8.3 C
United Kingdom
Thursday, May 1, 2025

‘ਬਿਗਾਨੀ ਛਾਹ ਤੇ ‘ਸਿਆਸੀ’ ਮੁੱਛਾਂ ਮਨਾਉਂਦਾ ਆਇਆ ਮੌੜ ਹਲਕਾ

ਬਠਿੰਡਾ (ਅਸ਼ੋਕ ਵਰਮਾ) ਜਿਲ੍ਹਾ ਬਠਿੰਡਾ ਦਾ ਵਿਧਾਨ ਸਭਾ ਹਲਕਾ ਮੌੜ ਨੂੰ ਆਪਣੇ ਹੀ ਹਲਕੇ ਨਾਲ ਸਬੰਧਤ ਉਮੀਦਵਾਰ ਦੇ ਪੱਖ ਤੋਂ ਹਮੇਸ਼ਾ ਤਰਸੇਵਾਂ ਹੀ ਰਿਹਾ ਹੈ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ ਇਸ ਹਲਕੇ ਤੋਂ ਆਪਣੇ ਉਮੀਦਵਾਰ ਪੈਰਾਸ਼ੂਟ ਰਾਹੀਂ ਹੀ ਉਤਾਰੇ ਹਨ। ਹਲਕੇ ਨਾਲ ਬੁਨਿਆਦੀ ਮੋਹ ਦੀ ਤੰਦ ਨਾਂ ਹੋਣ ਕਾਰਨ ਆਮ ਲੋਕਾਂ ਨੂੰ ਆਪੋ ਆਪਣੇ ਕੰਮ ਧੰਦਿਆਂ ’ਚ ਆਉਂਦੀ ਮੁਸ਼ਕਲ ਅਤੇ ਵਿਕਾਸ ਦੇ ਪੱਖ ਤੋਂ ਪਛੜਨ ਦੇ ਬਾਵਜੂਦ ਇਸ ਮੁੱਦੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤੀ ਦੇ ਮਾਮਲੇ ’ਚ ਖੁਦ ਨੂੰ ਲਾਵਾਰਿਸ ਸਮਝਦੇ ਆ ਰਹੇ ਹਨ ਪਰ ਸਿਆਸੀ ਪਾਰਟੀਆਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਰਹੀਆਂ ਹਨ। ਦਰਅਸਲ ਹਲਕਿਆਂ ਦੀ ਨਵੀਂ ਹੱਦਬੰਦੀ ਹੋਣ ਤੋਂ ਪਹਿਲਾਂ ਮੌੜ ਦੀ ਥਾਂ ਹਲਕਾ ਜੋਗਾ ਹੋਇਆ ਕਰਦਾ ਸੀ ਜਿਸ ’ਚ ਕੁੱਝ ਪਿੰਡ ਮਾਨਸਾ ਜਿਲ੍ਹੇ ਦੇ ਸ਼ਾਮਲ ਸਨ ਜਦੋਂਕਿ ਬਹੁਗਿਣਤੀ ਪਿੰਡ ਬਠਿੰਡਾ ਜਿਲ੍ਹੇ ਨਾਲ ਸਬੰਧਤ ਸਨ।
ਸਾਲ 2012 ਦੀਆਂ ਚੋਣਾਂ ਤੋਂ ਪਹਿਲਾਂ ਹੋਈ ਨਵੀਂ ਹਲਕਾਬੰਦੀ ਦੌਰਾਨ ਤਲਵੰਡੀ ਸਾਬੋ ਹਲਕੇ ਦੇ ਕੁੱਝ ਪਿੰਡਾਂ ਨੂੰ ਸ਼ਾਮਲ ਕਰਕੇ ਨਵਾਂ ਹਲਕਾ ਮੌੜ ਬਣਾ ਦਿੱਤਾ ਗਿਆ ਸੀ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੇ ਅੰਤਲੇ ਦਿਨਾਂ ‘ਚ ਹਲਕਾ ਬੁਢਲਾਡਾ ਦੇ ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਨੂੰ ਪੈਰਾਸ਼ੂਟ ਰਾਹੀਂ ਹਲਕਾ ਮੌੜ ’ਚ ਉਤਾਰਿਆ ਸੀ ਜੋ  ਫਿਰੋਜ਼ਪੁਰ ਜਿਲ੍ਹੇ ਤੋਂ ਲਿਆ ਕੇ ਉਤਾਰੇ ਪੈਰਾਸ਼ੂਟੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਤੋਂ ਹਾਰ ਗਏ ਸਨ। ਚੋਣ ਜਿੱਤਣ ਉਪਰੰਤ ਸੇਖੋਂ ਸਿੰਚਾਈ ਮੰਤਰੀ ਬਣੇ ਤਾਂ ਹਲਕੇ ਦੇ ਟੇਲਾਂ ਤੇ ਪੈਂਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੇ ਪੱਖ ਤੋਂ ਰਾਹਤ ਮਿਲੀ ਸੀ। ਹਾਲਾਂਕਿ ਸੇਖੋਂ ਨੇ ਆਪਣੀ ਰਿਹਾਇਸ਼ ਬਠਿੰਡਾ ਬਣਾਈ ਪਰ ਉਨ੍ਹਾਂ ਦਾ ਮੁੱਢ ਆਪਣਾ ਇਲਾਕਾ ਹੀ ਰਿਹਾ। ਸਾਲ 2017 ਦੀਆਂ ਚੋਣਾਂ ਦੌਰਾਨ  ਸੇਖੋਂ ਹਾਰ ਗਏ ਜਿੰਨ੍ਹਾਂ ਦੇ ਹਾਰਦਿਆਂ ਹੀ ਟੇਲਾਂ ਤੇ ਪੈਂਦੇ ਪਿੰਡਾਂ ਨੂੰ ਪਾਣੀ ਦੇ ਪੱਖ ਤੋਂ ਮਿਲੀ ਮਾੜੀ ਮੋਟੀ ਸਹੂਲਤ ਖਤਮ ਹੋ ਗਈ । ਇੰਨ੍ਹਾਂ ਚੋਣਾਂ ਦੌਰਾਨ ਪੰਜਾਬ ’ਚ ਸਰਕਾਰ ਕਾਂਗਰਸ ਦੀ ਬਣੀ ਪਰ ਹਾਰੇ ਅਰਧ  ਪੈਰਾਸ਼ੂਟੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵੀ ਹਲਕੇ ਲਈ ਸੰਜੀਵਨੀ ਤਾਂ ਬਣ ਸਕੇ ਜੋਕਿ ਹਲਕਾ ਬਠਿੰਡਾ ਅਤੇ ਤਲਵੰਡੀ ਸਾਬੋ ਛੱਡ ਕੇ ਮੌੜ ਭੇਜੇ ਗਏ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ’ਚ ਝਾਤੀ ਮਾਰੀਏ ਤਾਂ ਹੁਣ ਮਾਨਸਾ ਜਿਲ੍ਹੇ ਨਾਲ ਸਬੰਧਤ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਅਤੇ ਉਨ੍ਹਾਂ ਦੀ ਧਰਮਪਤਨੀ ਡਾਕਟਰ ਮਨੋਜ ਬਾਲਾ ਬਾਂਸਲ ਦੋਵੇਂ ਹਲਕਾ ਮੌੜ ’ਚ ਕਪਤਾਨੀ ਕਰ ਰਹੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਜਗਦੇਵ ਸਿੰਘ ਕਮਾਲੂ  ਕਾਂਗਰਸ ’ਚ ਸ਼ਾਮਲ ਹੋ ਗਏ ਹਨ ਪਰ ਵਿਧਾਨ ਸਭਾ ਚੋਣਾਂ ਮੌਕੇ ਸਿਆਸਤ ਦਾ ਉੱਠ ਕਿਸ ਕਰਵਟ ਬੈਠਦਾ ਹੈ ਵਕਤ ਦੇ ਗਰਭ ਵਿੱਚ ਹੈ। ਹਲਕੇ ਨਾਲ ਸਬੰਧਤ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੰਨਿਆ ਕਿ ਮੌੜ ਨਾਲ ਸਬੰਧਤ ਕਾਂਗਰਸੀ ਆਗੂ ਨੇ ਤਾਂ ਕਦੇ ਕਾਂਗਰਸ ਨੇ ਤਾਕਤ ਹੀ ਨਹੀਂ ਦਿੱਤੀ ਹੈ।
ਇਸ ਕਾਂਗਰਸੀ ਆਗੂ ਵੱਲੋਂ ਬਿਆਨੇ ਤੱਥਾਂ ’ਚ ਵਜ਼ਨ ਵੀ ਜਾਪਦਾ ਹੈ ਕਿਉਂਕਿ ਇਸ ਹਲਕੇ ਦੇ ਪੁਰਾਣੇ ਕਾਂਗਰਸੀ ਲੀਡਰ ਸੁਖਰਾਜ ਸਿੰਘ ਨੱਤ ਨੂੰ ਅਣਗੌਲਿਆ ਹੀ ਰੱਖਿਆ ਗਿਆ। ਹਲਕੇ ਦੇ ਆਗੂਆਂ ਦਾ ਕਹਿਣਾ ਹੈ ਕਿ ਹਲਕੇ ਦਾ ਬੰਦਾ ਉਮੀਦਵਾਰ ਨਾਂ ਬਨਾਉਣ ਦਾ ਖਮਿਆਜਾ ਕਾਂਗਰਸ ਨੇ ਤਾਂ ਭੁਗਤਿਆ ਹੀ ਹੈ ਬਲਕਿ ਸੁਖਰਾਜ ਸਿੰਘ ਨੱਤ ਪਾਰਟੀ ਨੂੰ ਸੰਵਾਰਦਿਆਂ ਜਿੱਤਣ ਦੀ ਸੱਧਰਾਂ ਦਿਲ ਵਿੱਚ ਹੀ ਲੈਕੇ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ। ਇਸ ਦਿਸ਼ਾ ’ਚ ਮਿਸ਼ਨ 2022 ਦੌਰਾਨ ਅਕਾਲੀ ਰਾਜਨੀਤੀ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਤੋਂ ਸਾਬਕਾ ਕਾਂਗਰਸੀ ਅਤੇ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਮੂਲੀਅਤ ਕਰਨ ਵਾਲੇ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਬਣਾ ਕੇ ਪੈਰਾਸ਼ੂਟੀ ਉਮੀਦਵਾਰ ਉਤਾਰਨ ਦੀ ਪਹਿਲ ਕਰ ਦਿੱਤੀ ਹੈ ਜਦੋਂਕਿ ਕਾਂਗਰਸੀ ਪੱਤੇ ਖੁੱਲ੍ਹਣ ਦੀ  ਫਿਲਹਾਲ ਉਡੀਕ ਹੀ ਕੀਤੀ ਜਾ ਸਕਦੀ ਹੈ ਜਿਸ ਲਈ ਕਈ ਕਾਂਗਰਸੀ ਲੀਡਰ ਸਰਗਰਮੀਆਂ ਵੀ ਚਲਾ ਰਹੇ ਹਨ।  

ਹਲਕੇ ਦੀਆਂ ਸਮੱਸਿਆਵਾਂ
ਹਲਕੇ  ‘ਚ ਪੀਲੀਏ ਤੇ ਕਾਲੇ ਪੀਲੀਏ ਦੇ ਕਹਿਰ ਕਾਰਨ ਕਾਫੀ ਮੌਤਾਂ ਹੋ ਚੁੱਕੀਆਂ ਹਨ। ਧਰਤੀ ਹੇਠਲੇ ਮਾੜੇ ਪਾਣੀ ਕਾਰਨ ਕੈਂਸਰ ਖਾਸ ਤੌਰ ਤੇ ਔਰਤਾਂ ’ਚ ਛਾਤੀ ਦਾ ਕੈਂਸਰ ਫੈਲਿਆ ਹੋਇਆ ਹੈ। ਪ੍ਰਾਈਵੇਟ ਹਸਪਤਾਲਾਂ  ਤੋਂ ਇਲਾਜ ਦੇ ਚੱਕਰਾਂ ‘ਚ ਲੋਕ ਕਰਜ਼ੇ ਦੀ ਮਾਰ ਹੇਠ ਹਨ। ਟੇਲਾਂ ਤੇ ਪੈਂਦੇ ਪਿੰਡਾਂ ਨੂੰ ਪਾਣੀ ਦੀ ਸਮੱਸਿਆ ਹੈ ਅਤੇ  ਪੀਣ ਵਾਲੇ ਪਾਣੀ ਦੇ ਵੀ ਮਸਲੇ ਹਨ। ਬਾਰਸ਼ਾਂ ਦੌਰਾਨ ਪਾਣੀ ਦੀ ਨਿਕਾਸੀ ਦੀਆਂ ਦਿੱੱਕਤਾਂ ਹਨ। ਵੋਟਰ ਆਖਦੇ ਹਨ ਕਿ ਸਰਕਾਰਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਲੋਕਾਂ ਦੇ ਮਸਲੇ ਜਿਓਂ ਦੇ ਤਿਓਂ ਹਨ ਜਿਸ ਦਾ ਕਾਰਨ ਉਨ੍ਹਾਂ ਹਲਕੇ ਨਾਲ ਸਬੰਧਤ ਲੀਡਰ ਦਾ ਮੋਹਰੀ ਨਾਂ ਹੋਣਾ ਦੱਸਿਆ ਹੈ। ਇਲਾਕੇ ਦੇ ਕਿਸਾਨ ਨੇਤਾ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਸਿਆਸੀ ਧਿਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਅਮਲੀ ਰੂਪ ‘ਚ ਕੁੱਝ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਇਸ ਕਰਕੇ ਸਰਕਾਰੀ ਸੇਵਾਵਾਂ ਬੇਜਾਨ ਜਿੰਨ੍ਹਾਂ ਦੇ ਹੱਲ ਲਈ ਸੰਘਰਸ਼ ਦੀ ਜਰੂਰਤ ਮਹਿਸੂਸ ਹੋਣ ਲੱਗੀ ਹੈ ।

Punj Darya

LEAVE A REPLY

Please enter your comment!
Please enter your name here

Latest Posts

error: Content is protected !!
07:03