ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕਈ ਖੇਤਰਾਂ ਵਿੱਚ ਤੂਫਾਨ ਇਡਾ ਵੱਲੋਂ ਤਬਾਹੀ ਮਚਾਉਣ ਦੇ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਤੂਫਾਨ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਨਿਊ ਓਰਲੀਨਜ਼, ਲੁਈਸਿਆਨਾ ਆਦਿ ਦਾ ਦੌਰਾ ਕਰਨ ਤੋਂ ਬਾਅਦ ਵਾਈਟ ਹਾਊਸ ਦੇ ਅਨੁਸਾਰ ਰਾਸ਼ਟਰਪਤੀ ਜੋਅ ਬਾਈਡੇਨ ਅਗਲੇ ਹਫਤੇ ਨਿਊਯਾਰਕ ਦੇ ਕੁਈਨਜ਼ ਅਤੇ ਨਿਊਜਰਸੀ ਦੇ ਮੈਨਵਿਲੇ ਦੀ ਯਾਤਰਾ ਕਰਨਗੇ। ਇਸ ਯਾਤਰਾ ਦੌਰਾਨ ਬਾਈਡੇਨ ਵੱਲੋਂ ਇਹਨਾਂ ਖੇਤਰਾਂ ਵਿੱਚ ਇਡਾ ਤੂਫਾਨ ਅਤੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਅਮਰੀਕਾ ਉੱਤਰ-ਪੂਰਬ ਵਿੱਚ ਤੂਫਾਨ ਨਾਲ ਸਬੰਧਤ ਘੱਟੋ ਘੱਟ 49 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਨਿਊਯਾਰਕ ਸਿਟੀ ‘ਚ 13 ਅਤੇ ਨਿਊ ਜਰਸੀ ਵਿੱਚ 27 ਸ਼ਾਮਲ ਹਨ ਜਦਕਿ ਹੋਰ 16 ਲੋਕਾਂ ਦੀ ਮੌਤ ਦੱਖਣ -ਪੂਰਬ ਵਿੱਚ ਹੋਈ ਹੈ। ਇਹਨਾਂ ਖੇਤਰਾਂ ਵਿੱਚ ਬੁੱਧਵਾਰ ਨੂੰ ਰਿਕਾਰਡ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਸੀ, ਜਿਸ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਸੀ। ਨਿਊ ਜਰਸੀ ਵਿੱਚ, ਕੁੱਝ ਲੋਕ ਸ਼ਨੀਵਾਰ ਤੱਕ ਵੀ ਆਪਣੇ ਬੇਸਮੈਂਟਾਂ ਵਿੱਚੋਂ ਪਾਣੀ ਬਾਹਰ ਕੱਢ ਰਹੇ ਸਨ।
