
ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਦੀ ਰਹਿਨੁਮਾਈ ਹੇਠ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ ਵੱਲੋਂ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਹੈ। ਇਹਨਾਂ ਮਾਸਿਕ ਲੈਕਚਰਾਂ ਦਾ ਮੂਲ ਮਨੋਰਥ ਗੁਰੁੂ ਤੇਗ ਬਹਾਦਰ ਜੀ ਸੰਬੰਧੀ ਇਤਿਹਾਸਕ ਸਰੋਤਾਂ ਅਤੇ ਵੱਖੋਂ-ਵੱਖਰੀਆਂ ਅੰਤਰ-ਦ੍ਰਿਸ਼ਟੀਆਂ ਤਹਿਤ ਗੁਰੁੂ ਤੇਗ ਬਹਾਦਰ ਦੇ ਗੁਰੁੂ ਬਿੰਬ ਨੂੰ ਉਜਾਗਰ ਕਰਨਾ ਹੈ।ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੁੂ ਤੇਗ ਬਹਾਦਰ ਦਰਸ਼ਨ:ਸਮਕਾਲੀ ਦ੍ਰਿਸ਼ਟੀ ਵਿਸ਼ੇ ਤੇ ਤੀਸਰਾ ਲੈਕਚਰ ਡਾ. ਕੁਲਦੀਪ ਸਿੰਘ (ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ) ਅਤੇ ਡਾ. ਪ੍ਰੀਤਮ ਸਿੰਘ (ਜੰਮੂ ਯੂਨੀਵਰਸਿਟੀ, ਜੰਮੂ) ਨੇ ਦਿੱਤਾ।ਡਾ. ਕੁਲਦੀਪ ਸਿੰਘ (ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ) ਨੇ ਗੁਰੁੂ ਤੇਗ ਬਹਾਦਰ ਦਰਸ਼ਨ:ਸਮਕਾਲੀ ਦ੍ਰਿਸ਼ਟੀ ਦੇ ਮੂਲ ਸਰੋਕਾਰਾਂ ਬਾਰੇ ਹਾਸ਼ੀਗਤ ਪ੍ਰਸੰਗ ਤੋਂ ਭਾਈ ਜੈਤਾ ਜੀ ਦੀ ਜੀਵਨ ਦਿਸ਼ਾ ਬਾਰੇ ਚਰਚਾ ਕੀਤੀ।ਉਹਨਾਂ ਨੇ ਕਿਹਾ ਕਿ ਭਾਈ ਜੈਤਾ ਜੀ ਦੀ ਸੇਵਾ ਮਹਾਨ ਸੇਵਾ ਹੈ।
ਡਾ.ਪ੍ਰੀਤਮ ਸਿੰਘ (ਜੰਮੂ ਯੂਨੀਵਰਸਿਟੀ,ਜੰਮੂ) ਨੇ ਕਿਹਾ ਕਿ ਗੁਰੁੂ ਤੇਗ ਬਹਾਦਰ ਜੀ ਸੰਸਾਰਿਕਤਾ ਪ੍ਰਤਿ ਤਿਆਗ ਅਤੇ ਵੈਰਾਗ ਦੀ ਭਾਵਨਾ ਕਾਰਣ ਹਰਿ-ਭਗਤੀ ਵਿਚ ਲੀਨ ਰਹਿੰਦੇ ਸਨ । ਪਰ ਆਪਣੇ ਪਿਤਾ ਗੁਰੂ ਹਰਿਗੋਬਿੰਦ ਜੀ ਵਲੋਂ ਆਤਮ-ਰਖਿਆ ਲਈ ਸ਼ੁਰੂ ਕੀਤੀ ਸੈਨਿਕ ਕ੍ਰਾਂਤੀ ਦੀ ਮੁਹਿੰਮ ਵਿਚ ਆਪ ਨੇ 13/14 ਸਾਲਾਂ ਦੀ ਉਮਰ ਵਿਚ ਕਰਤਾਰਪੁਰ ਦੇ ਯੁੱਧ ਵਿਚ ਹਿੱਸਾ ਲਿਆ ਅਤੇ ਯੁੱਧ-ਭੂਮੀ ਵਿਚ ਸੈਨਿਕ ਪਰਾਕ੍ਰਮ ਦਿਖਾਉਣ ਕਾਰਣ ਪਿਤਾ-ਗੁਰੂ ਵਲੋਂ ਜੁਝਾਰੂ ਨਾਂ ‘ਤੇਗ ਬਹਾਦਰ’ ਪ੍ਰਾਪਤ ਕੀਤਾ । ਆਪ ਦੇ ਹਿਰਦੇ ਅੰਦਰ ਦੇਸ਼-ਵਾਸੀਆਂ ਦੇ ਕਲਿਆਣ ਦੀ ਭਾਵਨਾ ਸਦਾ ਸਜਗ ਰਹਿੰਦੀ । ਇਹੀ ਕਾਰਣ ਹੈ ਕਿ ਅਸਾਮ ਦੀ ਮੁਹਿੰਮ ਵੇਲੇ ਲੜਾਈ ਵਿਚ ਦੋਹਾਂ ਪਾਸਿਓਂ ਭਾਰਤੀਆਂ ਦਾ ਨੁਕਸਾਨ ਹੁੰਦਿਆਂ ਨ ਸਹਾਰ ਕੇ ਸ਼ਾਂਤੀ-ਪੂਰਵਕ ਵਿਰੋਧ ਦਾ ਮਾਮਲਾ ਖ਼ਤਮ ਕੀਤਾ ਅਤੇ ਕਸ਼ਮੀਰੀ ਪੰਡਿਤਾਂ ਦੇ ਸੰਕਟ ਨੂੰ ਆਪਣਾ ਸੰਕਟ ਸਮਝ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ ।
ਡਾ.ਸਰਬਜੀਤ ਕੌਰ ਸੋਹਲ (ਪ੍ਰਧਾਨ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ) ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ ਵੱਲੋਂ ਆਨ ਲਾਇਨ ਮਾਸਿਕ ਲੈਕਚਰ ਲੜੀ ਬਹੁਤ ਦੀ ਕੁਸ਼ਲਤਾ ਪੂਰਵਕ ਚੱਲ ਰਹੀ ਹੈ।ਭਾਰਤੀ ਸੰਸਕ੍ਰਿਤੀ ਅਨੇਕ ਗੌਰਵਪੂਰਣ ਪਰੰਪਰਾਵਾਂ ਨਾਲ ਭਰਪੂਰ ਹੈ । ਤਪ, ਸੰਜਮ, ਵੀਰਤਾ, ਤਿਆਗ, ਸੇਵਾ ਆਦਿ ਨਾਲ ਸੰਬੰਧਿਤ ਅਨੇਕ ਘਟਨਾਵਾਂ ਨਾਲ ਭਾਰਤੀ ਇਤਿਹਾਸ ਭਰਿਆ ਪਿਆ ਹੈ । ਪਰ ਅਜੇ ਤਕ ਬਲੀਦਾਨ ਜਾਂ ਸ਼ਹੀਦੀ ਦੀ ਘਾਟ ਸੀ । ਸਾਮੀ ਸੰਸਕ੍ਰਿਤੀ ਵਿਚ ਹਜ਼ਰਤ ਈਸਾ ਦਾ ਸਲੀਬ ਉਤੇ ਚੜ੍ਹਨਾ, ਕਰਬਲਾ ਦੇ ਮੈਦਾਨ ਵਿਚ ਇਮਾਮ ਹੁਸੈਨ ਦਾ ਸ਼ਹੀਦ ਹੋਣਾ ਯੁਗ-ਪਲਟਾਉਣ ਵਾਲੀਆਂ ਘਟਨਾਵਾਂ ਸਨ ਜਿਨ੍ਹਾਂ ਤੋਂ ਉਨ੍ਹਾਂ ਧਰਮਾਂ ਦੇ ਅਨੁਯਾਈ ਹੁਣ ਤਕ ਪ੍ਰੇਰਣਾ ਲੈਂਦੇ ਆ ਰਹੇ ਸਨ । ਮੌਲਾਨਾ ਮੁਹੰਮਦ ਅਲੀ ਅਨੁਸਾਰ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਦ । ਭਾਰਤੀ ਸੰਸਕ੍ਰਿਤੀ ਵਿਚ ਬਲੀਦਾਨ ਦੀ ਪਰੰਪਰਾ ਦਾ ਆਰੰਭ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਹੋਇਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨਾਲ ਇਸ ਅੱਗ ਨੇ ਭਾਂਬੜ ਦਾ ਰੂਪ ਧਾਰਣ ਕਰ ਲਿਆ ਤੇ ਫਿਰ ਸ਼ਹਾਦਤ ਜਾਂ ਬਲੀਦਾਨ ਦੀ ਪਰੰਪਰਾ ਦਾ ਵਿਕਾਸ ਹੋਣ ਲਗ ਗਿਆ,
ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਦੇ ਕੋਆਡੀਨੇਟਰ ਡਾ.ਅਮਰਜੀਤ ਸਿੰਘ ਹਨ।ਉਹਨਾਂ ਦੱਸਿਆ ਕਿ ਇਸ ਮਾਸਿਕ ਲੈਕਚਰ ਲੜੀ ਵਿਚ ਗੁਰੁੂ ਤੇਗ ਬਹਾਦਰ ਜੀ ਦੇ ਜੀਵਨ ਦਰਸ਼ਨ ਤੋਂ ਲੈ ਕੇ ਸ਼ਹਾਦਤ ਤੱਕ 12 ਲੈਕਚਰ ਹੋਣਗੇ।ਉਹਨਾਂ ਇਹ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਬਲ ਪੂਰਵਕ ਧਰਮ-ਪਰਿਵਰਤਨ ਦੀ ‘ਅਤਿ’ ਹੋ ਗਈ ਸੀ । ਕਸ਼ਮੀਰ ਦੇ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ‘ਤਿਲਕ ਜੰਜੂ’ ਨੂੰ ਨਸ਼ਟ ਹੋਣੋ ਬਚਾਉਣਾ ਹੀ ਯੁਗ ਦੀ ਆਵਾਜ਼ ਸੀ । ਗੁਰੂ ਜੀ ਨੇ ਇਸ ਆਵਾਜ਼ ਨੂੰ ਸੁਣ ਕੇ ਅਨਿਆਂ ਨੂੰ ਖ਼ਤਮ ਕਰਨ ਲਈ ਆਪਣੇ ਮਨ ਵਿਚ ਸੰਕਲਪ ਕੀਤਾ । ਇਹ ਸੰਕਲਪ ਹੀ ਅਨਿਆਂ ਪ੍ਰਤਿ ਅਸਵੀਕਾਰ ਦਾ ਐਲਾਨ ਸੀ । ਫਲਸਰੂਪ ਉਹ ਦਿੱਲੀ ਗਏ ਅਤੇ ਕਈ ਦਿਨ ਅਸਹਿ ਕਸ਼ਟ ਸਹਿਨ ਕਰਨ ਉਪਰੰਤ ਧਰਮ ਦੀ ਰਖਿਆ ਲਈ ਆਪਣਾ ਸੀਸ ਭੇਂਟ ਕਰ ਦਿੱਤਾ,
ਸਮਾਗਮ ਦੇ ਅਖੀਰ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਆਪ ਸਾਰਿਆਂ ਦੀ ਸ਼ਮੂਲੀਅਤ ਸਦਕਾ ਹੀ ਅਸੀਂ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਹੀ ਰੂਪ ਵਿਚ ਮਨਾ ਸਕਦੇ ਹਾਂ।ਆਪ ਜੀ ਦੇ ਇਸ ਸਹਿਯੋਗ ਲਈ ਪੰਜਾਬ ਸਾਹਿਤ ਅਕਾਦਮੀ ਆਪ ਜੀ ਦਾ ਧੰਨਵਾਦ ਕਰਦੀ ਹੈ।ਇਸ ਵੈਬੀਨਾਰ ਵਿਚ ਵੱਖੋਂ-ਵੱਖਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀ,ਅਧਿਆਪਕ ਅਤੇ ਸਰੋਤੇ ਹਾਜ਼ਰ ਸਨ।