4.6 C
United Kingdom
Sunday, April 20, 2025

More

    ਡਾਇਰੀ- ਹੰਸ ਦੀ ਚੋਗ-(2)

    ਨਿੰਦਰ ਘੁਗਿਆਣਵੀ 

    ਹੰਸ ਰਾਜ ਹੰਸ  ਨਾਲ ਮੇਰੀ ਨੇੜਤਾ ਦਾ ਵੱਡਾ ਕਾਰਨ ਇਹ ਸੀ ਕਿ ਉਹ ਮੇਰੇ ਉਸਤਾਦ  ਲਾਲ ਚੰਦ ਯਮਲਾ ਜੱਟ ਦਾ ਉਪਾਸ਼ਕ ਸੀ ਤੇ ਸਟੇਜਾਂ ਉਤੇ ਉਨਾ ਦੇ ਗੀਤ, ਉਨਾ ਦੀ ਸ਼ੈਲੀ ਵਿਚ  ਗਾਕੇ, ਉਨਾ ਜੀ ਯਾਦ ਤਾਜਾ ਕਰਦਾ ਸੀ। ਉਹ ਨਿੱਕੇ ਹੁੰਦਿਆਂ ਕਿਸੇ ਵੇਲੇ ਉਸਤਾਦ  ਜੀ ਕੋਲ ਉਨਾਂ ਦਾ ਚੇਲਾ ਬਣਨ  ਵੀ ਗਿਆ  ਸੀ ਪਰ ਉਸਤਾਦ  ਜੀ ਨੇ ਨਿਕੜਾ ਜਿਹਾ ਬਾਲ  ਸਮਝਕੇ ਉਸਨੂੰ ਟਾਲ ਦਿੱਤਾ ਸੀ। ਸਮੇਂ ਤੇ ਸਬੱਬ ਨਾਲ ਹੰਸ ਰਾਜ ਪੂਰਨ ਸ਼ਾਹਕੋਟੀ ਦਾ ਚੇਲਾ ਜਾ ਬਣਿਆ ਤੇ ਜਿੰਨੀ ਇੱਜਤ ਤੇ ਮਾਣ ਮੇਰੇ ਦੇਖਦੇ ਦੇਖਦੇ, ਉਹਨੇ ਸ਼ਾਹਕੋਟੀ ਪਰਿਵਾਰ  ਦਾ ਨੂੰ ਦਿੱਤੀ, ਸ਼ਾਇਦ  ਈ ਓਨੀ ਕਿਸੇ ਹੋਰ ਨੇ ਕਰੀ ਹੋਵੇ। ਖੈਰ!ਹੰਸ ਨੂੰ ਮੈਂ 1997 ਵਿਚ ਆਪਣੀ ਪਹਿਲੀ ਕਿਤਾਬ ਭੇਟ ਕਰਨ ਗਿਆ,ਜੋ ਉਸਤਾਦ  ਯਮਲਾ ਜੀ ਬਾਰੇ ਲਿਖੀ ਹੋਈ ਸੀ ਤੇ ਉਹਦਾ ਨਾਂ, ‘ਅਮਰ ਆਵਾਜ’ ਸੀ। ਹੰਸ ਉਦੋਂ ਮਾਸਟਰ ਮੋਤਾ ਸਿੰਘ  ਨਗਰ ਵਾਲੇ ਘਰ ਨੰਬਰ : 294 ਵਿਚ ਰਹਿੰਦਾ ਸੀ। ਦੁਪਹਿਰ ਨੂੰ ਉਸਨੂੰ ਮੈਂ ਮਿਲਿਆ। ਚਾਹ ਪੀਤੀ। ਉਸਨੇ ਕਿਤਾਬ ਮੱਥੇ ਨਾਲ ਛੁਹਾਈ। ਮੋਬਾਈਲ  ਤਾਂ ਆਇਆ ਨਹੀਂ ਸੀ, ਨਾ ਉਥੇ ਕੈਮਰਾ ਸੀ, ਨਾ ਕੈਮਰਾਮੈਨ ਸੀ।  ਫੋਟੋ ਕਿਸਨੇ ਖਿਚਣੀ? ਤੇ ਨਾ ਹੀ ਫੋਟੋ ਖਿਚਣ ਖਿਚਵਾਉਣ  ਦਾ ਰਿਵਾਜ ਹੀ ਸੀ ਉਦੋਂ। ਕਾਫੀ ਦੇਰ ਮਗਰੋਂ ਹੰਸ ਮੈਨੂੰ ਵਰਾਂਡੇ ਵਿਚ  ਬਿਠਾ ਕੇ ਘਰ ਅੰਦਰ  ਚਲਾ ਗਿਆ। ਜਦ ਵਰਾਂਡੇ ਵਿਚ ਆਇਆ ਤਾਂ ਉਹਦੇ ਹੱਥ ‘ਚ  ਇਕ ਲਿਫਾਫਾ ਸੀ ਬਾਹਰਲੇ ਮੁਲਕ ਦਾ। ਉਹ ਲਿਫਾਫਾ ਫੜਾਉਂਦਾ ਬੋਲਿਆ, “ਛੋਟੇ ਵੀਰ, ਆਹ ਤਿਲ ਫੁਲ ਭੇਟਾ ਕਬੂਲ ਕਰੀਂ, ਬਾਕੀ ਫੇਰ ਸਹੀ, ਹੁਣ ਮੇਰੀ ਬੈਟਰੀ ਫਿਊਜ ਹੋ ਰਹੀ ਏ, ਮੈਂ ਸੌਣਾ ਆਂ।”ਮੈਂ ‘ਨਾਂਹ ਨਾਹ’ ਕੀਤੀ। ਉਸ ਇਕ ਨਾ ਸੁਣੀ ਤੇ ਮੈਂ ਲਿਫਾਫਾ ਹੱਥ ‘ਚ  ਫੜੀ ਕੋਠੀਓਂ ਬਾਹਰ ਆ ਗਿਆ ਤੇ ਬਸ ਅੱਡੇ ਨੂੰ ਜਾਣ ਵਾਸਤੇ ਮੋਤਾ ਸਿੰਘ  ਨਗਰ ਦੇ ਇਕ ਪਾਰਕ ਕੋਲ ਖਲੋਕੇ ਰਿਕਸ਼ਾ ਵੇਖਣ ਲੱਗਿਆ। ਰਿਕਸ਼ਾ ਮਿਲਿਆ ਤੇ ਗੱਲ ਮੁੱਕੀ, “ਜੋ ਚਾਹੋ ਸੋ ਦੇ ਦੇਣਾ, ਹੰਸ ਦੇ ਘਰੋਂ  ਆਏ ਓ, ਆਪਣਾ ਈ ਬੰਦਾ ਏ ਹੰਸ।” ਰਿਕਸ਼ਾ ਚਾਲਕ ਬੋਲਿਆ।***ਰੋਡਵੇਜ  ਦੀ ਬਸ ਮੋਗੇ ਤੀਕ ਮਿਲ ਗਈ। ਮੈਂ ਬੇਸਬਰਾ ਹੋਇਆ ਲਿਫਾਫਾ ਫੋਲਾਂ ਪਿਆ ਕੀ ਐ ਇਹਦੇ ਵਿਚ। ਪੰਜਾਹ ਪੰਜਾਹ ਦੇ ਨੋਟ 28,(ਜੇ ਪਤਾ ਹੁੰਦਾ ਕਿ ਇਨਾਂ 28 ਪੰਜਾਹਾਂ ਦੇ ਨੋਟਾਂ ਬਦਲੇ 28 ਵਾਰੀ ਗਾਲਾਂ ਖਾਣੀਆਂ ਪੈਣੀਆਂ ਨੇ, ਤਾਂ ਓਦਣ ਈ  ਵਾਪਿਸ ਮੋੜ ਦਿੰਦਾ,” ਭਾਜੀ, ਥੋਡੇ ਨੋਟ ਥੋਨੂੰ ਈ ਸੁਹੰਡਣੇ ਹੋਣ)। ” ਪੰਜ ਬਦੇਸ਼ੀ ਬਾਲ ਪੈਨ ਸਨ। ਇਕ ਕਰੀਮ ਸੀ ਸ਼ੇਵ ਕਰਨ ਨੂੰ, ਤੇ ਚਾਰ ਸੇਫਟੀਆਂ। ਇਕ ਚਿੱਟਾ ਰੁਮਾਲ ਸੀ। ਏਨਾ ਕੁਛ ‘ਕੱਠਾ ਦੇਖ ਮੈਂ ਹੈਰਾਨ ਤੇ ਖੁਸ਼ ਹੋ ਗਿਆ ਸਾਂ। ਸ਼ੇਵ ਕਰਦਾ ਨਹੀ ਸਾਂ,ਪਤਲੀ ਪਤਲੀ ਦਾਹੜੀ ਰਖਦਾ ਸਾਂ। ਸ਼ੇਵ ਦਾ ਸਮਾਨ ਮੈਂ ਆਪਣੇ  ਫੁੱਫੜ ਤਰਸੇਮ ਲਾਲ ਨੂੰ  ਦੇ ਦਿੱਤਾ ਤੇ ਬਾਕੀ ਸਭ ਕੁਛ ਆਪ ਰੱਖ ਲਿਆ।  ਪਿੰਡ ਆਕੇ ਹੰਸ ਨੂੰ ਮੈਂ ਧੰਨਵਾਦ  ਦੀ ਚਿੱਠੀ ਲਿਖੀ। ਹੰਸ ਦੀ ਚਿੱਠੀ ਵੀ ਆਈ।  ਮੈਂ ਉਸਨੂੰ ਅਕਸਰ ਹੀ ਖਤ ਲਿਖਦਾ। ਇਕ ਦਿਨ ਉਨਾਂ ਦਾ ਖਤ ਆਇਆ ਕਿ ਜਦ ਵੀ ਜਲੰਧਰ  ਆਏ ਤਾਂ ਮੇਰੇ ਗਰੀਬਖਾਨੇ ਰੁਕਣਾ ਹੈ। ਆਪ ਨੂੰ ਇਕ ਸੇਵਾ ਦੇਣੀ ਹੈ ਕਿ ਮੇਰੇ ਮੁਰਸ਼ਦ ਜਨਾਬ ਸ਼ਾਹਕੋਟੀ ਸਾਹਬ ਦੀ ਕਿਤਾਬ ਲਿਖਣੇ ਦੀ। ਆਪ ਉਨਾਂ ਬਾਬਤ ਲਿਖੋ, ਤੇ ਸਾਰਾ ਖਰਚਾ ਮੈਂ  ਆਪਣੇ  ਸਿਰ ਓਟਾਂਗਾ। ਜਦ ਆਪ ਨੇ ਆਉਣਾ ਹੋਵੇ ਤਾਂ ਪਹਿਲਾਂ ਖਤ ਲਿਖ ਦੇਣਾ। ਇਸ ਤੋਂ ਪਹਿਲਾਂ ਉਘੇ ਗੀਤਕਾਰ  ਧਰਮ ਕੰਮੇਆਣਾ ਨੇ ਮੇਰੀ ਮੁਲਾਕਾਤ  ਸ਼ਾਹਕੋਟੀ ਤੇ ਸਲੀਮ ਨਾਲ ਉਦੋਂ ਕਰਵਾ ਦਿਤੀ ਹੋਈ ਸੀ, ਜਦ ਮੈਂ  ਪਟਿਆਲੇ  ਭਾਸ਼ਾ ਵਿਭਾਗ ਵਿਚ ਕੂਲਰਾਂ ‘ਚ  ਪਾਣੀ ਪਾਉਂਦਾ ਤੇ ਮਾਲੀਪੁਣਾ ਕਰਦਾ ਸਾਂ, ਡੀ ਸੀ ਰੇਟਾਂ ਉਤੇ ਜੌਬ ਸੀ ਮੇਰੀ। ਅੱਕਿਆ ਥੱਕਿਆ,ਪਟਿਆਲਾ ਛੱਡ  ਕੇ ਮੈਂ ਜਲੰਧਰ  ਆ ਗਿਆ। ਇਥੇ  ਹੰਸ ਨਾਲ  ਮੇਰਾ ਰੋਜ ਵਾਂਗ ਮੇਲ ਹੁੰਦਾ ਤੇ ਮੈਂ ਸ਼ਾਹਕੋਟੀ ਹੁਰਾਂ ਦੇ ਘਰ ਰਹਿਣ ਲੱਗਿਆ ਤੇ ਨਾਲੇ ਉਨਾ ਬਾਰੇ ਕਿਤਾਬ ਲਿਖਣ ਦਾ ਕੰਮ ਸ਼ੁਰੂ ਕਰ ਲਿਆ। ਸ਼ਾਹਕੋਟੀ ਜੀ  ਤੇ ਉਨਾ ਦੇ ਪਰਿਵਾਰ   ਦੇ ਨਾਲ ਨਾਲ ਮੈਂ ਉਨਾ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਘਰੀਂ ਗਿਆ, ਤਾਂ  ਸਭ  ਨਾਲ ਚੰਗਾ ਮੋਹ ਤਿਹੁ ਬਣ ਗਿਆ। ਮੇਰੀ ਬੋਲੀ ਵਿਚ ਮੀਰ ਆਲਮਾਂ ਵਾਲਾ ਰੰਗ ਆ ਗਿਆ। ਕਦੇ ਕਦੇ ਮੇਰੇ ਅੰਦਰਲਾ ‘ਮੀਰ ਆਲਮ’ ਜਾਗਦਾ ਤਾਂ ਮੇਰਾ ਦਿਲ ਉਨਾਂ ਦੀਆਂ ਨਕਲਾਂ  (ਰੀਸਾਂ) ਲਾਹੁੰਣ ਨੂੰ ਕਰਨ ਲਗਦਾ। ਜਦ ਮੈਂ ਵੰਨ ਸੁਵੰਨੀ ਜਿਹੀ ਆਵਾਜ ਕਢਦਾ ਤਾਂ ਸਲੀਮ ਤੇ ਉਹਦਾ ਭਰਾ ਪਰਵੇਜ (ਪੇਜੀ)  ਖਿਝਦੇ,  ਤੇ ਹਾਸੇ ਹਾਸੇ ਮੇਰੇ ਨਾਲ ਘੁਲਾ-ਘੁਲਾਈ ਕਰਦੇ ਰਹਿੰਦੇ। ਬੇਬੇ ਮਥਰੋ ਉਨਾਂ ਨੂੰ ਵਰਜਦੀ, “ਵੇ ਛੋਕਰਿਓ, ਹੱਡੀ ਪਸਲੀ  ਨਿਕਲ ਜਾਣੀ ਐਂ  ਏਸ ਮੁੰਡੇ ਦੀ, ਏਹ ਤਾਂ ਪਹਿਲਾਂ ਈ ਕਮਜੋਰਾ ਏ, ਵੇ ਜੇ ਏਹਨੂੰ ਕੁਛ  ਹੋ ਗਿਆ ਧੋਡੇ ਭਾਪੇ ਦੀ ਕਿਤਾਬ ਕੌਣ ਲਿਖੂ ਵੇ ਟੁੱਟ ਪੈਣਿਓਂ,  ਛਡੋ ਛਡੋ ਮੇਰੇ ਪੁੱਤ  ਨੂੰ, ਹੁਣ  ਨਾ ਲਾਹਵੀਂ ਵੇ ਰੀਸ  ਮਰਾਸੀਆਂ  ਦੀ, ਤੂੰ ਵੀ ਸਿਆਣਾ ਬਣਿਆਂ ਕਰ ਵੇ ਘੁਗਿਆਣਵੀਆ।” ਬੇਬੇ ਦੇ ਬਹੁੜੀਆਂ ਘੱਤਣ ਕਾਰਨ ਉਹ ਮੈਨੂੰ ਧੱਫੇ ਮਾਰਕੇ  ਛੱਡ ਦਿੰਦੇ ਤੇ ਹੱਸੀ ਜਾਂਦੇ।ਬੜੀ ਰੌਣਕ ਲੱਗਦੀ। ਪਿਆਰੇ ਦਿਨ ਸਨ। ਖੈਰ।ਉਸਤਾਦ  ਜੀ ਦੀ ਜੀਵਨੀ ਲਿਖੀ ਗਈ। ਬਾਰਾਂ ਹਜਾਰ ਰੁਪੱਈਏ  ਖਰਚਾ ਆ ਰਿਹਾ ਸੀ  ਕਿਤਾਬ ਦੀ ਛਪਵਾਈ ਦਾ। ਉਸਤਾਦ  ਜੀ ਰੋ ਕੇ  ਕਹਿੰਦੇ, “ਬੇਟਾ ਮੈਂ ਤਾਂ ਪੈਸੇ ਪੱਖੋਂ ਤੇਰੇ ਵਰਗਾ ਗਰੀਬੜਾ ਈ ਆਂ, ਤੇਰੇ ਸਾਹਮਣੇ ਆਂ,  ਪਰ ਆਹ ਮੇਰੇ ਦੋ ਮੁੰਦੀਆਂ ਨੇ, ਮੇਰੇ ਚੇਲਿਆਂ ਨੇ ਪਾਈਆਂ ਨੇ, ਇਕ ਸਾਬਰਕੋਟੀ  ਨੇ ਪਾਈ ਆ, ਤੇ ਇਹ ਮੁੰਦੀਆਂ ਆਪਾਂ ਵੇਚ ਦੇਈਏ, ਕਿਤਾਬ ਛਪਜੂ ਆਪਣੀ।”  ਮੈਂ ਇਹ ਸੁਣ ਤੜਫ ਗਿਆ ਤੇ ਬਰਨਾਲੇ ਮੇਘ ਰਾਜ ਮਿੱਤਰ  ਨੂੰ ਫੋਨ ਲਾ ਲਿਆ। ਉਹ ਬੋਲੇ, “ਕੋਈ ਪੈਸਾ ਨਹੀਂ  ਲੈਣਾ, ਤੂੰ ਖਰੜਾ ਲੈ ਆ, ਮੁਫਤੀ ਛਾਪ ਦਿੰਨੇ ਆਂ ਆਪਾਂ ਇਨਾਂ ਦੀ ਕਿਤਾਬ, ਚਾਹੇ ਆਪਾਂ ਨੂੰ ਘਾਟਾ ਵੀ ਕਿਓਂ ਨਾ ਪੈਜੇ।” ਤੇ ਲਓ  ਜੀ,ਛਪ ਗਈ  ਗੁਰੂ ਜੀ ਦੀ ਕਿਤਾਬ। ਮੈਂ ਤੇ ਉਸਤਾਦ  ਜੀ ਹੰਸ ਨੂੰ  ਕਿਤਾਬ ਭੇਟ ਕਰਨ ਉਹਦੇ ਘਰ  ਨੂੰ ਤੁਰੇ ਤੇ ਨਾਲ ਰਸ ਗੁੱਲਿਆਂ ਦਾ ਡੱਬਾ  ਵੀ ਲੈ ਗਏ। ਉਹ ਘਰ ਨਹੀਂ  ਸੀ। ਉਨਾ ਦੀ ਪਤਨੀ ਬੀਬੀ ਰੇਸ਼ਮ ਕੌਰ  ਨੂੰ ਕਿਤਾਬ  ਭੇਟ ਕਰਕੇ ਤੇ ਚਾਹ ਪਾਣੀ ਪੀਕੇ  ਅਸੀਂ ਮੁੜ ਆਏ।***ਹੰਸ ਜਦ  ਘਰ ਆਇਆ ਤੇ ਆਪਣੇ ਗੁਰੂ ਜੀ ਬਾਰੇ ਛਪੀ ਕਿਤਾਬ ਦੇਖ ਫੁੱਲਿਆ ਨਾ ਸਮਾਇਆ।  ਉਹਦਾ ਫੋਨ ਆਇਆ। ਉਸ ਆਖਿਆ, ” ਨਿੰਦਰ ਜੀ, ਆਪ ਹਮੇਸ਼ਾ ਮੇਰੇ ਵੀਰ ਓ ਛੋਟੇ, ਬਸ, ਅਜ ਤੋਂ ਮੇਰੇ ਦਫਤਰ ਰਿਹਾ ਕਰੋ ਤੁਸੀਂ , ਏਹੋ ਘਰ ਏ ਆਪ ਦਾ ਬਸ—।”ਮੈਂ ਸ਼ਾਹਕੋਟੀ ਜੀ ਦੇ ਘਰੋਂ ਘਸਿਆ ਜਿਹਾ ਬੈਗ ਚੁੱਕ ਕੇ ਹੰਸ ਦੇ ਦਫਤਰ ਆ ਡੇਰਾ ਲਾਇਆ। ਹੰਸ ਦਾ ਦਫਤਰ ਸੈਕਟਰੀ ਕੁਲਬੀਰ ਸਿੰਘ  ਬਿੱਲੂ ਸੀ। ਹੰਸ  ਤੋਂ ਫੋਨ ਉਤੇ ਸਾਰਾ ਦਿਨ ਉਹ ਮਣ ਮਣ ਪੱਕੇ ਦੀਆਂ ਗਾਲਾਂ ਖਾਂਦਾ ਰਹਿੰਦਾ ਟਰ ਅਕਲ ਟਿਕਾਣੇ ਫਿਰ ਵੀ ਨਾ ਆਉਂਦੀ ਉਹਦੀ।*** ਇਕ ਦਿਨ ਅਜੀਤ  ਅਖਬਾਰ  ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਪੂਰਨ ਸ਼ਾਹਕੋਟੀ ਜੀ ਵਾਲੀ  ਕਿਤਾਬ ਦੇਣ ‘ਅਜੀਤ’  ਦੇ ਦਫਤਰ  ਗਿਆ, ਤਾਂ ਹਮਦਰਦ  ਜੀ ਨੇ ਬੜਾ ਹੌਸਲਾ ਵਧਾਇਆ ਤੇ  ਹਮੇਸ਼ਾ ਵਾਂਗ ਮਾਣ ਤਾਣ ਕੀਤਾ। ਉਹਨੀ ਦਿਨੀ ਹੰਸ ਦੀ ਹਮਦਰਦ  ਜੀ ਨਾਲ ਖਾਸਾ ਨੇੜਤਾ ਸੀ। ਹੰਸ ਦੀ ਹਰ ਪ੍ਰਾਪਤੀ  ਦੀ ਖਬਰ ‘ਅਜੀਤ’   ਦੇ ਫਰੰਟ ਪੰਨੇ  ਉਤੇ ਛਪਦੀ ਸੀ। ਅਜੀਤ ਨੇ ਹੰਸ ਖੂਬ ਚਮਕਾਇਆ। ਖੈਰ!  ਹਮਦਰਦ  ਜੀ ਬੋਲੇ, ” ਨਿੰਦਰ ਬੇਟਾ, ਜੇ ਤੂੰ ਹੰਸ ਬਾਰੇ ਇਕ ਵੱਡੀ  ਕਿਤਾਬ ਸੰਪਾਦਿਤ  ਕਰੇਂ ਤਾਂ ਏਹ  ਬੜਾ ਈ  ਚੰਗਾ ਹੋਵੇਗਾ, ਹੰਸ ਨੂੰ ਵਾਸ਼ਿੰਗਟਨ  ਯੂਨੀਵਰਸਿਟੀ ਨੇ ਫੈਲੋਸ਼ਿਪ  ਦਿੱਤੀ ਐ ਤੇ  ਆਪਣਾ ਸਭਦਾ ਮਾਣ ਵਧਿਆ ਐ ,ਉਹਦੇ ਬਾਰੇ ਕਿਤਾਬ ਤਿਆਰ ਕਰ, ਓਹ ਤੇਰੀ  ਆਰਥਕ ਮੱਦਦ  ਵੀ ਕਰੇਗਾ, ਉਹਨੂੰ ਪੈਸੇ ਧੇਲੇ ਦਾ ਕੋਈ ਘਾਟਾ ਨੀ ਹੈਗਾ ਬੇਟਾ।” ਮੈਂ ਹਮਦਰਦ  ਜੀ ਦੀ ਗੱਲ ਕੰਨੀਂ ਪਾ ਲਈ। ਮੈਨੂੰ ਪੈਸਿਆਂ ਦੀ ਬੇਹੱਦ ਲੋੜ ਸੀ, ਰੁਲਦਾ  ਫਿਰਦਾ ਸਾਂ। ਹੋਰ ਕਰਦਾ ਵੀ ਕੀ ਮੈਂ? ਕਰ ਦਿੱਤਾ ਕਿਤਾਬ ਉਤੇ ਕੰਮ ਸ਼ੁਰੂ ਹਮਦਰਦ ਜੀ ਦੇ ਆਖੇ ਤੋਂ। ਹੰਸ ਬੜਾ ਪ੍ਰਸੰਨ  ਸੀ ਪਰ ਉਸਦੇ ਕਰਿੰਦੇ  ਤੇ ਪੀ ਏ ਬੜੇ ਔਖੇ ਸਨ।  ਮੇਰਾ ਮਿੱਤਰ ਜਸਵੰਤ ਵਿਰਲੀ ਸਿਵਲ ਹਸਪਤਾਲ  ਜਲੰਧਰ  ਵਿਚ ਕੰਮ ਕਰਦਾ ਸੀ। ਉਸਨੂੰ  ਮੈਂ ਕਿਹਾ ਕਿ ਹੰਸ  ਦੇ ਦਫਤਰ ਮੈਂ ਬਹੁਤ ਔਖਾ ਆਂ, ਸਾਰੀ ਸਾਰੀ ਰਾਤ ਫੋਨ ਵੱਜੀ ਜਾਂਦੇ ਐ, ਮੈਂ ਬੇਅਰਾਮ ਰਹਿੰਨਾ ਆਂ ਵੀਰੇ। ਵਿਰਲੀ ਨੇ ਆਪਣਾ ਖਾਲੀ ਪਿਆ ਸਰਕਾਰੀ ਕਵਾਟਰ ਮੇਰੇ ਲਈ  ਖੋਲ ਦਿੱਤਾ ਤੇ ਹੰਸ ਦੇ ਦਫਤਰੋਂ ਬੈਗ ਚੁੱਕ ਮੈਂ ਉਥੇ ਲਿਆ ਧਰਿਆ। ਆਪਣੀ ਰੋਟੀ ਆਪ ਬਣਾ ਕੇ ਖਾਣ ਲੱਗ ਪਿਆ। ਹੰਸ  ਵਾਲੀ ਕਿਤਾਬ ਉਤੇ ਛੇ ਮਹੀਨੇ ਲੱਗ ਗਏ। ਕਿਤਾਬ ਦਾ ਨਾਂ ਹੰਸ ਨੇ ਆਪਣੇ ਆਪ ਰੱਖਿਆ (ਲੋਕ ਗੀਤ ਵਰਗਾ ਹੰਸ)। ਕਿਤਾਬ ਦਾ ਖਰੜਾ ਬੜਾ ਭਾਰੀ ਹੋ ਗਿਆ। ਕਈ  ਪ੍ਰਕਾਸ਼ਕਾਂ  ਕੋਲ ਲੈਕੇ ਗਿਆ। ਹਰੇਕ  ਛਾਪਣ ਵਾਲਾ ਇਹੀ ਕਹੇ ਕਿ  ਦੱਸੋ, ਕਰੋੜਾਂਪਤੀ ਗਾਇਕ ਦੀ ਕਿਤਾਬ ਅਸੀਂ ਮੁਫਤ ਕਿਓਂ ਛਾਪੀਏ? ਕੀ ਉਹ ਆਪ ਮੁਫਤ ਗਾਉਂਦਾ ਹੈ? ਮੁਫਤ ਕੈਸਟਾਂ ਭਰਵਾਉਂਦਾ ਹੈ? ਏਧਰੋਂ ਹੰਸ ਆਖੇ ਕਿ ਮੇਰੀ ਤਾਂ ਇਕ ਕੈਸਿਟ, ਇਕ ਦਿਨ ਵਿਚ ਲੱਖਾਂ ‘ਚ ਵਿਕ ਜਾਂਦੀ ਏ,  ਤੇ ਏਵੇਂ  ਈ ਮੇਰੀ ਕਿਤਾਬ ਵਿਕੂਗੀ, ਕਮਾਈ ਛਾਪਣ ਵਾਲੇ ਕਰਨਗੇ, ਮੈਂ ਛਪਵਾਈ ਉਤੇ ਪੈਸੈ ਕਿਓਂ ਲਾਵਾਂ?ਏਸ ਸਥਿਤੀ ਵਿਚ  ਮੈਂ ਬੜਾ ਕਸੂਤਾ ਫਸ ਗਿਆ।  ਬਹੁਤ ਉਦਾਸ ਤੇ ਪ੍ਰੇਸ਼ਾਨ  ਹੋ ਗਿਆ। ਮੈਨੂੰ ਹੁਣ ਕੀ ‘ਟੱਟੂ’ ਮਿਲਣਾ ਸੀ? ਮੇਹਨਤ ਵੀ ਅਜਾਈਂ ਜਾਂਦੀ ਲੱਗ ਰਹੀ ਸੀ ਮੇਰੀ। ਜੇ ਹੰਸ ਮੈਨੂੰ ਮਿਹਨਤਾਨਾ   ਦੇ ਦੇਵੇ, ਤਾਂ ਆਪਣੇ ਪਿੰਡ ਕੱਚੇ ਕੋਠੇ ਨੂੰ ਪੱਕਿਆਂ ਕਰ ਲਵਾਂ, ਤੇ ਆਪਣੀਆਂ ਕਿਤਾਬਾਂ ਤੇ ਸ਼ੀਲਡਾਂ ਮੀਂਹ ਵਿਚ ਭਿੱਜਣੋ ਬਚਾ ਲਵਾਂ! ਵੈਸੇ, ਮੈਂ ਘਰੇ ਬਾਪੂ ਬੇਬੇ ਨੂੰ ਕਹਿ ਦਿਤਾ ਸੀ ਕਿ ਜਿਹੜੇ ਪੈਸੇ ਹੰਸ ਰਾਜ ਹੰਸ  ਦੇਊਗਾ  ਉਨਾਂ ਨਾਲ ਆਪਾਂ ਆਪਣਾ ਕੋਠਾ ਪੱਕਾ ਕਰ ਲਵਾਂਗੇ। ਇਹ ਸੁਣ ਬੇਬੇ ਬਾਪੂ ਬੜੇ ਖੁਸ਼ ਹੋਏ ਸਨ। ਹੁਣ ਮੈਨੂੰ ਸਚਮੁੱਚ ‘ਕੁੱਤੇ ਝਾਕ’ ਲੱਗੀ ਹੋਈ ਸੀ ਕਿ ਕਦੋਂ ਕਿਤਾਬ ਛਪੇ, ਕਦੋਂ ਰਿਲੀਜ  ਹੋਵੇ, ਤੇ ਕਦੋਂ ਹੰਸ ਮੇਰੀ ਜੇਬ ਤੱਤੀ ਕਰੇ! ਮੈਨੂੰ ਕਿਤਾਬ ਰਿਲੀਜ ਹੋਣ  ਦਾ  ਤੇ ਪੈਸੇ ਮਿਲਣ ਦਾ ਸੁਪਨਾ ਰੋਜ ਵਾਂਗ ਆਉਂਦਾ। ***(Photo: ਉਸਤਾਦ ਪੂਰਨ  ਸ਼ਾਹਕੋਟੀ  ਤੇ ਬੇਬੇ ਮਥਰੋ ਨਾਲ  ਉਨਾਂ ਦੇ ਕੋਠੇ  ਦੀ ਛੱਤ ਉਤੇ ਧੁੱਪੇ!)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!