
ਸਾਡੇ ਦੇਸ਼ ਭਾਰਤ ਨੂੰ ਅਜ਼ਾਦ ਹੋਇਆਂ ਸੱਤ ਦਹਾਕੇ ਦਾ ਸਮਾਂ ਬੀਤ ਚੁੱਕਾ ਹੈ। ਇਨ੍ਹਾਂ ਸੱਤ ਦਹਾਕਿਆਂ ਵਿਚ ਸਰਕਾਰਾਂ ਨੇ ਬੇਸ਼ੱਕ ਕਈ ਪਾਸਿਆਂ ਤੋਂ ਦੇਸ਼ ਦੀ ਤਰੱਕੀ ਉੱਨਤੀ ਕੀਤੀ ਹੈ। ਤਰੱਕੀ ਤੇ ਵਿਕਾਸ ਦੇ ਨਾਂ ਉੱਤੇ ਸਰਕਾਰ ਨੇ ਲੋਕਾਂ ਨੂੰ ਕਿਵੇਂ ਰਗੜੇ ਲਾਏ ਹਨ ਇਹ ਹੁਣ ਤਕ ਆਪਾਂ ਸਭ ਕੁੱਝ ਸਮੇਂ ਸਮੇਂ ਉੱਤੇ ਦੇਖਦੇ ਆਏ ਹਾਂ। ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ । ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਨਾਲ ਜਾ ਜੁੜਦਾ ਹੈ। ਖੇਤੀਬਾੜੀ ਵਾਲੇ ਮਾਮਲੇ ਵਿੱਚ ਸਾਡੇ ਦੇਸ਼ ਦੇ ਕਿਸਾਨਾਂ ਵੱਲ ਦੇਖੀਏ ਤਾਂ ਸਭ ਕੁਝ ਪਹਿਲੀ ਨਜ਼ਰ ਹੀ ਦਿਖਦਾ ਹੈ ਕਿ ਕਿਸਾਨੀ ਉੱਤੇ ਸਰਕਾਰਾਂ ਨੇ ਸਿਆਸਤ ਹੀ ਕੀਤੀ ਜੋ ਅੱਜ ਵੀ ਹੋ ਰਹੀ ਹੈ। ਜੇ ਖੇਤੀ ਬਾੜੀ ਦੇ ਧੰਦੇ ਨਾਲ ਸਬੰਧਤ ਕਿਸਾਨਾਂ ਬਾਰੇ ਸੋਚਿਆ ਹੁੰਦਾ ਤਾਂ ਅੱਜ ਸੱਤਰ ਸਾਲਾਂ ਬਾਅਦ ਇਕ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਨਾ ਰੁਲਦੇ , ਨਾ ਹੀ ਇੰਨੇ ਬੁਰੇ ਤਰੀਕੇ ਨਾਲ ਕਿਸਾਨੀ ਕਿੱਤੇ ਦੀ ਦੁਰਦਸ਼ਾ ਹੁੰਦੀ। ਪਿਛਲਾ ਸਮਾਂ ਛੱਡ ਆਪਾਂ ਅੱਜ ਦੇ ਸਿਆਸਤਦਾਨਾਂ ਅਤੇ ਕੇਂਦਰੀ ਸਰਕਾਰ ਦੀ ਗੱਲ ਕਰੀਏ ਤਾਂ ਜਦੋਂ ਉਹਨਾਂ ਨੇ ਰਾਜ-ਭਾਗ ਸੰਭਾਲਿਆ ਸੀ ਤਾਂ ਉਹ ਇੱਕੋ ਗੱਲ ਕਹਿੰਦੇ ਸਨ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਹੀ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਖੋਹਣ ਉੱਤੇ ਚੱਲ ਪਈ। ਇਹੀ ਕਾਰਨ ਹੈ ਕਿ ਖੇਤੀ ਸਬੰਧੀ ਗਲਤ ਕਾਨੂੰਨ ਸਾਰੇ ਦੇਸ਼ ਦੇ ਕਿਸਾਨਾਂ ਉੱਤੇ ਧੱਕੇ ਨਾਲ ਲਾਗੂ ਕੀਤੇ। ਧੱਕੇ ਨਾਲ ਲਾਗੂ ਕੀਤੇ ਹੋਏ ਖੇਤੀ ਸੰਬੰਧੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਸੰਘਰਸ਼ ਮੋਰਚਾ ਸਾਰੇ ਭਾਰਤ ਦੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਦੀਆਂ ਬਰੂਹਾਂ ਦਸ ਮਹੀਨੇ ਤੋਂ ਨੱਪੀ ਬੈਠਾ ਸਰਕਾਰ ਗੱਲ ਕਰਨ ਦੀ ਥਾਂ ਕਿਸਾਨਾਂ ਉੱਤੇ ਨਵਾਂ ਨਵਾਂ ਤਸ਼ੱਦਦ ਕਰਕੇ ਕਿਸਾਨਾਂ ਨੂੰ ਜ਼ਲੀਲ ਕਰ ਰਹੀ ਹੈ । ਕਿੰਨੇ ਕਿਸਾਨਾਂ ਦੀ ਮੌਤ ਅਜਾਈਂ ਹੋ ਗਈ। ਜਿੱਥੇ ਵੀ ਕਿਸਾਨ ਰੋਸ ਧਰਨਾ ਮੁਜ਼ਾਹਰਾ ਕਰਦੇ ਹਨ , ਉਥੇ ਹੀ ਪੁਲਸ ਦੀ ਸਖਤੀ ਵਰਤੀ ਜਾਂਦੀ ਹੈ ਪਿਛਲੇ ਦਿਨੀਂ ਕਰਨਾਲ ਵਿਚ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੈ ਇਸ ਦਾ ਇਨਸਾਫ ਲੈਣ ਲਈ ਜਦੋਂ ਕਿਸਾਨਾਂ ਨੇ ਮਹਾਂ ਪੰਚਾਇਤ ਦੇ ਰੂਪ ਵਿੱਚ ਇਕੱਠ ਕੀਤਾ ਤਾਂ ਕਰਨਾਲ ਵਿੱਚ ਹੀ ਕਿਸਾਨਾਂ ਉੱਤੇ ਨਵਾਂ ਤਸ਼ੱਦਦ ਢਾਹਿਆ ਗਿਆ। ਜੋ ਹਾਲੇ ਤਕ ਜਾਰੀ ਹੈ ਕਿਸਾਨਾਂ ਨਾਲ ਹੁੰਦੇ ਧੱਕੇ ਨੂੰ ਕੋਈ ਵੀ ਨਹੀਂ ਦੇਖ ਰਿਹਾ । ਇੱਥੋਂ ਤੱਕ ਕਿ ਉੱਚ ਅਦਾਲਤਾਂ ਬੀ ਬੇ-ਵੱਸ ਹੋਈਆਂ ਜਾਪਦੀਆਂ ਹਨ। ਕਿਸਾਨ ਜਾਣ ਤਾਂ ਕਿੱਧਰ ਨੂੰ ਜਾਣ ਸੰਘਰਸ਼ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਰਸਤਾ ਹੀ ਨਹੀਂ ਬਚਿਆ । ਲੇਖ ਵਿਚਲੀ ਤਸਵੀਰ ਕਿਸਾਨਾਂ ਉੱਤੇ ਤਸ਼ੱਦਦ ਨੂੰ ਬਿਆਨ ਕਰਨ ਲਈ ਕਾਫ਼ੀ ਹੈ ਕਿਸਾਨ ਖੇਤਾਂ ਦੀ ਸਾਂਭ ਸੰਭਾਲ ਲਈ ਰਾਤ ਨੂੰ ਵੱਟਾਂ ਉੱਤੇ ਸੌਂਦੇ ਹਨ ਨੌਂ ਮਹੀਨਿਆਂ ਤੋਂ ਦਿੱਲੀ ਵਿਚ , ਖੇਤਾਂ ਵਿੱਚ ਸੌਣ ਵਾਲੇ ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਧਰਨੇ ਵਿੱਚ ਪੁਲੀਸ ਦੇ ਬੈਰੀਕੇਡਾਂ ਉਪਰ ਵੀ ਸੁੱਤੇ ਹਨ । ਸ਼ਾਇਦ ਹੀ ਦੁਨੀਆਂ ਦੇ ਕਿਸੇ ਦੇਸ਼ ਵਿੱਚੋਂ ਕਿਸਾਨਾਂ ਉੱਤੇ ਇਹੋ ਜਿਹੇ ਜ਼ੁਲਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੋਣ…. ਜੋ ਕਿ ਕਿਸਾਨੀ ਦਾ ਦਰਦ ਪੇਸ਼ ਕਰਦੀਆਂ ਹਨ ।
ਬਲਬੀਰ ਸਿੰਘ ਬੱਬੀ
7009107300