ਫਿਨਲੈਂਡ ਵਿੱਚ ਰਹਿੰਦੇ ਹੋਏ ਵੀ ਇਲਾਕੇ ਦੀ ਵੱਡੀ ਸੇਵਾ ਕਰ ਰਹੇ ਹਨ ਸ਼ਰਮਾ ਜੀ – ਲੂੰਬਾ
ਮੋਗਾ (ਪੰਜ ਦਰਿਆ ਬਿਊਰੋ) ਉਘੇ ਸਮਾਜ ਸੇਵੀ ਚਰਨਜੀਤ ਸ਼ਰਮਾ ਫਿਨਲੈਂਡ ਵੱਲੋਂ ਪਿੰਡ ਬੁੱਘੀਪੁਰਾ ਵਿੱਚ ਛੇ ਮਹੀਨੇ ਦਾ ਸਿਲਾਈ ਕੋਰਸ ਕਰਨ ਵਾਲੀਆਂ 14 ਲੋੜਵੰਦ ਲੜਕੀਆਂ ਨੂੰ ਅੱਜ ਮੁਫਤ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਸ ਸਾਦੇ ਸਮਾਗਮ ਵਿੱਚ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਆਪਣੇ ਹੱਥੀਂ ਇਨ੍ਹਾਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕੀਤੀਆਂ। ਇਸ ਮੌਕੇ ਉਨ੍ਹਾਂ ਆਪਡੇ ਸੰਬੋਧਨ ਦੌਰਾਨ ਕਿਹਾ ਕਿ ਚਰਨਜੀਤ ਸ਼ਰਮਾ ਜੀ ਦੀ ਪਿੰਡ ਅਤੇ ਇਲਾਕੇ ਨੂੰ ਵੱਡੀ ਦੇਣ ਹੈ, ਜੋ ਫਿਨਲੈਂਡ ਵਿੱਚ ਰਹਿੰਦੇ ਹੋਏ ਵੀ ਜਿੱਥੇ ਆਪਣੇ ਨਗਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਉਥੇ ਪਿੰਡ ਅਤੇ ਇਲਾਕੇ ਦੇ ਲੋੜਵੰਦ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਕਰ ਰਹੇ ਹਨ। ਕੋਵਿਡ ਦੌਰਾਨ ਉਨ੍ਹਾਂ ਵੱਲੋਂ ਬਹੁਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸਹਾਇਤਾ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਮਾਂ ਮਹਾਨ ਹੈ, ਜਿਸਨੇ ਚਰਨਜੀਤ ਸ਼ਰਮਾ ਜੀ ਵਰਗਾ ਲਾਇਕ ਅਤੇ ਲੋਕ ਸੇਵਾਦਾਰ ਬੇਟਾ ਸਮਾਜ ਦੀ ਝੋਲੀ ਪਾਇਆ ਹੈ ਜੋ ਹਰ ਲੋੜਵੰਦ ਦੀ ਮੱਦਦ ਲਈ ਤਤਪਰ ਰਹਿੰਦੇ ਹਨ, ਸਿਰਫ ਇੱਕ ਫੋਨ ਕਰਨ ਦੀ ਜਰੂਰਤ ਪੈਂਦੀ ਹੈ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਪ੍ਰਾਪਤ ਕੀਤਾ ਗਿਆਨ ਅੱਗੇ ਵੰਡਣ ਦਾ ਸੁਨੇਹਾ ਦਿੰਦਿਆਂ ਸਫਲਤਾਪੂਰਵਕ ਸਿਲਾਈ ਕੋਰਸ ਪੂਰਾ ਕਰਨ ਲਈ ਵਧਾਈ ਵੀ ਦਿੱਤੀ। ਇਸ ਮੌਕੇ ਸਰਜੰਟ ਕਲੱਬ ਬੁੱਘੀਪੁਰਾ ਦੇ ਪ੍ਰਧਾਨ ਸਜਵੰਤ ਸਿੰਘ ਬੱਬੂ ਨੇ ਦੱਸਿਆ ਕਿ ਸ਼ਰਮਾ ਜੀ ਵੱਲੋਂ ਪਿੰਡ ਦੇ ਸਕੂਲ ਅਤੇ ਹੋਰ ਸਾਂਝੀਆਂ ਥਾਵਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਤੇ ਨਰੇਗਾ ਵਰਕਰਾਂ ਨੂੰ ਹਰ ਸਾਲ ਦਿਵਾਲੀ ਮੌਕੇ ਨਕਦ ਸਹਾਇਤਾ ਭੇਜਦੇ ਹਨ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼ਰਮਾ ਜੀ ਸਾਡੇ ਪਿੰਡ ਦੇ ਅਨਮੋਲ ਹੀਰੇ ਹਨ ਜੋ ਹਰ ਲੋੜਵੰਦ ਦੇ ਕੰਮ ਆਉਣ ਦੀ ਕੋਸ਼ਿਸ਼ ਕਰਦੇ ਹਨ ਤੇ ਪਿੰਡ ਬੁੱਘੀਪੁਰਾ ਨਿਵਾਸੀਆਂ ਨੂੰ ਉਨ੍ਹਾਂ ਤੇ ਮਾਣ ਹੈ। ਇਸ ਮੌਕੇ ਪਿੰਡ ਦੇ ਪਤਵੰਤਿਆਂ ਵੱਲੋਂ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦਾ ਪਿੰਡ ਆਉਣ ਤੇ ਸਿਰੋਪਾਓ ਦੇ ਸਨਮਾਨ ਵੀ ਕੀਤਾ। ਇਸ ਮੌਕੇ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਜਗਰਾਓਂ ਦੇ ਪ੍ਰਧਾਨ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਰਾਜੂ, ਹਰਪਾਲ ਸਿੰਘ, ਦਲਜੀਤ ਸਿੰਘ, ਜਗਸੀਰ ਸਿੰਘ ਸੀਰਾ, ਸੁਖਵਿੰਦਰ ਕੌਰ, ਹਰਜਿੰਦਰ ਕੌਰ, ਹਰਬੰਸ ਸਿੰਘ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਅਤੇ ਸਿਖਿਆਰਥੀ ਹਾਜਰ ਸਨ।