ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਬਣੇ ਮੋਰਚੇ ਦੀ ਕੜੀ ਤਹਿਤ ਤੇਰਾਂ ਸਤੰਬਰ ਨੂੰ ਮੋਤੀ ਮਹਿਲ ਦੇ ਘਿਰਾਓ ਦੀ ਤਿਆਰੀ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਮੂਨਕ ਨੇ ਵੱਖੋ-ਵੱਖ ਪਿੰਡਾਂ ਲੱਡੀ, ਘਾਬਦਾਂ, ਨਾਗਰੀ, ਕਾਲਾਝਾੜ, ਆਲੋਅਰਖ, ਛਾਹੜ, ਚੱਠਾ ਨਨਹੇੜਾ, ਦੇ ਖੇਤ ਮਜ਼ਦੂਰ ਮਰਦ ਔਰਤਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦਿਆਂ ਦੇ ਜ਼ੋਰ ਸੱਤਾ ਤੇ ਕਾਬਜ਼ ਹੋਈ ਬੈਠੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਸਰਕਾਰ ਭੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਨੇ ਪਿਛਲੇ ਦਿਨੀਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮਜ਼ਦੂਰ ਆਗੂਆਂ ਦੀ ਮੀਟਿੰਗ ਕਰਵਾ ਕੇ ਕੁਝ ਮੰਗਾਂ ਮੰਨੀਆਂ ਸੀ ਜ਼ਿੰਮੇ ਪੁੱਟੇ ਗਏ ਮੀਟਰ ਦੁਬਾਰਾ ਲਾਉਣ ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਨ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਮਜ਼ਦੂਰਾਂ ਨੂੰ ਦਬਾਉਣ ਪੋਰਟਲ ਖੋਲ੍ਹਣ ਆਦਿ ਦਾ ਫ਼ੈਸਲਾ ਪੰਜਾਬ ਸਰਕਾਰ ਲਾਗੂ ਕਰਨ ਤੋਂ ਪਾਸਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੋ ਮੰਗਾਂ ਅਜੇ ਤੱਕ ਸਰਕਾਰ ਮੰਨਣ ਲਈ ਤਿਆਰ ਨਹੀਂ ਜਿਵੇਂ ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹੇ ਸਰਕਾਰੀ ਗੈਰ ਸਰਕਾਰੀ ਮੈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ, ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਪੱਕਾ ਰੁਜ਼ਗਾਰ, ਮਨਰੇਗਾ ਵਿੱਚ ਸਾਰਾ ਸਾਲ ਪਰਿਵਾਰ ਦੇ ਯੋਗ ਮੈਂਬਰਾਂ ਨੂੰ ਕੰਮ ,ਦਿਹਾੜੀ ਛੇ ਸੌ ਰੁਪਏ ਕਰਾਉਣ, ਬੁਢਾਪਾ ਤੇ ਵਿਧਵਾ ਪੈਨਸ਼ਨ ਪੰਜ ਹਜ਼ਾਰ ਰੁਪਏ ਕਰਾਉਣ, ਦਸ ਦਸ ਮਰਲੇ ਦੇ ਪਲਾਟ ਲੈਣ, ਪੰਜ ਲੱਖ ਰੁਪਏ ਮਕਾਨ ਲਈ ਗਰਾਂਟ ਲੈਣ, ਰਸੋਈ ਵਿਚ ਲੱਗ਼ਣ ਵਾਲੀਆਂ ਸੋਲ਼ਾਂ ਵਸਤਾਂ ਸਸਤੇ ਰੇਟ ਤੇ ਲੈਣ, ਸਰਵ ਜਨਤਕ ਵੰਡ ਪ੍ਰਣਾਲੀ ਲਾਗੂ ਕਰਵਾਉਣ, ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ਤੇ ਦੇਣ ਦੀ ਗਰੰਟੀ ਕਰਨ ਆਦਿ ਭੱਖਦੀਆਂ ਮੰਗਾਂ ਨੂੰ ਲੈ ਕੇ ਤੇਰਾਂ ਸਤੰਬਰ ਨੂੰ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਾਹਿਲ ਦੇ ਕੀਤੇ ਜਾ ਰਹੇ ਘਿਰਾਓ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਪਿੰਡ ਕਾਲਾਝਾਡ਼ ਵਿਖੇ ਮਜ਼ਦੂਰਾ ਦੀ ਕਮੇਟੀ ਦਾ ਗਠਨ ਕੀਤਾ ਜਿਸ ਵਿਚ ਗੁਰਦੀਪ ਸਿੰਘ ਪੁੱਤਰ ਸਾਧੂ ਸਿੰਘ ਨੂੰ ਪ੍ਰਧਾਨ, ਹਾਕਮ ਸਿੰਘ ਪੁੱਤਰ ਮੇਹਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਮੀਤ ਪ੍ਰਧਾਨ, ਅਮਰਜੀਤ ਸਿੰਘ ਪੁੱਤਰ ਬਚਨ ਸਿੰਘ ਨੂੰ ਜਨਰਲ ਸਕੱਤਰ, ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਖਜ਼ਾਨਚੀ ਅਤੇ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਬਾਕੀ ਦੇ ਪੰਜ ਜਣਿਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸੇ ਤਰ੍ਹਾਂ ਪਿੰਡ ਆਲੋਅਰਖ ਵਿੱਚ ਵੀ ਚੋਣ ਕੀਤੀ ਗਈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਪੰਜਾਬ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਖੇਤ ਮਜ਼ਦੂਰਾਂ ਦੇ ਇਸ ਘੋਲ ਦੀ ਡਟਵੀਂ ਹਮਾਇਤ ਕਰੇਗੀ ਅਤੇ ਪਿੰਡਾਂ ਚੋਂ ਮਜ਼ਦੂਰਾਂ ਨੂੰ ਲਾਮਬੰਦ ਕਰ ਕੇ ਮੋਤੀ ਮਹਿਲ ਦੇ ਘਿਰਾਓ ਚ ਸ਼ਾਮਲ ਕਰਵਾਉਣ ਲਈ ਪੂਰਾ ਤਾਣ ਲਾਵੇਗੀ।