ਸਿੱਖਿਆ ਮੰਤਰੀ ਦਾ ਵਿਰੋਧ ਕਰਨ ਪੁੱਜੇ ਬੇਰੁਜ਼ਗਾਰਾਂ ਨਾਲ ਪੁਲਿਸ ਨੇ ਕੀਤੀ ਖਿੱਚਧੂਹ, ਬੇਰੁਜ਼ਗਾਰ ਚੁੱਕ ਕੇ ਥਾਣੇ ‘ਚ ਡੱਕੇ
ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਸੂਬੇ ਦੇ ਸਿੱਖਿਆ ਅਤੇ ਪੀਡਬਲਿਊਡੀ ਮੰਤਰੀ ਵਿਜੈਜੇ ਇੰਦਰ ਸਿੰਗਲਾ ਨੂੰ ਲਗਾਤਾਰ ਆਪਣੇ ਹਲਕੇ ਵਿਚ ਬੇਰੁਜ਼ਗਾਰ ਅਧਿਆਪਕਾਂ ਦੇ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ਨੀਵਾਰ ਨੂੰ ਸਬ ਡਿਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਫੱਗੂਵਾਲਾ ਦੇ ਸਰਕਾਰੀ ਸਕੂਲ ‘ਚ ਰੱਖੇ ਸਮਾਗਮ ਦੌਰਾਨ ਪ੍ਰੋਗਰਾਮ ਦੇ ਬਾਹਰ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਜ਼ਬਰਦਸਤ ਵਿਰੋਧ ਕੀਤਾ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚਧੂਹ ਕਰਦੇ ਹੋਏ ਅੱਠ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ’ਚ ਲੈ ਲਿਆ ਤੇ ਭਵਾਨੀਗੜ੍ਹ ਥਾਣੇ ‘ਚ ਡੱਕ ਦਿੱਤਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਅਤੇ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅੱਜਕਲ੍ਹ ਸਿੱਧੀ ਲੜਾਈ ਬੇਰੁਜ਼ਗਾਰ ਅਧਿਆਪਕਾਂ ਨਾਲ ਚੱਲ ਰਹੀ ਹੈ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਸਿੱਖਿਆ ਮੰਤਰੀ ਨੂੰ ਹਰੇਕ ਮੋੜ ਉੱਤੇ ਘੇਰਨਗੇ। ਇਸੇ ਤਹਿਤ ਅਨੇਕਾਂ ਥਾਵਾਂ ਉੱਤੇ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਖਿਲਾਫ਼ ਭੜਾਸ ਕੱਢੀ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਪਹਿਲਾਂ ਭਵਾਨੀਗੜ੍ਹ, ਰੋਸ਼ਨ ਵਾਲਾ ਅਤੇ ਸੰਗਰੂਰ ਦੇ ਰੈਸਟ ਹਾਊਸ ਵਿੱਚ ਸਿੱਖਿਆ ਮੰਤਰੀ ਦੇ ਜ਼ਬਰਦਸਤ ਵਿਰੋਧ ਦੇ ਨਾਲ-ਨਾਲ ਅੱਜ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੱਗੂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚੇ ਸਿੱਖਿਆ ਮੰਤਰੀ ਖ਼ਿਲਾਫ਼ ਅਚਾਨਕ ਦਰਜ਼ਨ ਭਰ ਬੇਰੁਜ਼ਗਾਰ ਅਧਿਆਪਕਾਂ ਨੇ ਚੰਡੀਗੜ੍ਹ-ਬਠਿੰਡਾ ਮੁੱਖ ਸੜਕ ਉੱਤੇ ਹੀ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿੱਚ ਤਾਇਨਾਤ ਪੁਲਸ ਦੀ ਨਫ਼ਰੀ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਤੁਰੰਤ ਹੀ ਦਬੋਚ ਲਿਆ ਅਤੇ ਪੁਲਿਸ ਥਾਣਾ ਭਵਾਨੀਗੜ੍ਹ ਵਿਖੇ ਡੱਕ ਦਿੱਤਾ। ਪੁਲਿਸ ਨੇ ਸੰਦੀਪ ਸਿੰਘ ਗਿੱਲ, ਕੁਲਵੰਤ ਸਿੰਘ ਲੌਂਗੋਵਾਲ, ਕਿਰਨ ਈਸੜਾ, ਗੁਰਜੰਟ ਸਿੰਘ ਬਠਿੰਡਾ, ਕੁਲਜੀਤ ਸਿੰਘ ਬਠਿੰਡ ਅਤੇ ਸੁਖਵੀਰ ਸਿੰਘ ਬਠਿੰਡਾ ਆਦਿ 8 ਬੇਰੁਜ਼ਗਾਰ ਅਧਿਆਪਕਾਂ ਨੂੰ ਫ਼ੜ ਕੇ ਪੁਲਿਸ ਥਾਣੇ ਭਵਾਨੀਗੜ੍ਹ ਦੇ ਵਿੱਚ ਡੱਕ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਅਧਿਆਪਕ ਫ਼ੜ ਕੇ ਥਾਣੇ ਡੱਕੇ ਹੋਏ ਸਨ। ਉੱਧਰ ਸੰਗਰੂਰ ਨੇੜਲੇ ਮੈਰੀਟੋਰੀਅਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ ਨੂੰ ਵੀ ਸਿੱਖਿਆ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਵੱਡੀ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਦੱਸਣਯੋਗ ਹੈ ਕਿ ਜਿੱਥੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਕਰੀਬ ਅੱਠ ਮਹੀਨੇ ਤੋਂ ਮੰਤਰੀ ਦੇ ਗੇਟ ਉੱਤੇ ਪੱਕਾ ਮੋਰਚੇ ਲਗਾ ਕੇ ਮੰਤਰੀ ਦਾ ਕੋਠੀ ਵਿੱਚ ਵੜਨਾ ਬੰਦ ਕੀਤਾ ਹੋਇਆ ਹੈ, ਉੱਥੇ ਸਿਵਲ ਹਸਪਤਾਲ ਸੰਗਰੂਰ ਦੀ ਟੈਂਕੀ ਉੱਤੇ ਚੜ੍ਹ ਕੇ ਬੈਠੇ ਫਾਜਲਿਕਾ ਦੇ ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੁਨੀਸ਼ ਕਾਰਨ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਕਾਂਗਰਸ ਦੀ ਖਾਸੀ ਕਿਰਕਰੀ ਹੋ ਰਹੀ ਹੈ। ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਗਗਨਦੀਪ ਕੌਰ ਅਤੇ ਅਮਨ ਸੇਖਾ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਤੱਕ ਰੋਸ਼ ਪ੍ਰਦਰਸ਼ਨ ਜਾਰੀ ਰਹਿਣਗੇ।