8.9 C
United Kingdom
Saturday, April 19, 2025

More

    ਬਠਿੰਡਾ ਥਰਮਲ:ਚਿਮਨੀਆਂ ਉਡਾਉਣ ਨਾਲ ਉੱਘੜਿਆ ਕੈਪਟਨ ਸਰਕਾਰ ਦਾ ਬੈਂਗਣੀ

    ਬਠਿੰਡਾ (ਅਸ਼ੋਕ ਵਰਮਾ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ ਬਠਿੰਡਾ ’ਚ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਯੂਨਿਟ ਨੰਬਰ 3 ਅਤੇ 4 ਦੀਆਂ ਚਿਮਨੀਆਂ ਉਡਾਉਣ ਨਾਲ ਕੈਪਟਨ ਸਰਕਾਰ ਦਾ ਬੈਂਗਣੀ ਉੱਘੜ ਆਇਆ ਹੈ ਜਿਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਿਹਾ ਕਰਦੇ ਸਨ ਕਿ ਥਰਮਲ ਦੀਆਂ ਬੰਦ ਚਿਮਨੀਆਂ ਕਾਰਨ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਆ ਜਾਂਦੇ ਹਨ।ਅੱਜ ਇਸ ਥਰਮਲ ਨੂੰ ਤੋੜ ਭੰਨ ’ਚ ਜੁਟੀ ਕੰਪਨੀਆਂ ਨੇ ਐਨ ਉਸ ਵਕਤ ਇਹ ਚਿਮਨੀਆਂ ਡਾਈਨਾਮਾਈਟ ਨਾਲ ਉਡਾਈਆਂ ਹਨ ਜਦੋਂ ਕੈਪਟਨ ਸਰਕਾਰ  ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣ ਲਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵੱਡੇ ਵੱਡੇ ਦਾਅਵੇ ਕਰ ਰਹੀ ਸੀ। ਦੱਸਦੇ ਹਨ ਕਿ ਇਸ ਤੋਂ ਬਾਅਦ ਬਾਕੀ ਦੋ ਚਿਮਨੀਆਂ ਅਤੇ ‘ਬੈਲਬਾਟਮ’ ਦੀ ਤਰਜ਼ ਤੇ ਬਣੇ ਕੂਲੰਗ ਟਾਵਰਾਂ ਦੀ ਵਾਰੀ ਹੈ। ਤੱਤਕਾਲੀ ਕਾਂਗਰਸੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਸ ਥਰਮਲ ਦਾ ਨੀਂਹ ਪੱਥਰ ਰੱਖਿਆ ਸੀ ਜਦੋਂਕਿ  ਇਸ ਪ੍ਰਜੈਕਟ ਨੂੰ ਅੰਤਮ ਵਿਦਾਇਗੀ ਵੀ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸੀ ਹਕੂਮਤ ਨੇ ਹੀ ਦਿੱਤੀ ਹੈ। ਦੱਸਣਯੋਗ ਹੈ ਕਿ ਗੱਠਜੋੜ ਸਰਕਾਰ ਨੇ ਬਠਿੰਡਾ ਥਰਮਲ ਬੰਦ ਕਰਨ ਦੀ ਤਜਵੀਜ ਬਣਾਈ ਸੀ ਜਿਸ ਤੇ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਅਮਲ ਰੋਕ ਦਿੱਤਾ ਸੀ।ਵੇਰਵਿਆਂ ਮੁਤਾਬਕ ਸਾਲ 1972 ’ਚ ਇਸ ਪ੍ਰਜੈਕਟ ਦਾ ਨੀਂਹ ਪੱਥਰ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਰੱਖਿਆ ਸੀ । ਪੰਜਾਬ ਦਾ ਇਹ ਪਹਿਲਾ ਤਾਪ ਬਿਜਲੀ ਘਰ ਹੈ ਜਿਸ ਦੀ ਉਸਾਰੀ ਲਈ ਰੂਸੀ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਇਸ ਪ੍ਰਜੈਕਟ ਦੇ ਹਰ ਯੂਨਿਟ ਦੀ ਸਮਰੱਥਾ 110 ਮੈਗਾਵਾਟ ਸੀ। ਇਸ ਦਾ ਪਹਿਲਾ ਯੂਨਿਟ ਸਤੰਬਰ 1974 ’ਚ ਅਤੇ ਦੂਸਰਾ ਮਈ 1975 ਵਿੱਚ ਚਾਲੂ ਹੋਇਆ ਸੀ। ਇਵੇਂ ਹੀ ਤੀਸਰਾ ਯੂਨਿਟ ਮਈ 1978 ਅਤੇ ਚੌਥੇ ਦੀਆਂ ਚਿਮਨੀਆਂ ਚੋਂ 1979 ‘ਚ ਧੂੰਆਂ ਨਿਕਲਿਆ ਸੀ । ਕਰੀਬ 20 ਵਰ੍ਹੇ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਜਦੋਂ ਇਹ ਥਰਮਲ ਸ਼ਹਿਰ ‘ਤੇ ਸੁਆਹ ਦੀ ਬਰਸਾਤ ਕਰਨ ਲੱਗਾ ਤਾਂ ਇਸ ਦੇ ਨਵੀਨੀਕਰਨ ਦੀ ਯੋਜਨਾ ਬਣਾਈ ਗਈ ਸੀ।  ਪਾਵਰਕੌਮ ਨੇ ਦਸੰਬਰ 1999 ’ਚ ਪਹਿਲੇ ਪੜਾਅ ਦਾ ਅਧਿਐਨ ਕੀਤਾ ਸੀ ਜਦੋਂਕਿ ਦੂਸਰੇ ਪੜਾਅ ਦੇ ਅਧਿਐਨ ਫਰਵਰੀ 2001 ਅਤੇ ਦਸੰਬਰ 2001 ਵਿੱਚ ਸ਼ੁਰੂ ਹੋਏ ਸਨ। ਬਠਿੰਡਾ ਥਰਮਲ ਦੀ ਉਮਰ ‘ਚ ਵਾਧੇ ਲਈ ਫਰਵਰੀ 2001 ‘ਚ ਮੁਰੰਮਤ ਅਤੇ ਆਧੁਨਿਕੀਕਰਨ ਲਈ ਪ੍ਰਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਹੋਈ । ਇਸ ਕੰਮ ਲਈ ਚਾਰ ਸਾਲਾਂ ‘ਚ ਕਰੀਬ ਇੱਕ ਹਜਾਰ ਕਰੋੜ ਰੁਪਏ ਖਰਚ ਕੀਤੇ ਗਏ ।  ਅਪਗ੍ਰੇਡਸ਼ਨ ਮਗਰੋਂ ਪ੍ਰਦੂਸ਼ਣ ਤੇ ਕਾਬੂ ਕਰ ਲਿਆ ਪਰ ਬਾਦਲ ਸਰਕਾਰ ਵੇਲੇ ਵੱਡੇ ਖਰਚੇ ਦੀ ਪ੍ਰਵਾਹ ਨਾਂ ਕਰਦਿਆਂ ਬੰਦ ਕਰਨ ਦੀ ਤਿਆਰੀ ਕਰ ਲਈ। ਉਦੋਂ ਬਾਦਲਾਂ ਦੇ ਹਲਕੇ ਨਾਲ ਜੁੜਿਆ ਹੋਣ ਕਰਕੇ ਬਾਦਲ ਸਰਕਾਰ ਨੇ ਸਾਲ 2014 ਦੀਆਂ ਲੋਕ ਸਭਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਕਾਰਨ ਇਸ ਤਜਵੀਜ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ।  ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਬਠਿੰਡਾ ਥਰਮਲ ਪਲਾਂਟ ਦੀ ਮੁਰੰਮਤ ‘ਤੇ ਕਰੋੜਾਂ ਖਰਚ ਕਰਨ ਮਗਰੋਂ ਇਸ ਦੀ ਉਮਰ ਵਿੱਚ 2030 ਤੱਕ ਦਾ ਵਾਧਾ ਹੋ ਗਿਆ ਹੈ। ਪਹਿਲਾਂ  ਸਰਕਾਰ ਨੇ ਥਰਮਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਕਾਰਨ ਬੰਦ ਕਰਨ ਦਾ ਫੈਸਲਾ ਲਿਆ ਸੀ ਪਰ ਹੁਣ ਤਾਂ ਇਹ ਪ੍ਰਜੈਕਟ ਪ੍ਰਦੂਸ਼ਣ ਵੀ ਨਹੀਂ ਫੈਲਾ ਰਿਹਾ ਸੀ। ਸੂਤਰ ਆਖਦੇ ਹਨ ਕਿ ਬਠਿੰਡਾ ਥਰਮਲ ਪਲਾਂਟ ਦੀ ਬੇਸ਼ਕੀਮਤੀ ਜਮੀਨ ਤੇ ਸਰਕਾਰ ਅਤੇ ਹੋਰ ਕਈ ਧਿਰਾਂ ਦੀ ਅੱਖ ਟਿਕੀ ਹੋਈ ਹੈ ਜੋ ਆਪਣੀਆਂ ਜੇਬਾਂ ਭਰਨ ਲਈ ਕਾਹਲੀਆਂ ਹਨ ਜਿੰਨ੍ਹਾਂ ’ਚ ਇੱਕ ਵੱਡੇ ਸਿਆਸੀ ਨੇਤਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।

    ਮਗਰਮੱਛ ਦੇ ਹੰਝੂ ਸਨ ਵਿੱਤ ਮੰਤਰੀ ਦੇ ਹੰਝੂ
    ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਮਨਪ੍ਰੀਤ ਬਾਦਲ ਤਾਂ ਕਿਹਾ ਕਰਦੇ ਸਨ ਕਿ ਜਦੋਂ ਮੈਂ ਗਿੱਦੜਬਾਹੇ ਤੋਂ ਆਉਂਦਾ ਹਾਂ ਤਾਂ ਥਰਮਲ ਦੀਆਂ ਬੰਦ ਚਿਮਨੀਆਂ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ। ਇਹ ਥਰਮਲ ਸੀਮਿੰਟ ਬੱਜਰੀ ਦਾ ਨਹੀਂ ਬਣਿਆ ਬਲਕਿ ਖੂਨ ਪਸੀਨੇ ਨਾਲ ਉਸਾਰਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਹਕੂਮਤ ਆਉਂਦਿਆਂ ਚਿਮਨੀਆਂ ਚੋਂ ਧੂੰਆਂ ਕੱਢਿਆ ਜਾਏਗਾ। ਉਨ੍ਹਾਂ ਆਖਿਆ ਕਿ ਚਿਮਨੀਆਂ ਚੋਂ ਤਾਂ ਕੀ ਧੂੰਆਂ ਕੱਢਣਾ ਸੀ ਥਰਮਲ ਦਾ ਹੀ ਧੂੰਆਂ ਕੱਢ ਦਿੱਤਾ ਹੈ। ਉਨ੍ਹਾਂ ਆਖਿਆ ਕਿ  ਲੋਕਾਂ ਨਾਲ ਕੀਤੀ ਵਾਅਦਾ ਖਿਲਾਫੀ ਦਾ ਸਾਰੇ ਬਾਦਲਾਂ ਨੂੰ ਜਵਾਬ ਦੇਣਾ ਪਵੇਗਾ।

    ਸੋਸ਼ਲ ਮੀਡੀਆ ਤੇ ਤੋਏ ਤੋਏ
    ਬਠਿੰਡਾ ਥਰਮਲ ਦੀਆਂ ਚਿਮਨੀਆਂ ਉਡਾਉਣ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਲੈਕੇ ਆਮ ਲੋਕਾਂ ਵੱਲੋਂ ਕੈਪਟਨ ਸਰਕਾਰ ਦੇ ਫੈਸਲੇ ਦੀ ਤੋਏ ਤੋਏ ਕੀਤੀ ਜਾ ਰਹੀ ਹੈ। ਕਈ ਲੋਕ ਤਾਂ ਅਜਿਹੇ ਕੁਮੈਂਟ ਕਰ ਰਹੇ ਹਨ ਜਿੰਨ੍ਹਾਂ ਦਾ ਜਿਕਰ ਨਹੀਂ ਕੀਤਾ ਜਾ ਸਕਦਾ ਹੈ। ਇੱਕ ਥਰਮਲ ਮੁਲਾਜਮ ਨੇ ਇਸ ਪ੍ਰਜੈਕਟ ਨੂੰ ਢਹਿ ਢੇਰੀ ਕਰਵਾਉਣ ਲਈ ਜਿੰਮੇਵਾਰ ਲੀਡਰਾਂ ਦੇ ਬਰਬਾਦ ਹੋਣ ਦੀ ਬਦਦੁਆ ਦਿੱਤੀ ਹੈ। ਠੇਕਾ ਮੁਲਾਜਮ ਆਗੂ ਜਗਸੀਰ ਸਿੰਘ ਪੰਨੂੰ ਦਾ ਕਹਿਣਾ ਸੀ ਕਿ ਥਰਮਲ ਤਾਂ ਬਠਿੰਡਾ ਦੇ ਮਾਣ ਸੀ ਜਿਸ ਦੀ ਸੰਘੀ  ਘੁੱਟਣ ਕਰਕੇ ਅੱਜ ਹਰ ਦਿਲ ਤੇ ਉਦਾਸੀ ਦਾ ਪਹਿਰਾ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!