ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਮਜ਼ਦੂਰਾਂ ਦੀਆਂ ਉੱਭਰਵੀਂਆਂ ਮੰਗਾਂ ਮੰਨਣ ਤੋਂ ਟਾਲਮਟੋਲ ਕਰ ਰਹੀ ਪੰਜਾਬ ਸਰਕਾਰ ਵਿਰੁੱਧ ਤਿੱਖੇ ਰੋਸ ਵਜੋਂ ਸੂਬੇ ਦੀਆਂ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਪਟਿਆਲਾ ਮੋਤੀ ਮਹਿਲ ਦੇ ਸਾਂਝੇ ਘਿਰਾਓ ਨੂੰ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਇੱਥੇ ਜਾਰੀ ਕੀਤੇ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾਈ ਫੈਸਲੇ ਮੁਤਾਬਕ ਜ਼ਿਲ੍ਹਿਆਂ/ਬਲਾਕਾਂ/ਪਿੰਡਾਂ ਦੇ ਕਿਸਾਨ ਆਗੂਆਂ ਵੱਲੋਂ ਆਪਣੀ ਪਹਿਲਕਦਮੀ ਨਾਲ ਸੈਂਕੜੇ ਪਿੰਡਾਂ ਵਿੱਚ ਹਜ਼ਾਰਾਂ ਮਜ਼ਦੂਰਾਂ ਨੂੰ ਜਾਗਰੂਕ/ਲਾਮਬੰਦ ਕਰਕੇ ਘਿਰਾਓ ‘ਚ ਸ਼ਾਮਲ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਪ੍ਰਬੰਧਾਂ ‘ਚ ਸ਼ਾਮਲ 4-500 ਕਿਸਾਨ ਕਾਰਕੁੰਨ ਵੀ ਸੰਕੇਤਕ ਹਮਾਇਤ ਵਜੋਂ ਸ਼ਾਮਲ ਹੋਣਗੇ। ਸਮੂਹ ਧਰਨਾਕਾਰੀ ਮਜ਼ਦੂਰਾਂ ਲਈ ਚਾਹ ਪਾਣੀ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਿਸਾਨ ਆਗੂ ਅਨੁਸਾਰ ਉਨ੍ਹਾਂ ਦੀ ਜਥੇਬੰਦੀ ਘਿਰਾਓ ਦੀਆਂ ਪ੍ਰਮੁੱਖ ਮੰਗਾਂ ਵਿੱਚ। ਸ਼ਾਮਲ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ 2020 ਰੱਦ ਕਰਵਾਉਣ ਸਮੇਤ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਦੇ ਕੱਟੇ ਹੋਏ ਘਰੇਲੂ ਬਿਜਲੀ ਕੁਨੈਕਸ਼ਨ ਬਿਨਾਂ ਸ਼ਰਤ ਤੁਰੰਤ ਜੋੜਨ, ਮਜ਼ਦੂਰਾਂ ਕਿਸਾਨਾਂ ਦੇ ਸਾਰੇ ਕਰਜ਼ੇ ਖ਼ਤਮ ਕਰਨ, ਬੇਘਰਿਆਂ ਨੂੰ ਰਿਹਾਇਸ਼ੀ ਪਲਾਟਾਂ ਦੇ ਕਬਜ਼ੇ ਦੇਣ, ਨਜਾਇਜ਼ ਹੀ ਰੱਦ ਕੀਤੇ ਨੀਲੇ/ਲਾਲ ਕਾਰਡ ਬਹਾਲ ਕਰਨ ਵਰਗੀਆਂ ਸਾਰੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਕਿਉਂਕਿ ਮੌਜੂਦਾ ਕਿਸਾਨ ਘੋਲ਼ ਦੀ ਯਕੀਨੀ ਜਿੱਤ ਲਈ ਵੀ ਮਜ਼ਦੂਰਾਂ ਕਿਸਾਨਾਂ ਦੀ ਸੰਘਰਸ਼-ਸਾਂਝ ਦਾ ਅਹਿਮ ਰੋਲ ਹੈ। ਜਥੇਬੰਦੀ ਹਮੇਸ਼ਾ ਇਸ ਸੰਘਰਸ਼ ਸਾਂਝ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਦੀ ਮੁੱਦਈ ਹੈ।
