ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਦੇ ਓ.ਐੱਸ.ਡੀ. ਸ਼੍ਰੀ ਐੱਮ.ਪੀ. ਸਿੰਘ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਮੀਟਿੰਗ ਵਿੱਚ ਯੂਨੀਅਨ ਦੇ ਵਫ਼ਦ ਨੇ ਪੰਜਾਬ ਸਰਕਾਰ ਤੋਂ ਆਪਣੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਇਆ ਅਤੇ 2018 ਦੀ ਐੱਸ.ਐੱਸ.ਏ./ਰਮਸਾ ਲਈ ਬਣਾਈ ਪਾਲਿਸੀ ਦੇ ਅਧੀਨ ਤੁਰੰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਨੇ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਐੱਮ.ਪੀ.ਸਿੰਘ ਅੱਗੇ ਰੱਖਦਿਆਂ ਦੱਸਿਆ ਕਿ 2018 ਵਿੱਚ ਐੱਸ.ਐੱਸ.ਏ/ਰਮਸਾ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਪਾਲਿਸੀ ਬਣਾਈ ਗਈ ਸੀ, ਜਿਸ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਅਧਿਾਆਪਕਾਂ ਤੋਂ ਵੀ ਇਸ ਸੰਬੰਧੀ ਆਪਸ਼ਨ ਕਲਿੱਕ ਕਰਵਾਈ ਗਈ ਸੀ ,ਪਰ ਐੱਸ.ਐੱਸ.ਏ/ਰਮਸਾ ਦੇ ਅਧਿਆਪਕਾਂ ਨੂੰ ਤਾਂ ਸਿੱਖਿਆ ਵਿਭਾਗ ‘ਚ ਰੈਗੂਲਰ ਕਰ ਦਿੱਤਾ ਗਿਆ ਪਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਸ੍ਰੀ ਐੱਮ.ਪੀ.ਸਿੰਘ ਨੇ ਜੱਥੇਬੰਦੀ ਦੇ ਆਗੂਆਂ ਨੂੰ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦਾ ਮਸਲਾ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਸੰਬੰਧੀ ਮੁੱਖ ਮੰਤਰੀ ਦਫ਼ਤਰ ਵੱਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਸੰਬੰਧੀ ਸਟੇਟਸ ਰਿਪੋਰਟ ਮੰਗੀ ਗਈ ਹੈ।ਇਸ ਮੀਟਿੰਗ ਵਿੱਚ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ, ਮੀਤ ਪ੍ਰਧਾਨ ਅਮਰੀਸ਼ ਸ਼ਰਮਾ, ਮੀਤ ਪ੍ਰਧਾਨ ਦਲਜੀਤ ਕੌਰ ਅਤੇ ਸੰਯੁਕਤ ਸਕੱਤਰ ਵਿਪਨੀਤ ਕੌਰ ਸ਼ਾਮਿਲ ਹੋਏ।
