਵਿਦੇਸ਼ਾਂ ਤੱਕ ਉਡਾਰੀਆਂ ਮਾਰ ਗਏ। ਗੁਰਬਖਸ਼ ਸਿੰਘ ਅਲਬੇਲਾ ਜੀ ਦੇ ਸੈਂਕੜੇ ਪ੍ਰਸੰਗ ਆਪਣੀਆਂ ਕੈਸਟਾਂ ਰਾਹੀਂ ਲੋਕਾਂ ਦੀ ਝੋਲੀ ਵਿੱਚ ਪਾਏ, ਜਿਨਾਂ ਵਿਚੋਂ ਪ੍ਰਮੁੱਖ ਹਨ , ਮਾਂ ਦਾ ਦਿਲ,ਪੁੱਤ ਦਾ ਦੁੱਖ, ਨਾਨਕੀ ਦਾ ਵੀਰ, ਸਰਵਣ ਭਗਤ, ਦੁੱਖ ਭੰਜਨੀ ਬੇਰੀ, ਧੀ ਦੇ ਮਾਪੇ, ਗੁਲਾਮ ਕੌਮ, ਰੂਪ ਬਸੰਤ, ਧੀ ਗਰੀਬ ਦੀ, ਧੰਨ ਤੇਰਾ ਜਿਗਰਾ, ਹੋਰ ਬਹੁਤ ਸਾਰੇ ਪ੍ਰਸੰਗ ਲੋਕਾਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ। ਗੁਰਬਖਸ਼ ਸਿੰਘ ਅਲਬੇਲਾ ਜੀ ਇੱਕ ਬਹੁਤ ਵਧੀਆ ਢਾਡੀ ਦੇ ਨਾਲ ਇੱਕ ਬਹੁਤ ਵਧੀਆ ਲੇਖਕ ਅਤੇ ਬਹੁਤ ਵਧੀਆ ਪ੍ਰਚਾਰਕ, ਇੱਕ ਬਹੁਤ ਵਧੀਆ ਇਨਸਾਨ ਸਨ, ਕੁਝ ਪ੍ਰਸੰਗ ਉਹਨਾ ਬਲਵੀਰ ਸਿੰਘ ਘੁੰਨਸ ਜੀ ਤੋਂ ਪ੍ਰਾਪਤ ਕੀਤੇ, ਉਹ ਆਪ ਕ਼ਲਮ ਦੇ ਧਨੀ ਸਨ, ਬੇਸ਼ੱਕ ਉਹ ਸਾਡੇ ਵਿਚਕਾਰ ਨਹੀਂ ਰਹੇ, ਪਰ ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।


(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)