ਵਰ੍ਹਦਾ ਮੀਂਹ ਵੀ ਧਰਨੇ ਦਾ ਜੋਸ਼ ਮੱਠਾ ਨਾ ਪਾ ਸਕਿਆ, ਗੂੰਜਦੇ ਰਹੇ ‘ਖੇਤੀ ਕਾਨੂੰਨ ਰੱਦ ਕਰੋ’ ਦੇ ਨਾਅਰੇ
ਸਿਆਸੀ ਪਾਰਟੀਆਂ ਕਿਸਾਨ ਨੇਤਾਵਾਂ ਅੱਗੇ ਪੇਸ਼ ਹੋਈਆਂ, ਪਹਿਲੀ ਵਾਰ ਅਸਲੀ ਲੋਕਤੰਤਰ ਦੀ ਝਲਕ ਨਜ਼ਰੀਂ ਪਈ
ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਕਿਸਾਨੀ-ਧਰਨੇ 346ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਹੇ। ਸਵੇਰ ਤੋਂ ਹੀ ਜ਼ੋਰਦਾਰ ਬਾਰਿਸ਼ ਹੁੰਦੀ ਰਹੀ, ਪਰ ਧਰਨਾਕਾਰੀ ਪਿੰਡਾਂ ‘ਚ ਵਰ੍ਹਦੇ ਮੀਂਹ ਵਿੱਚ ਪਹੁੰਚੇ ਵੀ ਅਤੇ ਪੂਰੇ ਜੋਸ਼ ਨਾਲ ਧਰਨੇ ‘ਚ ਸ਼ਿਰਕਤ ਵੀ ਕੀਤੀ। ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਿੰਨੀਆਂ ਵੀ ਦੁਸ਼ਵਾਰੀਆਂ ਝੱਲਣੀਆਂ ਪੈਣ, ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਪਰਤਾਂਗੇ। ਪਿਛਲੇ ਪੰਜ ਦਿਨਾਂ ਤੋਂ ਕਰਨਾਲ ਵਿੱਚ ਲੱਗਿਆ ਧਰਨਾ ਅੱਜ ਚੁੱਕ ਲਿਆ ਗਿਆ। ਸਰਕਾਰ ਵੱਲੋਂ ਹਾਈਕੋਰਟ ਦੇ ਸਾਬਕਾ ਜੱਜ ਵੱਲੋਂ ਘਟਨਾ ਦੀ ਜਾਂਚ ਕਰਵਾਉਣ, ਦੋਸ਼ੀ ਐਸਡੀਐਮ ਨੂੰ ਇੱਕ ਮਹੀਨੇ ਲਈ ਜਬਰੀ ਛੁੱਟੀ ਭੇਜਣ ਅਤੇ ਸ਼ਹੀਦ ਕਿਸਾਨ ਦੇ ਦੋ ਜੀਆਂ ਨੂੰ ਸਰਕਾਰੀ ਨੌਕਰੀ ਦੇਣ ਦੀਆਂ ਮੰਗਾਂ ਮੰਨ ਲਏ ਜਾਣ ਬਾਅਦ ਕਿਸਾਨ ਮੋਰਚੇ ਨੇ ਧਰਨਾ ਚੁੱਕਣ ਨੂੰ ਸਹਿਮਤੀ ਦੇ ਦਿੱਤੀ। ਇਹ ਕਿਸਾਨਾਂ ਦੇ ਜਥੇਬੰਦਕ ਏਕੇ ਦੀ ਵੱਡੀ ਜਿੱਤ ਹੈ ਜਿਸ ਕਾਰਨ ਅੰਦੋਲਨਕਾਰੀਆਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ ਅਤੇ ਅੰਦੋਲਨ ਮਜ਼ਬੂਤ ਹੋਇਆ ਹੈ। ਸਰਕਾਰਾਂ ਵੀ ਇਸ ਏਕੇ ਦੀ ਜਥੇਬੰਦਕ ਤਾਕਤ ਦਾ ਅਸਰ ਕਬੂਲਣ ਲਈ ਮਜ਼ਬੂਰ ਹੋਣ ਲੱਗੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕੱਲ੍ਹ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਮੋਰਚੇ ਦੇ ਨੇਤਾਵਾਂ ਸਾਹਮਣੇ ਪੇਸ਼ ਹੋਈਆਂ। ਇਹ ਕਿਸਾਨ ਅੰਦੋਲਨ ਦਾ ਹੀ ਅਸਰ ਹੈ ਕਿ ਇਸ ਤਰ੍ਹਾਂ ਦੀਆਂ ਅਣਸੁਣੀਆਂ ਤੇ ਅਣਕਿਆਸੀਆਂ ਗੱਲਾਂ ਸਾਡੇ ਸਾਹਮਣੇ ਵਾਪਰ ਰਹੀਆਂ ਹਨ। ਕਿਸਾਨ ਮੋਰਚਾ ਪੰਜਾਬ ਨੂੰ ਭਰਾ-ਮਾਰ ਲੜਾਈ ਤੋਂ ਬਚਾਉਣਾ ਚਾਹੁੰਦਾ ਹੈ, ਜਿਸ ਕਰਕੇ ਇਹ ਮੀਟਿੰਗ ਸੱਦੀ ਗਈ ਸੀ। ਸਾਨੂੰ ਭਾਵੇਂ ਇਹ ਅਜੀਬ ਗੱਲ ਜਾਪ ਰਹੀ ਹੈ, ਪਰ ਅਸਲੀ ਲੋਕਤੰਤਰ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ ਕਿ ਸਿਆਸੀ ਨੇਤਾ ਹਰ ਸਮੇਂ ਲੋਕਾਂ ਪ੍ਰਤੀ ਜਵਾਬਦੇਹ ਹੋਣ। ਇਹ ਲੋਕਾਂ ਦੇ ਏਕੇ ਦੀ ਅਨੂਠੀ ਜਿੱਤ ਹੈ ਜੋ ਲੋਕਤੰਤਰ ਨੂੰ ਸਹੀ ਲੀਹਾਂ ‘ਤੇ ਪਾਉਣ ਲਈ ਇੱਕ ਸ਼ੁਭ-ਸੰਕੇਤ ਹੈ।
