ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਇੱਕ ਪੰਜਾਬੀ ਮੂਲ ਦੇ ਪੁਲਿਸ ਅਫਸਰ ਦੀ , ਜੰਗਲੀ ਅੱਗ ਕੈਲਡੋਰ ਦੇ ਰਾਸਤੇ ‘ਤੇ ਜਾਂਦਿਆਂ ਵਾਪਰੇ ਜਬਰਦਸਤ ਸੜਕ ਹਾਦਸੇ ‘ਚ ਵੀਰਵਾਰ ਨੂੰ ਮੌਤ ਹੋ ਗਈ ਹੈ। ਪੁਲਿਸ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਕੈਲਡੋਰ ਫਾਇਰ ਵੱਲ ਜਾਂਦੇ ਹੋਏ ਸੈਕਰਾਮੈਂਟੋ ਕਾਉਂਟੀ ਵਿੱਚ ਹੋਏ ਸੜਕ ਹਾਦਸੇ ‘ਚ ਜ਼ਖਮੀ ਹੋਏ ਦੋ ਅਧਿਕਾਰੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਗਾਲਟ ਕਾਉੰਟੀ ਪੁਲਿਸ ਦੇ ਪੰਜਾਬੀ ਮੂਲ ਦੇ ਅਧਿਕਾਰੀ ਹਰਮਿੰਦਰ ਗਰੇਵਾਲ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਸ਼ੁੱਕਰਵਾਰ ਨੂੰ, ਗਰੇਵਾਲ ਦੇ ਸਨਮਾਨ ਲਈ ਪੁਲਿਸ ਦੀਆਂ ਗੱਡੀਆਂ ਅਤੇ ਮੋਟਰਸਾਈਕਲਾਂ ਦਾ ਕਾਫਲਾ ਵੀ ਸੈਕਰਾਮੈਂਟੋ ਖੇਤਰ ਵਿੱਚੋਂ ਸ਼ੁਰੂ ਹੋ ਕੇ ਲੋਦੀ ਵਿੱਚ ਸਮਾਪਤ ਹੋਇਆ, ਜਿੱਥੇ ਦਾ ਗਰੇਵਾਲ ਰਹਿਣ ਵਾਲਾ ਸੀ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਕੈਲੀਫੋਰਨੀਆ ਹਾਈਵੇ ਪੈਟਰੋਲ ਸਾਊਥ ਸੈਕਰਾਮੈਂਟੋ ਡਿਵੀਜ਼ਨ ਨੇ ਦੱਸਿਆ ਕਿ ਹਾਦਸੇ ਦੇ ਦਿਨ ਇੱਕ ਪਿਕਅਪ ਟਰੱਕ ਡਿਲਾਰਡ ਰੋਡ ਦੇ ਬਿਲਕੁਲ ਉੱਤਰ ਵਿੱਚ ਹਾਈਵੇ 99 ‘ਤੇ ਦੱਖਣ ਵੱਲ ਜਾ ਰਿਹਾ ਸੀ, ਜਿਸ ਦੌਰਾਨ ਇਹ ਸੈਂਟਰ ਮੀਡੀਅਨ ਕੰਕਰੀਟ ਬੈਰੀਅਰ ਨੂੰ ਤੋੜਦਾ ਹੋਇਆ ਉੱਤਰੀ ਬਾਉਂਡ ਲੇਨ ਵਿੱਚ ਜਾ ਕੇ ਪੁਲਿਸ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਪਿਕਅਪ ਚਾਲਕ ਦੀ ਵੀ ਮੌਤ ਹੋ ਗਈ ਅਤੇ ਗਾਲਟ ਪੁਲਿਸ ਦਾ ਇੱਕ ਹੋਰ ਅਧਿਕਾਰੀ ਕਪਰੀ ਹੇਰੇਰਾ ਹਸਪਤਾਲ ਵਿੱਚ ਭਰਤੀ ਹੈ। ਗਾਲਟ ਪੁਲਿਸ ਵਿਭਾਗ ਅਨੁਸਾਰ ਗਰੇਵਾਲ ਤਕਰੀਬਨ ਢਾਈ ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਸੀ ਅਤੇ ਬਹੁਤ ਜਿੰਮੇਵਾਰ ਅਧਿਕਾਰੀ ਸੀ। ਇਸ ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ ਨਾਲ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
